ਪਰਵਾਸ ਦੀ ਜ਼ਿੰਦਗੀ ਤੋਂ ਅੱਕ ਰਹੇ ਲੋਕ
ਪ੍ਰਿੰਸੀਪਲ ਵਿਜੈ ਕੁਮਾਰ
ਇਹ ਗੱਲ ਕਹਿਣ ਤੇ ਸੁਣਨ ਨੂੰ ਕਾਫ਼ੀ ਚੰਗੀ ਲੱਗਦੀ ਹੈ ਕਿ ਅਸੀਂ ਕੈਨੇਡਾ ਦੇ ਪੱਕੇ ਨਾਗਰਿਕ ਹੋ ਗਏ ਹਾਂ। ਅਸੀਂ ਕੈਨੇਡਾ ਵਿੱਚ ਤਿੰਨ ਘਰ ਖ਼ਰੀਦ ਲਏ ਹਨ। ਸਾਡਾ ਇੱਕ ਮੁੰਡਾ ਅਮਰੀਕਾ ਦਾ ਗਰੀਨ ਕਾਰਡ ਹੋਲਡਰ ਹੈ, ਦੂਜਾ ਆਸਟਰੇਲੀਆ ਵਿੱਚ ਹੈ ਅਤੇ ਕੁੜੀ ਨਿਊਜ਼ੀਲੈਂਡ ਵਿੱਚ ਹੈ, ਪਰ ਜ਼ਮੀਨੀ ਹਕੀਕਤ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਪਾਰਕਾਂ ਵਿੱਚ ਬੈਠੇ ਲੋਕ ਇੱਕ ਦੂਜੇ ਨਾਲ ਆਪਣੇ ਦੁੱਖ ਸਾਂਝੇ ਕਰਦੇ ਹੋਏ ਇਹ ਕਹਿੰਦੇ ਸੁਣੇ ਜਾਂਦੇ ਹਨ ਕੀ ਕਰੀਏ, ਇੱਥੇ ਆ ਕੇ ਤਾਂ ਫਸ ਗਏ ਹਾਂ। ਪਿਛਲੇ ਦੋ ਸਾਲ ਤੋਂ ਸਾਡਾ ਬੰਦ ਪਿਆ ਘਰ ਖ਼ਰਾਬ ਹੋ ਰਿਹਾ ਹੈ। ਗੁਆਂਢੀਆਂ ਨੂੰ ਚਾਬੀ ਫੜਾ ਕੇ ਆਏ ਹੋਏ ਹਾਂ। ਜਿਸ ਨੂੰ ਜ਼ਮੀਨ ਚਗੋਤੇ ਉੱਤੇ ਦਿੱਤੀ ਹੋਈ ਸੀ, ਉਸ ਨੇ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ। ਉਸ ਨਾਲ ਪੰਜ ਸਾਲ ਤੋਂ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।
ਕਿਸੇ ਦੀ ਸ਼ਿਕਾਇਤ ਇਹ ਹੁੰਦੀ ਹੈ ਕਿ ਸਾਰਾ ਕੁਝ ਵੇਚ ਕੇ ਪੁੱਤਰਾਂ ਕੋਲ ਆ ਤਾਂ ਗਏ ਹਾਂ, ਪਰ ਹੁਣ ਉਹ ਸਾਨੂੰ ਝੱਲਣ ਲਈ ਤਿਆਰ ਨਹੀਂ। ਕਿਰਾਏ ਦੀ ਬੇਸਮੈਂਟ ਵਿੱਚ ਰਹਿੰਦੇ ਹਾਂ। ਕੋਈ ਇਹ ਕਹਿੰਦਾ ਸੁਣਿਆ ਜਾਂਦਾ ਹੈ ਕਿ ਮੁੰਡਾ ਅਤੇ ਨੂੰਹ ਸਾਰਾ ਦਿਨ ਨਿਆਣੇ ਸਾਡੇ ਕੋਲ ਛੱਡ ਕੇ ਡਿਊਟੀ ’ਤੇ ਚਲੇ ਜਾਂਦੇ ਹਨ, ਨਿਆਣੇ ਸਾਰਾ ਦਿਨ ਸਾਂਭਣੇ ਔਖੇ ਹੋ ਜਾਂਦੇ ਹਨ। ਡਿਊਟੀ ਤੋਂ ਆ ਕੇ ਪੁੱਤਰ ਅਤੇ ਨੂੰਹ ਥੱਕੇ ਹੋਣ ਕਾਰਨ ਆਪਣੇ ਕਮਰੇ ਵਿੱਚ ਵੜ ਜਾਂਦੇ ਹਨ, ਉਨ੍ਹਾਂ ਕੋਲ ਸਾਡੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ। ਜਿਨ੍ਹਾਂ ਪੁੱਤਰਾਂ ਤੇ ਧੀਆਂ ਦੇ ਬਜ਼ੁਰਗ ਉਨ੍ਹਾਂ ਕੋਲ ਉਨ੍ਹਾਂ ਦੇ ਬੱਚਿਆਂ ਨੂੰ ਸੰਭਾਲਣ ਨਾ ਆਉਣ ਤਾਂ ਉਨ੍ਹਾਂ ਦੀ ਹਾਲਤ ਵੇਖਣ ਵਾਲੀ ਹੁੰਦੀ ਹੈ। ਬੱਚੇ ਪਾਲਣ ਲਈ ਕਦੇ ਮੁੰਡੇ ਨੂੰ ਆਪਣੇ ਮਾਪਿਆਂ ਨੂੰ ਬੁਲਾਉਣਾ ਪੈਂਦਾ ਹੈ ਤੇ ਕਦੇ ਉਸ ਦੀ ਪਤਨੀ ਨੂੰ ਆਪਣੇ ਮਾਪਿਆਂ ਨੂੰ ਬੁਲਾਉਣਾ ਪੈਂਦਾ ਹੈ। ਜਦੋਂ ਬਜ਼ੁਰਗ ਉਨ੍ਹਾਂ ਦੇ ਬੱਚੇ ਪਾਲਣ ਆ ਜਾਂਦੇ ਹਨ ਤਾਂ ਪਰਿਵਾਰ ਵਿੱਚ ਅੱਡ ਤਰ੍ਹਾਂ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਪੁੱਤਾਂ ਤੇ ਨੂੰਹਾਂ ਅਤੇ ਬਜ਼ੁਰਗਾਂ ਵਿੱਚ ਕਈ ਗੱਲਾਂ ਨੂੰ ਲੈ ਕੇ ਟਕਰਾਅ ਹੋ ਜਾਂਦਾ ਹੈ। ਪਰਿਵਾਰ ਵਿੱਚ ਅਸ਼ਾਂਤੀ ਦਾ ਮਾਹੌਲ ਬਣ ਜਾਂਦਾ ਹੈ। ਦੋਵੇਂ ਧਿਰਾਂ ਵਿੱਚ ਸੰਵਾਦ ਬੰਦ ਹੋਣ ਦੀ ਨੌਬਤ ਵੀ ਆ ਜਾਂਦੀ ਹੈ।
ਆਪਣਿਆਂ ਦੇ ਦੁਖ ਸੁਖ ਵਿੱਚ ਸ਼ਰੀਕ ਨਾ ਹੋ ਸਕਣ ਦੀ ਬੇਵਸੀ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੀ ਜ਼ਿੰਦਗੀ ਆਪਣੇ ਆਪ ਨਾਲ ਸਮਝੌਤੇ ਕਰਦਿਆਂ ਹੀ ਲੰਘ ਜਾਂਦੀ ਹੈ। ਬਜ਼ੁਰਗ ਅਤੇ ਉਨ੍ਹਾਂ ਦੇ ਬੱਚੇ ਇੱਕ ਦੂਜੇ ਤੋਂ ਲੱਖਾਂ ਮੀਲ ਦੂਰ ਬੈਠੇ ਇੱਕ ਦੂਜੇ ਨੂੰ ਮਿਲਣ ਲਈ ਤਰਸਦੇ ਰਹਿੰਦੇ ਹਨ। ਪਰਵਾਸ ਦੇ ਸੱਭਿਆਚਾਰ ਕਾਰਨ ਮੁੰਡੇ-ਕੁੜੀਆਂ ਦੇ ਰਿਸ਼ਤੇ ਨਾ ਹੋਣਾ ਦੋਹਾਂ ਧਿਰਾਂ ਲਈ ਬਹੁਤ ਵੱਡੀ ਚੁਣੌਤੀ ਬਣ ਕੇ ਰਹਿ ਗਈ ਹੈ ਕਿਉਂਕਿ ਦੋਹਾਂ ਦੇ ਮਨਾਂ ਵਿੱਚ ਅਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਜਾ ਰਹੀ ਹੈ। ਪਤਾ ਨਹੀਂ ਦੋਹਾਂ ਵਿੱਚੋਂ ਕਦੋਂ ਕਿਸ ਨੇ ਧੋਖਾ ਦੇ ਜਾਣਾ ਹੈ। ਆਪਣੇ ਹੀ ਰਿਸ਼ਤੇਦਾਰ ਇਹ ਸੋਚ ਕੇ ਕਿ ਪਤਾ ਨਹੀਂ ਮੁੰਡੇ ਤੇ ਕੁੜੀ ਨੇ ਪਹਿਲਾਂ ਹੀ ਕੋਈ ਸਬੰਧ ਨਾ ਬਣਾਏ ਹੋਣ, ਮੁੰਡਾ ਕੁੜੀ ਦਾ ਰਿਸ਼ਤਾ ਕਰਵਾਉਣ ਲਈ ਤਿਆਰ ਨਹੀਂ ਹੁੰਦੇ। ਆਪਣੇ ਦੇਸ਼ ਦੇ ਰੁਪਿਆਂ ਨੂੰ ਡਾਲਰਾਂ ਨਾਲ ਗੁਣਾਂ ਕਰਕੇ ਨੌਜਵਾਨ ਮੁੰਡੇ ਅਤੇ ਕੁੜੀਆਂ ਚਾਅ ਚਾਅ ਵਿੱਚ ਆ ਤਾਂ ਜਾਂਦੇ ਹਨ, ਪਰ ਜਦੋਂ ਆਪਣਿਆਂ ਤੋਂ ਦੂਰ ਰਹਿੰਦਿਆਂ ਬੀਮੇ, ਘਰਾਂ, ਗੱਡੀਆਂ ਅਤੇ ਹੋਰ ਸਾਮਾਨ ਦੀਆਂ ਕਿਸ਼ਤਾਂ ਉਤਾਰਦਿਆਂ ਉਨ੍ਹਾਂ ਦੀ ਜ਼ਿੰਦਗੀ ਕੋਹਲੂ ਦੇ ਬੈਲ ਵਾਂਗ ਬਣ ਜਾਂਦੀ ਹੈ ਤਾਂ ਮਨ ਵਿੱਚ ਇਹੋ ਚੀਸ ਉੱਠਦੀ ਹੈ ਕਿ ਕਿੱਥੇ ਆ ਕੇ ਫਸ ਗਏ ਹਾਂ। ਇਸ ਨਾਲੋਂ ਤਾਂ ਉੱਥੇ ਹੀ ਚੰਗੇ ਸੀ, ਘੱਟੋ ਘੱਟ ਕੋਈ ਦੁਖ ਸੁਖ ਸੁਣਨ ਵਾਲਾ ਤਾਂ ਸੀ ਉੱਥੇ। ਇੱਥੇ ਤਾਂ ਕੋਈ ਬੁਲਾਉਂਦਾ ਵੀ ਨਹੀਂ। ਪਾਰਕਾਂ, ਪਲਾਜਿਆਂ, ਸੈਰਗਾਹਾਂ ਤੇ ਜਨਤਕ ਥਾਵਾਂ ’ਤੇ ਘੁੰਮਦੇ ਲੋਕਾਂ ਦੇ ਉਦਾਸ ਅਤੇ ਉਤਰੇ ਹੋਏ ਚਿਹਰੇ ਉਨ੍ਹਾਂ ਦੇ ਮਨਾਂ ਦੀ ਦਾਸਤਾਂ ਬਿਆਨ ਕਰ ਰਹੇ ਹੁੰਦੇ ਹਨ, ਪਰ ਇੱਕ ਦੂਜੇ ਨੂੰ ਵੇਖੋ ਵੇਖੀ ਜੀਅ ਰਹੇ ਹੁੰਦੇ ਹਨ। ਪਾਰਕਾਂ ਵਿੱਚ ਅਤੇ ਹੋਰ ਥਾਵਾਂ ’ਤੇ ਬੈਠੇ ਬਜ਼ੁਰਗ ਪਤੀ-ਪਤਨੀ ਅਤੇ ਨੌਜਵਾਨ ਪਤੀ-ਪਤਨੀ ਉਸ ਥਾਂ ਦਾ ਆਨੰਦ ਘੱਟ ਮਾਣ ਰਹੇ ਹੁੰਦੇ ਹਨ, ਆਪਣੀਆਂ ਸਮੱਸਿਆਵਾਂ ਦੀ ਚਰਚਾ ਵੱਧ ਕਰ ਰਹੇ ਹੁੰਦੇ ਹਨ। ਪਾਰਕਾਂ ਵਿੱਚ ਬੱਚਿਆਂ ਨੂੰ ਖਿਡਾਉਣ ਆਏ ਬਜ਼ੁਰਗਾਂ ਅਤੇ ਪਤੀ-ਪਤਨੀਆਂ ਦੇ ਕੰਨਾਂ ਤੋਂ ਫੋਨ ਨਹੀਂ ਉਤਰਦਾ ਕਿਉਂਕਿ ਉਹ ਆਪਣੇ ਰਿਸ਼ਤੇਦਾਰਾਂ ਕੋਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਰਹੇ ਹੁੰਦੇ ਹਨ।
ਕੈਨੇਡਾ ਵਿੱਚ ਵਸਦੇ ਇੱਕ ਅਧਿਆਪਕ ਵੱਲੋਂ ਆਪਣੇ ਮਰੇ ਹੋਏ ਬਾਪ ਦੇ ਦਾਹ ਸੰਸਕਾਰ ’ਤੇ ਉਸ ਨੂੰ ਆਪਣੇ ਮੋਬਾਈਲ ’ਤੇ ਦਿੱਤੀ ਜਾ ਰਹੀ ਸ਼ਰਧਾਂਜਲੀ ਦੀ ਸ਼ੋੋਸਲ ਮੀਡੀਆ ਤੇ ਵਾਇਰਲ ਹੋ ਰਹੀ ਵੀਡਿਓ ਨੇ ਪਰਵਾਸ ਦੀ ਜ਼ਿੰਦਗੀ ਦੀ ਪੋਲ ਚੰਗੀ ਖੋਲ੍ਹ ਕੇ ਰੱਖ ਦਿੱਤੀ ਸੀ। ਪੱਛਮੀ ਦੇਸ਼ਾਂ ਵਿੱਚ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ, ਬੇਸਮੈਂਟਾਂ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਨਾ ਇੱਥੇ ਰਹਿਣ ਜੋਗੇ ਤੇ ਨਾ ਹੀ ਮੁੜ ਵਾਪਸ ਜਾਣ ਜੋਗੇ ਹਨ। ਇਹ ਹਾਲਤ ਮੁੰਡਿਆਂ-ਕੁੜੀਆਂ ਦੀ ਪਰਵਾਸ ਦੀ ਜ਼ਿੰਦਗੀ ਦੀ ਤਰਾਸਦੀ ਨੂੰ ਬਹੁਤ ਚੰਗੀ ਤਰ੍ਹਾਂ ਬਿਆਨ ਕਰਦੀ ਹੈ। ਕੈਨੇਡਾ ਸਰਕਾਰ ਵੱਲੋਂ ਨਿੱਤ ਨਵੇਂ ਲਗਾਏ ਜਾ ਰਹੇ ਟੈਕਸਾਂ, ਤੇਜ਼ੀ ਨਾਲ ਵਧ ਰਹੀ ਮਹਿੰਗਾਈ, ਨੌਕਰੀ ਤੋਂ ਕੱਢੇ ਜਾਣ ਦਾ ਡਰ, ਜੁਰਮਾਂ, ਫਿਰੌਤੀਆਂ, ਚੋਰੀਆਂ, ਅਤਿਵਾਦ ਦੀਆਂ ਵਧ ਰਹੀਆਂ ਵਾਰਦਾਤਾਂ, ਖਾਮੀਆਂ ਭਰਪੂਰ ਕਾਨੂੰਨਾਂ ਅਤੇ ਮਾਲਕ ਮਕਾਨਾਂ ਅਤੇ ਕਿਰਾਏਦਾਰਾਂ ਦੇ ਵਧ ਰਹੇ ਝਗੜਿਆਂ ਨੇ ਪਰਵਾਸੀ ਲੋਕਾਂ ਦੇ ਮਨਾਂ ਵਿੱਚ ਇਸ ਪਰਵਾਸ ਦੀ ਜ਼ਿੰਦਗੀ ਪ੍ਰਤੀ ਅਕੇਵਾਂ ਪੈਦਾ ਕਰ ਦਿੱਤਾ ਹੈ।
ਪੱਛਮੀ ਦੇਸ਼ਾਂ ਵਿੱਚ ਪੜ੍ਹਨ ਆਏ ਬੱਚਿਆਂ ਦਾ ਨਸ਼ਿਆਂ ਵਿੱਚ ਗਲਤਾਨ ਹੋਣਾ, ਉਨ੍ਹਾਂ ਵੱਲੋਂ ਖੁਦਕੁਸ਼ੀਆਂ ਕਰਨਾ ਪਰਵਾਸ ਦੀ ਜ਼ਿੰਦਗੀ ਪ੍ਰਤੀ ਕਈ ਖਦਸ਼ੇ ਪੈਦਾ ਕਰ ਰਿਹਾ ਹੈ। ਸਿਹਤ ਸੇਵਾਵਾਂ ਦਾ ਮੰਦਾ ਹਾਲ, ਖਾਮੀਆਂ ਭਰਪੂਰ ਸਿੱਖਿਆ ਪ੍ਰਣਾਲੀ, ਪੱਛਮੀ ਸੱਭਿਆਚਾਰ ਵਿੱਚ ਫਸ ਕੇ ਬਾਗੀ ਹੁੰਦੇ ਜਾ ਰਹੇ ਬੱਚੇ, ਕਮਜ਼ੋਰ ਕਾਨੂੰਨ, ਨਸ਼ਿਆਂ ਦਾ ਵਧ ਰਿਹਾ ਰੁਝਾਨ ਪਰਵਾਸ ਦੀ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਰਿਹਾ ਹੈ। ਕੈਨੇਡਾ ਵਿੱਚ ਪਿਛਲੇ 40 ਸਾਲ ਤੋਂ ਪੱਕੇ ਤੌਰ ’ਤੇ ਰਹਿ ਰਹੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਜਾਣਕਾਰ ਪਰਿਵਾਰ ਦੇ ਬਜ਼ੁਰਗਾਂ ਨੇ ਇਸ ਪਰਵਾਸ ਦੀ ਜ਼ਿੰਦਗੀ ਤੋਂ ਅੱਕ ਕੇ ਆਪਣੇ ਪੁੱਤਰਾਂ ਤੇ ਧੀਆਂ ਨੂੰ ਕਿਹਾ ਕਿ ਤੁਸੀਂ ਇੱਥੇ ਰਹਿਣਾ ਹੈ ਤਾਂ ਰਹੋ, ਅਸੀਂ ਤਾਂ ਆਪਣਾ ਬੁਢਾਪਾ ਆਪਣੇ ਮੁਲਕ ਵਿੱਚ ਹੀ ਗੁਜ਼ਾਰਾਂਗੇ। ਅਮਰੀਕਾ ਵਿੱਚ ਵਸਦੇ ਮੇਰੇ ਇੱਕ ਜਾਣਕਾਰ ਦੋਸਤ ਦਾ ਕਹਿਣਾ ਹੈ ਕਿ ਇਹ ਵੱਡੇ ਘਰ, ਸ਼ਾਨਦਾਰ ਗੱਡੀਆਂ ਅਤੇ ਡਾਲਰਾਂ ਦੀ ਕਮਾਈ ਕਿਸ ਕੰਮ ਦੀ ਜੇਕਰ ਬੰਦਾ ਆਪਣਿਆਂ ਦੇ ਰਿਸ਼ਤਿਆਂ ਦੇ ਨਿੱਘ ਨੂੰ ਮਾਣਨ ਲਈ ਸਾਰੀ ਉਮਰ ਤਰਸਦਾ ਰਹੇ। ਪਰਵਾਸ ਦੀ ਇਹ ਜ਼ਿੰਦਗੀ ਮ੍ਰਿਗ ਤ੍ਰਿਸ਼ਨਾ ਤੋਂ ਵਧ ਕੇ ਕੁਝ ਵੀ ਨਹੀਂ ਹੈ।
ਈਮੇਲ: vijaykumarbehki@gmail.com