ਸਮਾਰਟ ਮੀਟਰ ਲਾਉਣ ਵਿਰੁੱਧ ਸੜਕਾਂ ’ਤੇ ਉਤਰੇ ਲੋਕ
ਰਾਮ ਗੋਪਾਲ ਰਾਏਕੋਟੀ
ਰਾਏਕੋਟ, 26 ਜੁਲਾਈ
ਨੇੜਲੇ ਪਿੰਡ ਜਲਾਲਦੀਵਾਲ ਵਿਖੇ ਪਾਵਰਕੌਮ ਵਲੋਂ ਆਮ ਘਰੇਲੂ ਮੀਟਰਾਂ ਦੀ ਥਾਂ ਚਿੱਪ ਵਾਲੇ ਮੀਟਰ ਲਗਾਉਣ ਦਾ ਲੋਕਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ। ਇਸ ਸਬੰਧੀ ਵੱਡੀ ਗਿਣਤੀ ਵਿੱਚ ਮਰਦਾਂ ਤੇ ਔਰਤਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਪਾਵਰਕੌਮ ਦੇ ਐਕਸੀਅਨ ਦਫ਼ਤਰ ਰਾਏਕੋਟ ਦਾ ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਘਿਰਾਓ ਕੀਤਾ ਗਿਆ ਤੇ ਧਰਨਾ ਦਿੱਤਾ।
ਇਸ ਮੌਕੇ ਸਰਪੰਚ ਜਲਾਲਦੀਵਾਲ ਜਗਜੀਤ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ, ਜ਼ਿਲ੍ਹਾ ਵਿੱਤ ਸਕੱਤਰ ਸਤਬਿੀਰ ਸਿੰਘ ਬੋਪਾਰਾਏ ਖੁਰਦ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੇਸਰਾਜ ਸਿੰਘ ਕਮਾਲਪੁਰਾ ਅਤੇ ਪ੍ਰਧਾਨ ਦਰਸ਼ਨ ਸਿੰਘ ਜਲਾਲਦੀਵਾਲ ਨੇ ਸੰਬੋਧਨ ਕਰਦਿਆ ਆਖਿਆ ਕਿ ਭਗਵੰਤ ਮਾਨ ਸਰਕਾਰ ਲੋਕ ਵਿਰੋਧੀ ਫੈਸਲੇ ਲੈਣ ਉਪਰੰਤ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਜਿਸ ਦੀ ਤਾਜ਼ਾ ਉਦਾਹਰਣ ਜਲਾਲਦੀਵਾਲ ਤੇ ਰਾਏਕੋਟ ਸ਼ਹਿਰ ਵਿੱਚ ਬਿਜਲੀ ਬੋਰਡ ਵੱਲੋਂ ਬਿਲਕੁਲ ਸਹੀ ਚੱਲ ਰਹੇ ਬਿਜਲੀ ਦੇ ਮੀਟਰਾਂ ਨੂੰ ਉਤਾਰ ਕੇ ਨਵੇਂ ਚਿੱਪ ਵਾਲੇ ਮੀਟਰ ਲਗਾਉਣਾ ਹੈ। ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੇ ਸਖ਼ਤ ਸ਼ਬਦਾਂ ਵਿੱਚ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਚਿੱਪ ਵਾਲੇ ਮੀਟਰ ਲਗਾਉਣ ਤੋਂ ਬਾਜ਼ ਨਾ ਆਏ ਤਾਂ ਅਣਮਿੱਥੇ ਸਮੇਂ ਲਈ ਐਕਸੀਅਨ ਰਾਏਕੋਟ ਦਾ ਘਿਰਾਓ ਕੀਤਾ ਜਾਵੇਗਾ ਅਤੇ ਮੀਟਰ ਲਗਾਉਣ ਗਏ ਮੁਲਾਜ਼ਮਾਂ ਨੂੰ ਪਿੰਡਾਂ ਵਿੱਚ ਘੇਰਿਆ ਜਾਵੇਗਾ। ਇਸ ਮੌਕੇ ਕਰਮਜੀਤ ਸਿੰਘ ਭੋਲਾ, ਜਸਵੰਤ ਸਿੰਘ ਗਰੇਵਾਲ, ਜਥੇ. ਪ੍ਰੇਮ ਸਿੰਘ ਜਲਾਲਦੀਵਾਲ, ਬਹਾਦਰ ਸਿੰਘ, ਗੁਰਮੇਲ ਸਿੰਘ ਦਿਉਲ, ਜਗਰੂਪ ਸਿੰਘ ਧਾਲੀਵਾਲ, ਕੁਲਵੰਤ ਸਿੰਘ, ਕੁਲਦੀਪ ਸਿੰਘ ਕੱਦੂ ਜੌਹਲਾ, ਸ਼ਰਨਜੀਤ ਕੌਰ, ਮਨਜੀਤ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ, ਇੰਦਰਜੀਤ ਕੌਰ, ਬੇਅੰਤ ਕੌਰ, ਮਹਿੰਦਰ ਕੌਰ ਸਿੰਦਰ ਕੌਰ ਆਦਿ ਹਾਜ਼ਰ ਸਨ।
ਜਗਰਾਉਂ ’ਚ ਲੋਕਾਂ ਵੱਲੋਂ ਐੱਸਡੀਓ ਦਫ਼ਤਰ ਦਾ ਘਿਰਾਓ
ਜਗਰਾਉਂ (ਜਸਬੀਰ ਸ਼ੇਤਰਾ): ਨੇੜਲੇ ਪਿੰਡ ਲੱਖਾ ‘ਚ ਸਮਾਰਟ ਮੀਟਰ ਲਾਉਣ ਨੂੰ ਲੈ ਕੇ ਰੌਲਾ ਪੈ ਗਿਆ। ਇਸ ਕੰਮ ਲਈ ਆਏ ਪਾਵਰਕੌਮ ਦੇ ਮੁਲਾਜ਼ਮਾਂ ‘ਚ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਕੁਝ ਹੀ ਮਿੰਟਾਂ ਅੰਦਰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਕੇ ‘ਤੇ ਪਹੁੰਚ ਗਏ। ਵਿਰੋਧ ਅਤੇ ਨਾਅਰੇਬਾਜ਼ੀ ਮਗਰੋਂ ਭਰਵੇਂ ਇਕੱਠ, ਜਿਸ ‘ਚ ਔਰਤਾਂ ਦੀ ਗਿਣਤੀ ਵਧੇਰੇ ਸੀ, ਨੇ ਪਾਵਰਕੌਮ ਦੇ ਸਬ ਡਵੀਜ਼ਨ ਦਫ਼ਤਰ ਦਾ ਘਿਰਾਓ ਸ਼ੁਰੂ ਕਰ ਦਿੱਤਾ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਸਕੱਤਰ ਸਾਧੂ ਸਿੰਘ ਅਚਰਵਾਲ, ਪ੍ਰਧਾਨ ਸੁਰਜੀਤ ਸਿੰਘ ਲੱਖਾ, ਸਰਪੰਚ ਜਸਵੀਰ ਸਿੰਘ ਲੱਖਾ, ਸਾਬਕਾ ਸਰਪੰਚ ਪਰਮਜੀਤ ਸਿੰਘ ਆਦਿ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਇਹ ਵਿਰੋਧ ਕੀਤਾ ਜਾ ਰਿਹਾ ਹੈ। ਸਮਾਰਟ ਮੀਟਰ ਨਾ ਲੱਗਣ ਦੇਣ ਦਾ ਮੋਰਚੇ ਵੱਲੋਂ ਅਗਾਊਂ ਐਲਾਨ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਸਰਕਾਰ ਤੇ ਪਾਵਰਕੌਮ ਜਾਣਬੁੱਝ ਕੇ ਇਸ ਕਦਮ ਤੋਂ ਪਿੱਛੇ ਨਹੀਂ ਹਟ ਰਹੇ। ਭਵਿੱਖ ‘ਚ ਵੀ ਸਮਾਰਟ ਮੀਟਰ ਨਾ ਲੱਗਣ ਦੇਣ ਅਤੇ ਇਸ ਕੰਮ ਲਈ ਆਏ ਕਰਮਚਾਰੀਆਂ ਦਾ ਵਿਰੋਧ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਬਣ ਜਾਵੇ ਪਰ ਲੋਕ ਵਿਰੋਧੀ ਫ਼ੈਸਲੇ ਲੈਣ ਤੋਂ ਪਰਹੇਜ਼ ਨਹੀਂ ਕਰਦੀ। ਐੱਸਡੀਓ ਦਾ ਸਵੇਰ ਸਮੇਂ ਸ਼ੁਰੂ ਹੋਇਆ ਘਿਰਾਓ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਲਾਏ ਗਏ ਸਮਾਰਟ ਮੀਟਰ ਲਾਹ ਕੇ ਵਾਪਸ ਕੀਤੇ ਗਏ। ਲੱਖਾ ਤੇ ਹਠੂਰ ਦੀਆਂ ਪੰਚਾਇਤਾਂ ਅਤੇ ਨੁਮਾਇੰਦਿਆਂ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਖਪਤਕਾਰਾਂ ਦੀ ਸਹਿਮਤੀ ਨਾਲ ਹੀ ਇਹ ਸਮਾਰਟ ਮੀਟਰ ਲਾਏ ਜਾਣ। ਇਸ ਮੌਕੇ ਪ੍ਰਧਾਨ ਬਹਾਦਰ ਸਿੰਘ, ਤੇਜਾ ਸਿੰਘ, ਨਿਰਮਲ ਸਿੰਘ, ਮਨਜਿੰਦਰ ਸਿੰਘ, ਮੰਦਰ ਸਿੰਘ, ਨੰਬਰਦਾਰ ਜਸਮੇਲ ਸਿੰਘ, ਨੰਬਰਦਾਰ ਰੇਸ਼ਮ ਸਿੰਘ, ਪੰਚ ਨਿਰਮਲ ਸਿੰਘ, ਪੰਚ ਜਸਵਿੰਦਰ ਸਿੰਘ, ਪੰਚ ਸਰਬਜੀਤ ਸਿੰਘ ਆਦਿ ਹਾਜ਼ਰ ਸਨ।