ਮਨੀਪੁਰ ਘਟਨਾ ਖ਼ਿਲਾਫ਼ ਲੋਕ ਰੋਹ ਭਖਿਆ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਜੁਲਾਈ
ਮਨੀਪੁਰ ਵਿੱਚ ਔਰਤਾਂ ’ਤੇ ਕੀਤੇ ਤਸ਼ੱਦਦ ਦੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਨਿਖੇਧੀ ਕੀਤੀ ਹੈ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਹੈ ਕਿ ਮੋਦੀ ਹਕੂਮਤ ਦੀ ਸਰਪ੍ਰਸਤੀ ਹੇਠ ਹੋ ਰਹੀਆਂ ਅਜਿਹੀਆਂ ਘਟਨਾਵਾਂ ਵਿਰੁੱਧ ਸਮੂਹ ਸੰਸਥਾਵਾਂ, ਮਨੁੱਖੀ ਕਦਰਾਂ ਕੀਮਤਾਂ ਦੇ ਪਹਿਰੇਦਾਰ ਇਨਸਾਫ਼ਪਸੰਦਾਂ ਨੂੰ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੰਬੇ ਅਰਸੇ ਤੋਂ ਮਨੀਪੁਰ ਸੜ ਰਿਹਾ ਹੈ। ਆਗੂਆਂ ਨੇ ਕਿਹਾ ਗਿਆ ਹੈ ਕਿ ਸੌੜੇ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਸਮਾਜ ਅੰਦਰ ਵੰਡੀਆਂ ਪਾਉਣ, ਨਫ਼ਰਤ ਭਰੀ ਜ਼ਹਿਰ ਦਾ ਛੱਟਾ ਦੇਣ ਦੇ ਭਾਜਪਾ ਹਕੂਮਤ ਦੇ ਭੈੜੇ ਮਨਸੂਬੇ ਜੱਗ ਜ਼ਾਹਰ ਹਨ।
ਜਲੰਧਰ (ਪੱਤਰ ਪ੍ਰੇਰਕ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਨਿਵਾਦੀ) ਨਿਊ ਡੈਮੋਕਰੇਸੀ ਦੀ ਸੂਬਾ ਕਮੇਟੀ ਮੈਂਬਰ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਮਨੀਪੁਰ ਘਟਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਵਿੱਚ ਹਾਕਮ ਪਾਰਟੀ ਵੱਲੋਂ ਫੈਲਾਈ ਜਾ ਰਹੀ ਹਿੰਸਾ ਨੂੰ ਕੰਟਰੋਲ ਨਾ ਕਰਨਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਧਾਰੀ ਲੰਬੀ ਚੁੱਪ ਇਹੋ ਜਿਹੀਆਂ ਘਟਨਾਵਾਂ ਲਈ ਆਧਾਰ ਪੈਦਾ ਕਰਦੀ ਹੈ।
ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿੱਚ ਮਨੀਪੁਰ ਵਿੱਚ ਵਾਪਰੀ ਘਟਨਾ ਖ਼ਿਲਾਫ਼ ਰੋਸ ਰੈਲੀ ਕੱਢੀ ਗਈ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਨੇ ਕਿਹਾ ਕਿ ਭਾਰਤੀ ਸਮਾਜ ਵਿਚ ਸਰਕਾਰਾਂ ਵੱਲੋਂ ਔਰਤਾਂ ਦੀ ਸੁਰੱਖਿਆ ਸਬੰਧੀਆਂ ਨੀਤੀਆਂ ਕਮਜ਼ੋਰ ਹਨ। ਇਸ ਰੈਲੀ ਵਿੱਚ ਸਟਾਫ ਤੇ ਵਿਦਿਆਰਥਣਾਂ ਨੇ ਨਾਅਰੇ ਵੀ ਲਗਾਏ।
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਬਟਾਲਾ ਵਿੱਚ ਮਨੀਪੁਰ ਵਿੱਚ ਹੋ ਰਹੇ ਦੰਗੇ ਅਤੇ ਮਨੁੱਖਤ ਦੇ ਘਾਣ ਵਿਰੁੱਧ ਚੇਤਨਾ ਤੇ ਰੋਸ ਮਾਰਚ ਕੱਢਿਆ ਗਿਆ।
ਫਗਵਾੜਾ (ਪੱਤਰ ਪ੍ਰੇਰਕ): ਮਨੀਪੁਰ ’ਚ ਭੀੜ ਵੱਲੋਂ ਕੀਤੇ ਗਏ ਅਪਰਾਧ ਦੀ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਨਿਖੇਧੀ ਕੀਤੀ ਹੈ। ਸੁਸਾਇਟੀ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਤੇ ਜ਼ੋਨ ਜਲੰਧਰ ਦੇ ਆਗੂ ਸੁਰਜੀਤ ਟਿੱਬਾ, ਵਿਜੇ ਰਾਹੀ, ਬਲਵਿੰਦਰ ਪਰੀਤ, ਸੁਰਿੰਦਰਪਾਲ ਪਾਲ ਪੱਦੀ ਜਗੀਰ, ਮਾਸਟਰ ਸੁਖਦੇਵ ਫਗਵਾੜਾ ਨੇ ਕਿਹਾ ਕਿ ਹਾਕਮ ਵਰਗ ਆਪਣੇ ਹਿੱਤਾਂ ਲਈ ਲੋਕਾਂ ’ਚ ਜਾਤਾਂ, ਧਰਮਾਂ ਤੇ ਕਬੀਲਿਆਂ ’ਚ ਨਫ਼ਰਤ ਫੈਲਾ ਕੇ ਲੋਕਾਂ ’ਚ ਵੰਡੀਆਂ ਪਾ ਰਿਹਾ ਹੈ।