ਦਸੂਹਾ ’ਚ ਵੰਦੇ ਭਾਰਤ ਟਰੇਨ ਦਾ ਠਹਿਰਾਅ ਨਾ ਹੋਣ ਕਾਰਨ ਲੋਕ ਖਫ਼ਾ
ਪੱਤਰ ਪ੍ਰੇਰਕ
ਦਸੂਹਾ, 1 ਜਨਵਰੀ
ਕੱਟੜਾ-ਦਿੱਲੀ ਵੰਦੇ ਭਾਰਤ ਟਰੇਨ ਦਾ ਦਸੂਹਾ ਸਟੇਸ਼ਨ ’ਤੇ ਠਹਿਰਾਅ ਨਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਰਿਹਾ ਹੈ। 30 ਦਸੰਬਰ ਨੂੰ ਇਸ ਟਰੇਨ ਦੇ ਠਹਿਰਾਅ ਲਈ ਵਪਾਰੀ ਵਰਗ ਤੇ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਸਣੇ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਸੀ। ਉਹ ਕੇਂਦਰ ਸਰਕਾਰ ਦਾ ਲੋਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਸਮਝ ਰਹੇ ਸਨ। ਦੂਜੇ ਪਾਸੇ, ਭਾਜਪਾ ਆਗੂ ਵੰਦੇ ਭਾਰਤ ਟਰੇਨ ਦੇ ਸਥਾਨਕ ਸਟੇਸ਼ਨ ’ਤੇ ਠਹਿਰਾਅ ਨੂੰ ਦਸੂਹਾ ਵਾਸੀਆਂ ਲਈ ਵੱਡੀ ਪ੍ਰਾਪਤੀ ਦੱਸ ਰਹੇ ਸਨ ਪਰ 30 ਦਸੰਬਰ ਨੂੰ ਟਰੇਨ ਦਾ ਠਹਿਰਾਅ ਨਾ ਹੋਣ ਤੋਂ ਖਫ਼ਾ ਲੋਕ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਕੋਸਦੇ ਨਜ਼ਰ ਆਏ।
ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਦਸੂਹਾ ਵਾਸੀਆਂ ਦੇ ਭਰੋਸੇ ’ਤੇ ਖ਼ਰਾ ਉਤਰਨ ਵਿੱਚ ਕਾਮਯਾਬ ਨਹੀਂ ਹੋਏ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਟਰੇਨ ਦਾ ਠਹਿਰਾਅ ਤਾਂ ਦੂਰ ਦੀ ਗੱਲ ਹੈ, ਉਹ ਦਸੂਹਾ ਸਟੇਸ਼ਨ ’ਤੇ ਸਿਆਲਦਾ, ਜੇਹਲਮ ਤੇ ਸ਼ਾਲੀਮਾਰ ਟਰੇਨਾਂ ਦਾ ਮੁੜ ਠਰਿਹਾਅ ਨਹੀਂ ਕਰਵਾ ਸਕੇ ਜਦੋਕਿ ਕਰੋਨਾ ਕਾਲ ਤੋਂ ਪਹਿਲਾਂ ਇਹ ਟਰੇਨਾਂ ਦਸੂਹਾ ਰੁਕਦੀਆਂ ਸਨ। ਉਨ੍ਹਾਂ ਕਿਹਾ ਕਿ ਇਸ ਕਾਰਨ ਲੋਕ ਬੱਸਾਂ ਵਿੱਚ ਸਫ਼ਰ ਕਰਨ ਤੇ ਆਪਣੇ ਵਾਹਨ ਵਰਤਣ ਲਈ ਮਜਬੂਰ ਹਨ।