For the best experience, open
https://m.punjabitribuneonline.com
on your mobile browser.
Advertisement

ਲੋਕ ਹੁਣ ‘ਪੰਥ ਤੇ ਦੇਸ਼ ਨੂੰ ਖ਼ਤਰੇ’ ਵਾਲੇ ਝਾਂਸੇ ਵਿੱਚ ਨਹੀਂ ਆਉਣਗੇ: ਖੁੱਡੀਆਂ

07:46 AM Apr 29, 2024 IST
ਲੋਕ ਹੁਣ ‘ਪੰਥ ਤੇ ਦੇਸ਼ ਨੂੰ ਖ਼ਤਰੇ’ ਵਾਲੇ ਝਾਂਸੇ ਵਿੱਚ ਨਹੀਂ ਆਉਣਗੇ  ਖੁੱਡੀਆਂ
ਬਠਿੰਡਾ ’ਚ ਲੋਕ ਮਿਲਣੀ ਦੌਰਾਨ ਸੰਬੋਧਨ ਕਰਦੇ ਹੋਏ ਗੁਰਮੀਤ ਸਿੰਘ ਖੁੱਡੀਆਂ।
Advertisement

ਸ਼ਗਨ ਕਟਾਰੀਆ
ਬਠਿੰਡਾ, 28 ਅਪਰੈਲ
‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ ਦਿੱਤੀ ਹੈ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਬਦਲ-ਬਦਲ ਕੇ ਸੱਤਾ ਦਾ ਸੁਖ ਭੋਗਣ ਵਾਲੀਆਂ ਰਵਾਇਤੀ ਪਾਰਟੀਆਂ, ਆਪਣੇ ਕਾਰਜਕਾਲ ਦੀ ਤੁਲਨਾ ‘ਆਪ’ ਦੀ ਪੰਜਾਬ ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ ਨਾਲ ਜਦੋਂ ਮਰਜ਼ੀ ਕਰ ਲੈਣ। ਉਨ੍ਹਾਂ ਕਿਹਾ ਕਿ ਉਹ ਵੇਲੇ ਵੀ ਗੁਜ਼ਰ ਗਏ ਜਦੋਂ ‘ਪੰਥ ਨੂੰ ਖ਼ਤਰਾ’ ਦਾ ‘ਦੇਸ਼ ਨੂੰ ਖ਼ਤਰੇ’ ਦਾ ਫ਼ਰੇਬ ਰਚ ਕੇ ਭੋਲ਼ੇ-ਭਾਲ਼ੇ ਵੋਟਰਾਂ ਨੂੰ ਵਰਗਲਾ ਲਿਆ ਜਾਂਦਾ ਸੀ। ਅੱਜ ਇਥੇ ਬਠਿੰਡਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਲੋਕ ਮਿਲਣੀਆਂ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਪੰਜਾਬ ਨੂੰ 70 ਸਾਲ ਨੋਚਣ ਵਾਲਿਆਂ ਨੇ ਬੜੇ ਨਿਰਦਈਪੁਣੇ ਨਾਲ ਪੰਜਾਬ ਦੀ ਦੋਵੇਂ ਹੱਥੀਂ ਲੁੱਟ ਕੇ, ਆਪਣੀਆਂ ਤਿਜੌਰੀਆਂ ਭਰੀਆਂ ਹਨ। ਉਨ੍ਹਾਂ ਕਿਹਾ ਕਿ ‘ਖ਼ਜ਼ਾਨਾ ਖਾਲੀ ਹੈ’ ਦੀ ਤੋਤਾ ਰਟਣ ਵਾਲਿਆਂ ਨੇ ਪੰਜਾਬ ’ਚ ਰੇਤਾ, ਬੱਜਰੀ, ਸ਼ਰਾਬ, ਟਰਾਂਸਪੋਰਟ ਜਿਹੇ ਅਨੇਕਾਂ ਮਾਫ਼ੀਏ ਖੜ੍ਹੇ ਕਰਕੇ ਸਰਕਾਰ ਦੇ ਕਮਾਈ ਵਾਲੇ ਅਸਾਸਿਆਂ ਨੂੰ ਅਬਦਾਲੀ ਵਾਂਗ ਲੁੱਟਿਆ। ਉਨ੍ਹਾਂ ਆਖਿਆ ਕਿ ਲੋਕ ਹਿਤਾਂ ਦੀ ਬਾਤ ਪਾਉਣ ਵਾਲਾ ਹਰ ਸ਼ਖ਼ਸ, ਮੋਦੀ ਹਕੂਮਤ ਦੀ ਅੱਖ ਵਿਚ ਰੋੜ ਵਾਂਗ ਚੁਭਦਾ ਹੈ, ਇਹੋ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਧੜਾਧੜ ਜੇਲ੍ਹੀਂ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦਾ ਭਰਮ ਪਾਲੀ ਬੈਠੀ ਮੋਦੀ ਸਰਕਾਰ ਦਾ ਵਹਿਮ ਵੀ ਛੇਤੀ ਹੀ ਚਕਨਾਚੂਰ ਹੋ ਜਾਵੇਗਾ।
ਸ੍ਰੀ ਖੁੱਡੀਆਂ ਨੇ ਅੱਜ ਲੋਕ ਮਿਲਣੀਆਂ ਤਹਿਤ ਸ਼ਹਿਰ ਨਿਵਾਸੀਆਂ ਨੂੰ ਸੰਬੋਧਨ ਹੁੰਦਿਆਂ, ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦੇਣ ਦੀ ਅਪੀਲ ਕੀਤੀ, ਤਾਂ ਜੋ ਦੇਸ਼ ਵਿੱਚੋਂ ਨਫ਼ਰਤ ਦੀ ਰਾਜਨੀਤੀ ਦਾ ਖਾਤਮਾ ਅਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਕੀਤੀ ਜਾ ਸਕੇ। ਇਸ ਮੌਕੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਦੇ ਚੇਅਰਮੈਨ ਅੰਮ੍ਰਿਤ ਅਗਵਰਾਲ, ਸੀਨੀਅਰ ਆਗੂ ਨੀਲ ਗਰਗ, ਅਨਿਲ ਠਾਕੁਰ ਆਦਿ ਵੀ ਮੌਜੂਦ ਸਨ।

Advertisement

ਭਾਜਪਾ ਆਗੂ ‘ਆਪ’ ਵਿੱਚ ਸ਼ਾਮਲ

ਮਾਨਸਾ/ਸਰਦੂਲਗੜ੍ਹ (ਪੱਤਰ ਪ੍ਰੇਰਕ): ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਇੱਕ-ਦੂਜੀ ਪਾਰਟੀ ਵਿੱਚ ਜਾਣ ਦਾ ਰੁਝਾਨ ਜਾਰੀ ਹੈ। ਅੱਜ ਗੁਰਮੀਤ ਸਿੰਘ ਖੁੱਡੀਆਂ ਦੀ ਮੌਜੂਦਗੀ ਵਿੱਚ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਅਗਵਾਈ ਹੇਠ ਹੋਰਨਾਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਕਈ ਆਗੂ ‘ਆਪ’ ਵਿੱਚ ਸ਼ਾਮਲ ਹੋਏ। ਅੱਜ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਸਰਦੂਲਗੜ੍ਹ ਤੋਂ ਵਪਾਰ ਮੰਡਲ ਦੇ ਪ੍ਰਧਾਨ ਪ੍ਰੇਮ ਕੁਮਾਰ ਗਰਗ, ਡਾ. ਸਾਗਰ ਗਰਗ, ਡਾ. ਜਗਦੀਸ਼ ਰਾਏ ਸਮੇਤ ਕਈ ਨਾਮੀ ਸ਼ਹਿਰ ਵਾਸੀ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇਨ੍ਹਾਂ ਸ਼ਾਮਲ ਹੋਏ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦੇਣ ਦਾ ਵਾਅਦਾ ਕੀਤਾ ਹੈ ਅਤੇ ਹਰ ਕੰਮ-ਕਾਜ ਵਿੱਚ ਮੂਹਰੇ ਰੱਖਣ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੋਮਣੀ ਅਕਾਲੀ ਦਲ ’ਚੋਂ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਗੁਰਸ਼ਰਨ ਸਿੰਘ ਸ਼ਰਨੀ ਸਮੇਤ ਦੋ ਦਰਜਨ ਆਗੂਆਂ ਨੇ ‘ਆਪ’ ਵਿੱਚ ਸਮੂਲੀਅਤ ਕੀਤੀ ਹੈ। ਇਸੇ ਮੌਕੇ ਅੱਜ ਪਿੰਡ ਮੋਫਰ ਤੋਂ ਬਲਜਿੰਦਰ ਸਿੰਘ ਸਾਬਕਾ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਮੇਜਰ ਸਿੰਘ, ਸਾਗਰ ਸਿੰਘ, ਜਸਵੀਰ ਸਿੰਘ, ਹਾਕਮ ਸਿੰਘ, ਅਮਰੀਕ ਸਿੰਘ ਰਣਜੀਤ ਸਿੰਘ, ਜਗਰਾਜ ਖਾਂ, ਵੀਰਪਾਲ ਖਾਂ, ਨੱਥਾ ਸਿੰਘ, ਸੁਰਿੰਦਰਪਾਲ ਸਿੰਘ, ਜਗਸੀਰ ਸਿੰਘ ਤੇ ਦਾਰਾ ਸਿੰਘ ਸਮੇਤ ਹੋਰ ਪਿੰਡ ਵਾਸੀ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

Advertisement
Author Image

Advertisement
Advertisement
×