ਆਟਾ-ਦਾਲ ਸਕੀਮ ਵਾਲੇ ਨੀਲੇ ਕਾਰਡ ਕੱਟਣ ਤੋਂ ਲੋਕ ਖ਼ਫ਼ਾ
ਪੱਤਰ ਪੇਰਕ
ਕੁਰਾਲੀ, 25 ਜੂਨ
ਸ਼ਹਿਰ ਵਿੱਚ ਆਟਾ-ਦਾਲ ਯੋਜਨਾ ਤਹਿਤ ਕਈ ਲੋੜਵੰਦਾਂ ਦੇ ਕਾਰਡ ਕੱਟੇ ਜਾਣ ਖਿਲਾਫ਼ ਲੋਕਾਂ ਵਿੱਚ ਰੋਸ ਹੈ। ਨੀਲੇ ਕਾਰਡ ਧਾਰਕਾਂ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਕੱਟੇ ਕਾਰਡ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ ਤੇ ਅਜਿਹਾ ਨਾ ਹੋਣ ‘ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ।
ਇਸ ਮੌਕੇ ਅਮਰਜੀਤ ਕੌਰ, ਅਜ਼ੀਮ ਕੁਮਾਰ, ਸਪਿੰਦਰ ਸਿੰਘ, ਕੁਲਵਿੰਦਰ ਕੌਰ, ਸੁਰਿੰਦਰ ਪਾਲ, ਕਮਲਾ ਰਾਣੀ, ਭੁਪਿੰਦਰ ਕੁਮਾਰ ਤੇ ਸੇਵਾ ਸਿੰਘ ਆਦਿ ਨੇ ਦੱਸਿਆ ਕਿ ਜਦੋਂ ਉਹ ਆਪਣੀ ਕਣਕ ਲੈਣ ਲਈ ਕਤਾਰ ਵਿੱਚ ਲੱਗੇ ਹੋਏ ਸਨ ਤਾਂ ਵਾਰੀ ਆਉਣ ‘ਤੇ ਪਤਾ ਲੱਗਾ ਕਿ ਉਨ੍ਹਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਉਨ੍ਹਾਂ ਦੇ ਘਰ ਕਾਰਡ ਦੀ ਤਸਦੀਕ ਕਰਨ ਨਹੀਂ ਆਇਆ, ਸਗੋਂ ਦਫ਼ਤਰਾਂ ਵਿੱਚ ਬਿਨਾਂ ਕਿਸੇ ਪੜਤਾਲ ਤੋਂ ਹੀ ਉਨ੍ਹਾਂ ਦੇ ਕਾਰਡ ਕੱਟ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਐੱਸਡੀਐੱਮ ਦਫ਼ਤਰ ਵੀ ਗਏ ਸਨ ਅਤੇ ਦਫ਼ਤਰ ਵੱਲੋਂ ਉਨ੍ਹਾਂ ਦੇ ਪੱਤਰ ਖੁਰਾਕ ਸਪਲਾਈ ਵਿਭਾਗ ਨੂੰ ਭੇਜ ਦਿੱਤੇ ਗਏ ਸਨ ਪਰ ਫਿਰ ਵੀ ਉਨ੍ਹਾਂ ਨੂੰ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ। ਲੋਕਾਂ ਦੀ ਸਮੱਸਿਆ ਨੂੰ ਦੇਖਦਿਆਂ ਕੌਂਸਲਰ ਮੌਕੇ ‘ਤੇ ਪੁੱਜੇ ਅਤੇ ਕਾਰਡ ਕੱਟੇ ਜਾਣ ਦੀ ਕਾਰਵਾਈ ਤੋਂ ਅਣਜਾਣਤਾ ਪ੍ਰਗਟਾਈ ਅਤੇ ਇਸ ਕਾਰਵਾਈ ਲਈ ਸਰਕਾਰ ਦੀ ਨਿਖੇਧੀ ਕੀਤੀ। ਇਸੇ ਦੌਰਾਨ ਸਿਟੀ ਕਾਂਗਰਸ ਦੇ ਪ੍ਰਧਾਨ ਦਿਨੇਸ਼ ਗੌਤਮ, ਮੀਤ ਪ੍ਰਧਾਨ ਪ੍ਰਸ਼ਾਂਤ ਵਰਮਾ ਅਤੇ ਹੈਪੀ ਧੀਮਾਨ ਨੇ ਵੀ ਮੌਕੇ ‘ਤੇ ਪਹੁੰਚ ਕੇ ‘ਆਪ’ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਲੋੜਵੰਦਾਂ ਦੇ ਕੱਟੇ ਕਾਰਡ ਬਹਾਲ ਨਾ ਕੀਤੇ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਪੋਰਟਲ ਖੁੱਲ੍ਹਣ ਤੱਕ ਕੁਝ ਵੀ ਕਰਨ ਤੋਂ ਅਸਮਰੱਥ ਹਾਂ: ਏਐੱਫਐੱਸਓ
ਖੁਰਾਕ ਸਪਲਾਈ ਵਿਭਾਗ ਦੇ ਏਐੱਫਐੱਸਓ ਹਰਦੀਪ ਸਿੰਘ ਨੇ ਦੱਸਿਆ ਕਿ ਇਹ ਸਰਵੇਖਣ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤਹਿਤ ਐੱਸਡੀਐੱਮ ਵੱਲੋਂ ਬਣਾਈ ਕਮੇਟੀ ਰਾਹੀਂ ਕੀਤਾ ਗਿਆ ਹੈ। ਐੱਸਡੀਐੱਮ ਵੱਲੋਂ ਕੀਤੀ ਸ਼ਿਫਾਰਿਸ਼ ‘ਤੇ ਕੱਟੇ ਨਾਵਾਂ ਨੂੰ ਮੁੜ ਸੂਚੀ ‘ਚ ਸ਼ਾਮਲ ਨਾ ਕਰਨ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੋਰਟਲ ਬੰਦ ਕਰ ਦਿੱਤਾ ਗਿਆ ਹੈ ਅਤੇ ਪੋਰਟਲ ਖੁੱਲ੍ਹਣ ਤੱਕ ਉਹ ਇਸ ਮਾਮਲੇ ਵਿੱਚ ਕੁਝ ਵੀ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪੱਤਰ ਮਿਲਣ ਅਤੇ ਪੋਰਟਲ ਖੁਲ੍ਹਣ ਤੋਂ ਬਾਅਦ ਹੀ ਕੁਝ ਕੀਤਾ ਜਾ ਸਕਦਾ ਹੈ।