For the best experience, open
https://m.punjabitribuneonline.com
on your mobile browser.
Advertisement

ਲੋਕਾਂ ਨੇ ਦੇਖਿਆ ਅਯੁੱਧਿਆ ਦੇ ਧਾਰਮਿਕ ਸਮਾਗਮ ਦੀਆਂ ਰਸਮਾਂ ਦਾ ਸਿੱਧਾ ਪ੍ਰਸਾਰਣ

06:43 AM Jan 23, 2024 IST
ਲੋਕਾਂ ਨੇ ਦੇਖਿਆ ਅਯੁੱਧਿਆ ਦੇ ਧਾਰਮਿਕ ਸਮਾਗਮ ਦੀਆਂ ਰਸਮਾਂ ਦਾ ਸਿੱਧਾ ਪ੍ਰਸਾਰਣ
ਖਰੜ ਵਿੱਚ ਅਯੁੱਧਿਆ ਰਾਮ ਮੰਦਰ ਦੀਆਂ ਧਾਰਮਿਕ ਰਸਮਾਂ ਦਾ ਸਿੱਧਾ ਪ੍ਰਸਾਰਣ ਦੇਖਦੇ ਹੋਏ ਸ਼ਰਧਾਲੂ।
Advertisement

ਪੱਤਰ ਪ੍ਰੇਰਕ
ਬਨੂੜ, 22 ਜਨਵਰੀ
ਸ਼ਹਿਰ ਅਤੇ ਸਮੁੱਚਾ ਖੇਤਰ ਅੱਜ ਭਗਵਾਨ ਸ੍ਰੀ ਰਾਮ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸ੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸ਼ਹਿਰ ਵਿੱਚ ਵੱਡੀਆਂ ਸਕਰੀਨਾਂ ਰਾਹੀਂ ਸੈਂਕੜੇ ਦਰਸ਼ਕਾਂ ਨੇ ਅਯੁੱਧਿਆ ਤੋਂ ਸਿੱਧਾ ਪ੍ਰਸਾਰਣ ਵੇਖਿਆ। ਸਮੁੱਚੇ ਮੰਦਰਾਂ ਵਿੱਚ ਦੀਪਮਾਲਾ ਕੀਤੀ ਗਈ। ਵੱਖ-ਵੱਖ ਮਾਰਕੀਟਾਂ ਅਤੇ ਪਿੰਡਾਂ ਵਿੱਚ ਲੰਗਰ ਲਗਾਏ ਗਏ। ਥਾਂ-ਥਾਂ ਲੋਕਾਂ ਨੇ ਮਠਿਆਈਆਂ ਵੰਡੀਆਂ, ਪਟਾਕੇ ਚਲਾਏ ਅਤੇ ਆਪਣੇ ਘਰਾਂ ’ਤੇ ਦੀਪਮਾਲਾ ਕੀਤੀ। ਵਾਹਨਾਂ ’ਤੇ ਵੀ ਅੱਜ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਦੇ ਵੱਡੇ-ਵੱਡੇ ਝੰਡੇ ਲੱਗੇ ਨਜ਼ਰ ਆਏ। ਇਸ ਦੌਰਾਨ ਬਨੂੜ ਵਿਖੇ ਵਿਸ਼ਾਲ ਸੋਭਾ ਯਾਤਰਾ ਵੀ ਕੱਢੀ ਗਈ ਜੋ ਪ੍ਰਾਚੀਨ ਹਨੂਮਾਨ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਮੁੱਚੇ ਮੰਦਰਾਂ ਅਤੇ ਬਾਜ਼ਾਰਾਂ ਤੋਂ ਹੁੰਦੀ ਹੋਈ ਮੁੜ ਬਸੰਤੀ ਮਾਈ ਦੇ ਮੰਦਰ ਵਿੱਚ ਆ ਕੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਵਿੱਚ ਸਮੁੱਚੇ ਸ਼ਹਿਰ ਵਿੱਚੋਂ ਸੈਂਕੜੇ ਮਰਦ-ਔਰਤਾਂ, ਨੌਜਵਾਨ ਅਤੇ ਬੱਚਿਆਂ ਨੇ ਭਾਰੀ ਠੰਢ ਦੇ ਬਾਵਜੂਦ ਹੱਥਾਂ ਵਿੱਚ ਝੰਡੇ ਚੁੱਕ ਕੇ ਸ਼ਮੂਲੀਅਤ ਕੀਤੀ ਅਤੇ ਜੈ ਸ੍ਰੀਰਾਮ ਦੇ ਨਾਅਰੇ ਲਗਾਏ।
ਖਰੜ (ਪੱਤਰ ਪ੍ਰੇਰਕ): ਅਯੁੱਧਿਆ ਸ੍ਰੀ ਰਾਮ ਚੰਦਰ ਦੇ ਪ੍ਰਾਣ ਪ੍ਰਤਿਸਠਾ ਪ੍ਰੋਗਰਾਮ ਦਾ ਅੱਜ ਖਰੜ ਵਿੱਚ ਸ੍ਰੀ ਰਾਮ ਮੰਦਰ ਅਜ ਸਰੋਵਰ ਵਿਕਾਸ ਸੰਮਤੀ ਵੱਲੋਂ ਵੱਡੀ ਸਕਰੀਨ ’ਤੇ ਸਿੱਧਾਂ ਪ੍ਰਸਾਰਣ ਦਿਖਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਖਰੜ ਅਤੇ ਲਾਗਲੇ ਇਲਾਕਿਆ ਤੋਂ ਆਪਣੀ ਹਾਜ਼ਰੀ ਲਗਾਉਣ ਆਏ ਸਨ।
ਜ਼ਿਕਰਯੋਗ ਹੈ ਕਿ ਖਰੜ ਵਿੱਚ ਪਿੱਛਲੇ 50 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਿਥੇ ਸਮੂਹ ਧਾਰਮਿਕ ਸੰਸਥਾਵਾਂ ਵੱਲੋਂ ਇੱਕਠੇ ਹੋ ਕੇ ਇਸ ਸਮਾਗਮ ਵਿੱਚ ਭਾਗ ਲਿਆ ਗਿਆ। ਬੀਤੀ ਰਾਤ ਭਗਵਾਨ ਰਾਮ ਚੰਦਰ ਜੀ ਦੇ ਦਾਦਾ ਜੀ ਨਾਲ ਸੰਬੰਧਤ ਮਹਾਰਾਜਾ ਅੱਜ ਸਰੋਵਰ ਵਿੱਚ 51000 ਦੀਵੇ ਜਗਾਏ ਗਏ ਅਤੇ ਲੇਜ਼ਰ ਅਤੇ ਸਾਊਂਡ ਸ਼ੋਅ ਅਤੇ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਕਰਵਾਇਆ ਗਿਆ। ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਸਬੰਧੀ ਖਮਾਣੋਂ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਖਮਾਣੋਂ ਵਿੱਚ ਸਮੂਹ ਮੰਦਰ ਕਮੇਟੀਆਂ ਵੱਲੋਂ ਦੁਰਗਾ ਮੰਦਰ ਖਮਾਣੋਂ ਵਿੱਚ ਸ੍ਰੀ ਸ਼ਕਤੀ ਧਰਮਸ਼ਾਲਾ ਵਿੱਚ ਵੱਡੀ ਸਕਰੀਨ ਰਾਹੀਂ ਅਯੁੱਧਿਆ ਸਮਾਗਮ ਦਾ ਸਿੱਧਾ ਪ੍ਰਸਾਰਨ ਦਿਖਾਇਆ ਗਿਆ। ਇਸ ਮੌਕੇਂ ਸ਼ਹਿਰ ਦੀ ਧਾਰਮਿਕ ਸ਼ਖਸ਼ੀਅਤ ਬਾਬਾ ਸਰਬਜੀਤ ਸਿੰਘ ਭੱਲਾ ਪੁੱਜੇ ਅਤੇ ਉਨ੍ਹਾਂ ਲੋਕਾਂ ਨੂੰ ਇਸ ਮੌਕੇਂ ਵਧਾਈ ਦਿੱਤੀ। ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਵੀ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਮੁਬਾਰਕਬਾਦ ਦਿੱਤੀ। ਕਮੇਟੀ ਮੈਂਬਰਾਂ ਵੱਲੋਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਸੀਤਲਾ ਮਾਤਾ ਮੰਦਰ, ਸੀਤਾ ਰਾਮ ਸੰਤ ਆਸ਼ਰਮ, ਸਰਵਹਿਤਕਾਰੀ ਵਿੱਦਿਆ ਮੰਦਰ ਅਤੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਵੀ ਪ੍ਰਾਣ ਪ੍ਰਤਿਸ਼ਠਾ ਸਬੰਧੀ ਪ੍ਰੋਗਰਾਮ ਕਰਵਾਏ ਗਏ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੱਜ ਅਯੁੱਧਿਆ ਵਿੱਚ ਭਗਵਾਨ ਸ੍ਰੀਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਦਿਨ ਟਵਿਨ ਸਿਟੀ ਅੰਬਾਲਾ ਰਾਮ ਭਗਤੀ ਵਿਚ ਰੰਗਿਆ ਗਿਆ। ਲੋਕ ਅੱਜ ਦਾ ਦਿਨ ਦੀਵਾਲੀ ਵਾਂਗ ਮਨਾ ਰਹੇ ਹਨ। ਸਾਰੇ ਮੰਦਰ ਅਤੇ ਹੋਰ ਧਾਰਮਿਕ ਸਥਾਨ ਸ਼ਾਨਦਾਰ ਤਰੀਕੇ ਨਾਲ ਸਜਾਏ ਗਏ ਹਨ ਅਤੇ ਸ਼ਾਮ ਨੂੰ ਮੰਦਰਾਂ ਤੇ ਘਰਾਂ ਵਿਚ ਦੀਵੇ ਜਗਾਏ ਜਾ ਰਹੇ ਹਨ।ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਐਕਸ ਤੇ ਦੇਸ਼ ਵਾਸੀਆਂ ਨੂੰ ਵਧਾਈ। ਕਾਂਗਰਸੀ ਨੇਤਾ ਸਾਬਕਾ ਮੰਤਰੀ ਨਿਰਮਲ ਸਿੰਘ ਅਤੇ ਹੋਰ ਕਾਂਗਰਸੀਆਂ ਨੇ ਅੰਬਾਲਾ ਕੈਂਟ ਦੇ ਕਾਂਗਰਸ ਭਵਨ ਦੇ ਬਾਹਰ ਪ੍ਰਾਣ ਪ੍ਰਤਿਸ਼ਠਾ ਦਿਨ ਮਨਾਇਆ। ਜਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਹਰਪਾਲ ਸਿੰਘ ਕੰਬੋਜ ਵੱਲੋਂ ਸੁਲਤਾਨਪੁਰ ਬੈਰੀਅਰ ਤੇ ਲੰਗਰ ਲਾਇਆ ਗਿਆ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਅੱਜ ਸਾਰੇ ਮੰਦਰਾਂ ਵਿੱਚ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰੀਤਿਸ਼ਠਾ ਨੂੰ ਲੈ ਕੇ ਭਜਨ ਅਤੇ ਵੈਦਿਕ ਮੰਤਰ ਗੂੰਜੇ। ਕਈ ਮੰਦਰਾਂ ਵਿੱਚ ਵੱਡੀ ਸਕਰੀਨ ਲਗਾ ਕੇ ਪ੍ਰਾਣ ਪ੍ਰੀਤਿਸ਼ਠਾ ਦਾ ਪ੍ਰੋਗਰਾਮ ਵਿਖਾਇਆ ਗਿਆ। ਵੱਖ ਵੱਖ ਮੰਦਰ ਮੈਨੇਜਮੈਂਟਾਂ ਵੱਲੋਂ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਸ੍ਰੀ ਦੁਰਗਾ ਮੰਦਰ ਸੈਕਟਰ-7 ਸੈਕਟਰ-2 ਸਥਿਤ ਰਾਮ ਮੰਦਰ, ਮਾਤਾ ਮਨਸਾ ਦੇਵੀ ਮੰਦਰ, ਕਾਲਕਾ ਦੇ ਕਾਲੀ ਮਾਤਾ ਮੰਦਰ, ਸੈਕਟਰ-20 ਦੀ ਕਾਲੀ ਮਾਤਾ ਮੰਦਰ, ਸੇਵਾ ਧਾਮ ਸੈਕਟਰ-23 ਮੰਦਰ ਨੂੰ ਅੱਜ ਪੂਰੀ ਤਰ੍ਹਾਂ ਰੰਗੀਨ ਲਾਇਟਾਂ ਨਾਲ ਸਜਾਇਆ ਗਿਆ ਅਤੇ ਸ਼ਾਮ ਨੂੰ ਦੀਪ ਮਾਲਾ ਕੀਤੀ ਗਈ।
ਰੂਪਨਗਰ (ਪੱਤਰ ਪ੍ਰੇਰਕ): ਅੱਜ ਰੂਪਨਗਰ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਪ੍ਰਾਣ ਪਤਿਸ਼ਠਾ ਦੀ ਖੁਸ਼ੀ ਵਿੱਚ ਮੰਦਰਾਂ ਵਿੱਚ ਸਮਾਗਮ ਕਰਵਾਏ ਗਏ। ਇਸ ਦੌਰਾਨ ਲੋਕਾਂ ਵੱਲੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਦੁਆਰਾ ਰੂਪਨਗਰ ਸ਼ਹਿਰ ਵਿਖੇ ਸਥਿਤ ਦੋ ਸਕੂਲਾਂ ਦੇ ਦਿਵਿਆਂਗਜਨ ਬੱਚਿਆਂ ਤੋਂ ਖਰੀਦ ਕੇ ਵੰਡੇ ਗਏ। ਦੀਵਿਆਂ ਨੂੰ ਮੰਦਰਾਂ ਅਤੇ ਘਰਾਂ ਤੇ ਸਜਾ ਕੇ ਦੀਪਮਾਲਾ ਕੀਤੀ ਗਈ ਤੇ ਲੋਕਾਂ ਨੇ ਦੀਵਾਲੀ ਵਾਂਗ ਆਤਿਸ਼ਬਾਜ਼ੀ ਕੀਤੀ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਵਿੱਚ ਅੱਜ ਨਿਊ ਚੰਡੀਗੜ੍ਹ ਇਲਾਕੇ ਕੇ ਪਿੰਡ ਮੁੱਲਾਂਪੁਰ ਗ਼ਰੀਬਦਾਸ, ਨਵਾਂ ਗਾਉਂ ਆਦਿ ਵਿੱਚ ਸ਼ਰਧਾਲੂਆਂ ਵੱਲੋਂ ਜ਼ਸਨ ਮਨਾਏ ਗਏ। ਵੱਖ-ਵੱਖ ਥਾਈਂ ਚਾਹ ਬਰੈਡ ਪਕੌੜਿਆਂ ਤੇ ਕੜੀ-ਚੌਲ ਦੇ ਲੰਗਰ ਲਗਾਏ ਗਏੇ। ਮੁੱਲਾਂਪੁਰ ਗਰੀਬਦਾਸ ਵਿਖੇ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਬਲਾਕ ਪ੍ਰਧਾਨ ਜਸਪਾਲ ਸਿੰਘ ਪਾਲਾ ਤੇ ਰਵੀ ਸ਼ਰਮਾ ਨੇ ਵਧਾਈ ਦਿੱਤੀ ਇਸ ਮੌਕੇ ਸ਼ੋਭਾ ਯਾਤਰਾ ਵੀ ਕੱਢੀ ਗਈ।
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਚ ਪ੍ਰਾਣ ਪ੍ਰਤੀਸ਼ਠਾ ਸਮਾਗਮ ਸਨਾਤਨ ਧਰਮ ਸਭਾ ਦੀ ਅਗਵਾਈ ’ਚ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਅੱਜ ਸਵੇਰੇ ਸ੍ਰੀ ਸੁੰਦਰ ਕਾਂਡ ਜੀ ਦੇ ਭੋਗ ਪਾਏ ਗਏ ਉਪਰੰਤ ਵਿਸ਼ਵ ਪ੍ਰਸਿੱਧ ਭਜਨ ਗਾਇਕ ਦੀਦੀ ਅਲਕਾ ਗੋਇਲ ਵੱਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਸਥਾਨਕ ਮੰਦਰ ਭੱਟ ਵਾਲਾ ਸ਼ਿਵਾਂਲਾ ਤੋਂ ਵਿਸ਼ਾਲ ਅਤੇ ਅਲੌਕਿਕ ਸ਼ੋਭਾ ਯਾਤਰਾ ਸਜਾਈ ਗਈ।

Advertisement

ਖਮਾਣੋਂ ਵਿੱਚ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਦਾ ਸਨਮਾਨ ਕਰਦੇ ਹੋਏ ਕਮੇਟੀ ਮੈਂਬਰ।

ਮਾਣਕਪੁਰ ਅਤੇ ਖੇੜਾ ਗੱਜੂ ਵਿਖੇ ਸ਼ੋਭਾ ਯਾਤਰਾ ਕੱਢੀ

ਕਸਬਾ ਮਾਣਕਪੁਰ ਅਤੇ ਖੇੜਾ ਗੱਜੂ ਵਿੱਚ ਵੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਸਮੁੱਚੇ ਮੰਦਰਾਂ ਵਿੱਚ ਸਾਰਾ ਦਿਨ ਲੰਗਰ ਚੱਲਦੇ ਰਹੇ ਅਤੇ ਦੀਪ ਮਾਲਾ ਕੀਤੀ ਗਈ। ਪਿੰਡ ਸਨੇਟਾ ਵਿਖੇ ਵੀ ਅੱਜ ਲੰਗਰ ਚੱਲਿਆ।

Advertisement

ਡਿਪਟੀ ਮੇਅਰ ਬੇਦੀ ਵੱਲੋਂ ਪ੍ਰਾਣ ਪ੍ਰਤਿਸ਼ਠਾ ਸਮਾਗਮਾਂ ’ਚ ਸ਼ਿਰਕਤ

ਮੁਹਾਲੀ ਵਿੱਚ ਅਯੁੱਧਿਆ ਦਾ ਲਾਈਵ ਸਮਾਗਮ ਦੇਖਦੇ ਹੋਏ ਡਿਪਟੀ ਮੇਅਰ ਕੁਲਜੀਤ ਬੇਦੀ ਤੇ ਹੋਰ ਆਗੂ।

ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਅਯੁੱਧਿਆ ਵਿੱਚ ਸ੍ਰੀ ਰਾਮ ਮੰਦਰ ਵਿੱਚ ਮੂਰਤੀ ਸਥਾਪਨਾ ਸਮਾਰੋਹ ਸਬੰਧੀ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਕਰਵਾਏ ਧਾਰਮਿਕ ਸਮਾਗਮਾਂ ਵਿੱਚ ਹਾਜ਼ਰੀ ਭਰੀ ਅਤੇ ਸਮੂਹ ਮੰਦਰ ਕਮੇਟੀਆਂ ਅਤੇ ਨਾਗਰਿਕਾਂ ਅੱਜ ਦੇ ਇਤਿਹਾਸਕ ਦਿਨ ਦੀ ਮੁਬਾਰਕਬਾਦ ਦਿੱਤੀ। ਕੁਲਜੀਤ ਬੇਦੀ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਕੇਵਲ ਭਾਰਤ ਹੀ ਨਹੀਂ ਬਲਕਿ ਵਿਸ਼ਵ ਭਰ ’ਚੋਂ ਰਾਮ ਭਗਤਾਂ ਨੇ ਸ਼ਮੂਲੀਅਤ ਕਰਕੇ ਸਰਬ ਧਰਮ ਏਕਤਾ ਦਾ ਸਬੂਤ ਦਿੱਤਾ ਹੈ, ਜੋ ਦੇਸ਼ ਦੀ ਤਰੱਕੀ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਪ੍ਰਾਣ ਪ੍ਰਤਿਸ਼ਠਾ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਸਮਾਜਿਕ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਬ੍ਰਹਮਣ ਸਭਾ ਮੁਹਾਲੀ ਦੇ ਪ੍ਰਧਾਨ ਵਿਸ਼ਾਲ ਸ਼ਰਮਾ, ਐਮਪੀਸੀਏ ਦੇ ਸਾਬਕਾ ਪ੍ਰਧਾਨ ਸ਼ਲਿੰਦਰ ਆਨੰਦ, ਭੁਪਿੰਦਰ ਸਿੰਘ ਸੱਭਰਵਾਲ, ਕੌਂਸਲਰ ਕਮਲਪ੍ਰੀਤ ਸਿੰਘ ਬਨੀ, ਸਾਬਕਾ ਕੌਂਸਲਰ ਅਸ਼ੋਕ ਝਾਅ, ਰਮੇਸ਼ ਵਰਮਾ, ਰਮੇਸ਼ ਦੱਤ, ਜਤਿੰਦਰ ਆਨੰਦ ਸਮੇਤ ਹੋਰ ਆਗੂ ਮੌਜੂਦ ਸਨ।

Advertisement
Author Image

Advertisement