ਨਗਰ ਕੌਂਸਲ ਦੀ ਮੋਟਰ ਖ਼ਰਾਬ ਹੋਣ ਕਾਰਨ ਲੋਕ ਛੇ ਦਿਨ ਤੋਂ ਤਿਹਾਏ
ਐੱਨਪੀ ਧਵਨ
ਪਠਾਨਕੋਟ, 1 ਸਤੰਬਰ
ਆਬਾਦੀ ਕੈਲਾਸ਼ਪੁਰ ਵਿੱਚ ਨਗਰ ਕੌਂਸਲ ਦੀ ਵਾਟਰ ਸਪਲਾਈ ਛੇ ਦਿਨਾਂ ਤੋਂ ਠੱਪ ਹੈ ਜਿਸ ਕਾਰਨ ਪਿੰਡ ਸੌਲੀ ਭੋਲੀ ਤੇ ਕੈਲਾਸ਼ਪੁਰ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਕੌਂਸਲਰ ਮਨੀਸ਼ਾ ਪਠਾਨੀਆ, ਰਜਿੰਦਰ ਸਿੰਘ, ਕਾਲਾ ਸਲਾਰੀਆ, ਮਨਜੀਤ ਪਠਾਨੀਆ, ਭਾਜਪਾ ਆਗੂ ਸੁਨੀਲ ਸਿੰਘ ਹੈਪੀ, ਕਮਲੇਸ਼ ਦੇਵੀ, ਤਰਸੇਮ ਦੇਵੀ, ਨਰੇਸ਼ ਸਿੰਘ, ਰਜਨੀ ਦੇਵੀ ਨੇ ਦੱਸਿਆ ਕਿ ਪਿਛਲੇ 6 ਦਿਨਾਂ ਤੋਂ ਇਸ ਖੇਤਰ ਦੀ ਜਲ ਸਪਲਾਈ ਸਕੀਮ ਵਿੱਚੋਂ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਦੇ ਕੰਮ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰ ਦੇ ਜ਼ਰੂਰੀ ਕੰਮਾਂ ਲਈ ਲੋਕਾਂ ਨੂੰ ਬਾਹਰੋਂ ਪਾਣੀ ਲਿਆਉਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ 10 ਸਾਲ ਪਹਿਲਾਂ ਇੱਥੇ ਜਲ ਸਪਲਾਈ ਸਕੀਮ ਬਣਾਈ ਗਈ ਸੀ ਪਰ ਉਸ ਵੇਲੇ ਤੋਂ ਲੋਕਾਂ ਨੂੰ ਇਸ ਸਕੀਮ ਦਾ ਪੂਰਾ ਲਾਭ ਨਹੀਂ ਮਿਲਿਆ ਕਿਉਂਕਿ ਬਣਾਈ ਗਈ ਪਾਣੀ ਵਾਲੀ ਟੈਂਕੀ ਵਿੱਚ ਪਾਣੀ ਦਾ ਭੰਡਾਰ ਨਹੀਂ ਸੀ। ਪਾਣੀ ਦਾ ਦਬਾਅ ਬਹੁਤ ਘੱਟ ਹੈ। ਉਨ੍ਹਾਂ ਨਗਰ ਕੌਂਸਲ ਦੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜਿੱਥੇ ਪਾਣੀ ਦੀ ਟੈਂਕੀ ਬਣਾਈ ਗਈ ਹੈ, ਉਸ ਵਿੱਚ ਪਾਣੀ ਸਟੋਰ ਕਰਕੇ ਸਪਲਾਈ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪੂਰਾ ਪਾਣੀ ਮਿਲ ਸਕੇ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਲਜੀਤ ਸਿੰਘ ਨੇ ਕਿਹਾ ਕਿ ਮੋਟਰ ’ਚ ਤਕਨੀਕੀ ਨੁਕਸ ਪੈਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਜਲਦੀ ਹੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਜਲ ਸਪਲਾਈ ਲਈ ਕੌਂਸਲ ਨੇ ਦੋ ਟੈਂਕਰ ਲਗਾਏ ਹਨ।