ਧੀਆਂ ਨੂੰ ਅਰਬ ਮੁਲਕਾਂ ’ਚ ਨਾ ਭੇਜਣ ਲੋਕ: ਸੀਚੇਵਾਲ
ਪੱਤਰ ਪ੍ਰੇਰਕ
ਜਲੰਧਰ, 23 ਸਤੰਬਰ
ਰੋਜ਼ੀ ਰੋਟੀ ਕਮਾਉਣ ਦੇ ਇਰਾਦੇ ਨਾਲ ਮਸਕਟ ਗਈਆਂ ਲੜਕੀਆਂ ਨੂੰ ਟਰੈਵਲ ਏਜੰਟਾਂ ਨੇ ਉੱਥੇ ਮੋਟੀਆਂ ਤਨਖ਼ਾਹਾਂ ਦੇਣ ਦਾ ਝਾਂਸਾ ਦੇ ਕੇ ਫਸਾ ਦਿੱਤਾ ਸੀ। ਪਿਛਲੇ ਕਈ ਮਹੀਨਿਆਂ ਤੋਂ ਕੁੱਟਮਾਰ ਤੇ ਹੋਰ ਦੁੱਖ ਤਕਲੀਫਾਂ ਝੱਲਦੀਆਂ ਇਨ੍ਹਾਂ ਕੁੜੀਆਂ ਨੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਸੀ। ਅੱਜ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਪੁੱਜੀਆਂ ਪੰਜ ਪੀੜਤ ਲੜਕੀਆਂ ਤੇ ਸੰਤ ਸੀਚੇਵਾਲ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੁੜੀਆਂ ਨੂੰ ਅਰਬ ਦੇਸ਼ਾਂ ਵਿੱਚ ਭੇਜਣ ਤੋਂ ਗੁਰੇਜ਼ ਕੀਤਾ ਜਾਵੇ।
ਜਲੰਧਰ ਜ਼ਿਲ੍ਹੇ ਨਾਲ ਸਬੰਧਤ ਵਾਪਸ ਆਈ ਲੜਕੀ ਨੇ ਦੱਸਿਆ ਕਿ ਉਹ ਅੱਠ ਮਹੀਨਿਆਂ ਤੋਂ ਓਮਾਨ ਵਿੱਚ ਸੀ ਜਿੱਥੇ ਉਸ ਕੋਲੋਂ ਘਰ ਦਾ ਕੰਮ ਕਰਵਾਇਆ ਜਾ ਰਿਹਾ ਸੀ। ਉਹ ਜਦੋਂ ਬਿਮਾਰ ਹੋ ਗਈ ਤਾਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਗਿਆ ਤੇ ਉਸ ਦਾ ਉੱਥੇ ਕੋਈ ਵੀ ਇਲਾਜ ਵੀ ਨਹੀਂ ਸੀ ਕਰਵਾਇਆ ਗਿਆ।
ਫਿਰੋਜ਼ਪੁਰ ਤੋਂ ਆਈ ਲੜਕੀ ਨੇ ਦੱਸਿਆ ਕਿ ਉਸ ਨਾਲ ਟਰੈਵਲ ਏਜੰਟ ਨੇ ਦੁਬਈ ਵਿੱਚ ਕੰਮ ਲਈ 35 ਤੋਂ 40 ਹਜ਼ਾਰ ਰੁਪਏ ਮਹੀਨੇ ਦੀ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ।
ਇਸੇ ਤਰ੍ਹਾਂ ਜਲੰਧਰ ਤੋਂ ਇੱਕ ਹੋਰ ਆਈ ਲੜਕੀ ਨੇ ਦੱਸਿਆ ਕਿ ਉਸ ਵੱਲੋਂ 1,60,000 ਰੁਪਏ ਦੇਣ ਦੇ ਬਾਵਜੂਦ ਏਜੰਟ ਨੇ ਉਸ ਨੂੰ ਵਾਪਸ ਨਹੀਂ ਭੇਜਿਆ।
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੌਕਸ ਹੋਣ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਉਦੋਂ ਤੱਕ ਬੰਦ ਨਹੀਂ ਹੋਵੇਗਾ ਜਦੋਂ ਤੱਕ ਲੋਕ ਜਾਗਰੂਕ ਨਹੀਂ ਹੋਣਗੇ।