ਇਜ਼ਰਾਈਲ ’ਚ ਨਿਆਂਪਾਲਿਕਾ ’ਚ ਤਬਦੀਲੀ ਖ਼ਿਲਾਫ਼ ਸੜਕਾਂ ’ਤੇ ਉਤਰੇ ਲੋਕ
ਯੇਰੂਸ਼ਲਮ, 11 ਜੁਲਾਈ
ਇਜ਼ਰਾਈਲ ਦੀ ਨਿਆਂਪਾਲਿਕਾ ’ਚ ਤਬਦੀਲੀ ਦੀ ਯੋਜਨਾ ਖ਼ਿਲਾਫ਼ ਦੇਸ਼ ਪੱਧਰੀ ਰੋਸ ਮੁਜ਼ਾਹਰਿਆਂ ਦੀ ਸ਼ੁਰੂਆਤ ਦੌਰਾਨ ਮੁਜ਼ਾਹਰਾਕਾਰੀਆਂ ਨੇ ਅੱਜ ਯੇਰੂਸ਼ਲਮ, ਹਾਈਫਾ ਤੇ ਤਲ ਅਵੀਵ ਨੂੰ ਜੋੜਨ ਵਾਲੀਆਂ ਸੜਕਾਂ ’ਤੇ ਆਵਾਜਾਈ ਠੱਪ ਕਰ ਦਿੱਤੀ ਹੈ। ਸਰਕਾਰ ਦੀ ਇਸ ਯੋਜਨਾ ਦੇ ਮੁੱਦੇ ’ਤੇ ਦੇਸ਼ ਦੇ ਲੋਕਾਂ ਦੀ ਰਾਇ ਵੀ ਇੱਕ ਨਹੀਂ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਦੇ ਸੰਸਦੀ ਗੱਠਜੋੜ ਵੱਲੋਂ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਨੂੰ ਸੀਮਤ ਕਰਨ ਵਾਲੇ ਇੱਕ ਵਿਵਾਦਤ ਬਿੱਲ ਨੂੰ ਅੱਜ ਮੁੱਢਲੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਰੋਸ ਮੁਜ਼ਾਹਰੇ ਸ਼ੁਰੂ ਹੋਏ ਹਨ। ਨੇਤਨਯਾਹੂ ਦੇ ਕੱਟੜ ਰਾਸ਼ਟਰਵਾਦੀ ਤੇ ਹੋਰ ਕੱਟੜ ਸਹਿਯੋਗੀਆਂ ਵੱਲੋਂ ਤਜਵੀਜ਼ ਕੀਤੇ ਬਿੱਲਾਂ ’ਚੋਂ ਇਹ ਇੱਕ ਹੈ। ਇਸ ਬਿੱਲ ਦਾ ਦੇਸ਼ ਭਰ ’ਚ ਵੱਡੇ ਪੱਧਰ ’ਤੇ ਵਿਰੋਧ ਕੀਤਾ ਗਿਆ ਅਤੇ ਵਿਰੋਧੀਆਂ ਨੇ ਇਸ ਬਿੱਲ ਨੂੰ ਦੇਸ਼ ਨੂੰ ਤਾਨਾਸ਼ਾਹੀ ਵੱਲ ਲਿਜਾਣ ਵਾਲਾ ਦੱਸਿਆ ਹੈ। ਨਿਆਂਪਾਲਿਕਾ ’ਚ ਤਬਦੀਲੀ ਦਾ ਵਿਰੋਧ ਕਰ ਰਹੇ ਕਾਰਕੁਨਾਂ ਨੇ ਦੇਸ਼ ਪੱਧਰੀ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਹੈ। ਲੋਕ ਇਜ਼ਰਾਈਲ ਦੇ ਮੁੱਖ ਕੌਮਾਂਤਰੀ ਹਵਾਈ ਅੱਡੇ ’ਤੇ ਵੀ ਰੋਸ ਮੁਜ਼ਾਹਰਾ ਕਰ ਰਹੇ ਹਨ ਜਿਸ ਨਾਲ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਜ਼ਰਾਇਲੀ ਸੈਨਾ ਦੀ ਸਾਈਬਰ ਇਕਾਈ ਦੇ ਤਕਰੀਬਨ 300 ਦੇ ਕਰੀਬ ਮੁਲਾਜ਼ਮਾਂ ਨੇ ਅੱਜ ਇੱਕ ਪੱਤਰ ’ਤੇ ਦਸਤਖ਼ਤ ਕੀਤੇ ਹਨ ਜਿਸ ’ਚ ਉਨ੍ਹਾਂ ਆਪਣੀਆਂ ਸੇਵਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਜ਼ਰਾਇਲੀ ਰਾਜ ਨੂੰ ਤਬਾਹ ਕਰਨ ’ਤੇ ਲੱਗੀ ਹੋਈ ਹੈ ਇਸ ਲਈ ਉਹ ਸੇਵਾਵਾਂ ਨਹੀਂ ਦੇਣਗੇ। ਉਨ੍ਹਾਂ ਕਿਹਾ, ‘ਸੰਵੇਦਨਸ਼ੀਲ ਸਾਈਬਰ ਸਮਰੱਥਾ ਜਿਸ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਹੋਵੇ, ਉਸ ਨੂੰ ਅਪਰਾਧੀ ਸਰਕਾਰ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਜੋ ਲੋਕਤੰਤਰ ਦਾ ਆਧਾਰ ਘਟਾ ਰਹੀ ਹੋਵੇ।’
ਪੁਲੀਸ ਨੇ ਯੇਰੂਸ਼ਲਮ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਆਵਾਜਾਈ ਰੋਕਣ ਵਾਲੇ ਲੋਕਾਂ ਨੂੰ ਖਿੰਡਾਉਣ ਲਈ ਜਲ ਤੋਪਾਂ ਦੀ ਵਰਤੋਂ ਵੀ ਕੀਤੀ। ਪੁਲੀਸ ਨੇ ਮੋਦੀਇਨ ਸ਼ਹਿਰ ਨੂੰ ਜਾਣ ਵਾਲੀ ਸੜਕ ’ਤੇ ਅੜਿੱਕਾ ਪਾ ਰਹੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਹੁਣ ਤੱਕ 42 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਵਿਚਾਲੇ ਦੇਸ਼ ਦੀ ਕੌਮੀ ਮਜ਼ਦੂਰ ਯੂਨੀਅਨ ਦੇ ਮੁਖੀ ਅਰਨੋਨ ਬਾਰ ਡੇਵਿਡ ਨੇ ਆਮ ਹੜਤਾਲ ਦੀ ਚਿਤਾਵਨੀ ਦਿੱਤੀ ਹੈ ਜਿਸ ਨਾਲ ਦੇਸ਼ ’ਚ ਆਰਥਿਕ ਗਤੀਵਿਧੀਆਂ ਠੱਪ ਹੋ ਸਕਦੀਆਂ ਹਨ। -ਪੀਟੀਆਈ