For the best experience, open
https://m.punjabitribuneonline.com
on your mobile browser.
Advertisement

ਨਸ਼ੇ ਤੇ ਘੁਸਪੈਠ ਰੋਕਣ ਲਈ ਬੀਐੱਸਐੱਫ ਦਾ ਸਾਥ ਦੇਣ ਲੋਕ: ਪੁਰੋਹਿਤ

09:45 PM Jun 23, 2023 IST
ਨਸ਼ੇ ਤੇ ਘੁਸਪੈਠ ਰੋਕਣ ਲਈ ਬੀਐੱਸਐੱਫ ਦਾ ਸਾਥ ਦੇਣ ਲੋਕ  ਪੁਰੋਹਿਤ
Advertisement

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ

Advertisement

ਬਟਾਲਾ/ਡੇਰਾ ਬਾਬਾ ਨਾਨਕ, 7 ਜੂਨ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਧਰਮਕੋਟ ਰੰਧਾਵਾ ਦਾ ਵਿਸ਼ੇਸ਼ ਦੌਰਾ ਕੀਤਾ। ਰਾਜਪਾਲ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਨਾਲ ਸਰਹੱਦੀ ਸੁਰੱਖਿਆ ਮਜ਼ਬੂਤ ਕਰਨ, ਘੁਸਪੈਠ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਬਾਰੇ ਗੱਲਬਾਤ ਕੀਤੀ| ਉਨ੍ਹਾਂ ਲੋਕਾਂ ਨੂੰ ਚੌਕਸੀ ਰੱਖਣ ਲਈ ਪ੍ਰੇਰਿਤ ਕੀਤਾ| ਪਿੰਡ ਧਰਮਕੋਟ ਰੰਧਾਵਾ ਦੇ ਦੌਰੇ ਦੌਰਾਨ ਰਾਜਪਾਲ ਨੇ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਸੁਰੱਖਿਆ ਕਰਮਚਾਰੀਆਂ, ਸਥਾਨਕ ਅਧਿਕਾਰੀਆਂ ਅਤੇ ਕਮਿਊਨਿਟੀ ਦੇ ਨੁਮਾਇੰਦਿਆਂ ਨਾਲ ਚਰਚਾ ਕੀਤੀ। ਸਰਹੱਦ ‘ਤੇ ਉੱਭਰ ਰਹੇ ਖਤਰਿਆਂ ‘ਤੇ ਰਾਜਪਾਲ ਨੇ ਪੰਜਾਬ ਦੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਦੁਹਰਾਈ। ਰਾਜਪਾਲ ਪੁਰੋਹਿਤ ਨੇ ਸਰਹੱਦੀ ਵਸਨੀਕਾਂ ਨੂੰ ਕਿਹਾ ਕਿ ਨਸ਼ਿਆਂ ਅਤੇ ਘੁਸਪੈਠ ਨੂੰ ਰੋਕਣ ਲਈ ਉਹ ਬੀਐੱਸਐੱਫ ਦੇ ਜਵਾਨਾਂ ਦਾ ਸਾਥ ਦੇਣ| ਸ੍ਰੀ ਪੁਰੋਹਿਤ ਨੇ ਆਬਾਦ ਕੈਂਪ ਦੌਰਾਨ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ ਅਤੇ ਬੀਐੱਸਐੱਫ ਵੱਲੋਂ ਲਗਾਏ ਗਏ ਸਟਾਲ ਦਾ ਵੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੀਕੇ ਜੰਜੂਆ, ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ, ਰਾਜਪਾਲ ਦੇ ਵਧੀਕ ਮੁੱਖ ਸਕੱਤਰ ਕੇ ਸ਼ਿਵ ਪ੍ਰਸ਼ਾਦ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸਐੱਸਪੀ ਬਟਾਲਾ ਅਸ਼ਵਨੀ ਗੋਟਿਆਲ ਆਦਿ ਹਾਜ਼ਰ ਸਨ।

ਇਸ ਮੌਕੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਵੀ ਵਿਸ਼ੇਸ਼ ਦੌਰਾ ਕੀਤਾ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ ਦੀਦਾਰ ਕੀਤੇ| ਉਧਰ ਰਾਜਪਾਲ ਦੇ ਡੇਰਾ ਬਾਬਾ ਨਾਨਕ ਦੇ ਦੌਰੇ ਦੌਰਾਨ ਹਲਕੇ ਦੇ ‘ਆਪ’ ਆਗੂ ਗੁਰਦੀਪ ਸਿੰਘ ਰੰਧਾਵਾ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਸਰਹੱਦੀ ਇਲਾਕਿਆਂ ‘ਚ ਨਸ਼ਿਆਂ ਤੇ ਘੁਸਪੈਠ ਦਾ ਸ਼ਾਂਤਮਈ ਤੇ ਪੱਕਾ ਹੱਲ ਕਰਨ ਦੀ ਮੰਗ ਕੀਤੀ| ‘ਆਪ’ ਆਗੂ ਨੇ ਸਿੱਧੇ ਲਫ਼ਜ਼ਾਂ ‘ਚ ਰਾਜਪਾਲ ਨੂੰ ਕਿਹਾ ਕਿ ਬਾਰਡਰ ਦੇ ਇਲਾਕਿਆਂ ਨੂੰ ਜੰਗ ਦਾ ਅਖਾੜਾ ਨਾ ਬਣਾਇਆ ਜਾਵੇ| ਇਸ ਤੋਂ ਪਹਿਲਾਂ ਰਾਜਪਾਲ ਨੇ ਆਪਣੇ ਸੰਬੋਧਨ ‘ਚ ਪਾਕਿਸਤਾਨ ਨੂੰ ਨਸ਼ਿਆਂ ਅਤੇ ਘੁਸਪੈਠ ਬਾਰੇ ਸਬਕ ਸਿਖਾਉਣ ਦੀ ਗੱਲ ਆਖੀ ਸੀ|

ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਪੰਚਾਂ-ਸਰਪੰਚਾਂ ਨਾਲ ਮੀਟਿੰਗ ਕਰ ਕੇ ਸਰਹੱਦੀ ਸੁਰੱਖਿਆ ਅਤੇ ਘੁਸਪੈਠ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਾਰਨ ਪੈਦਾ ਹੋ ਰਹੀਆਂ ਚੁਣੌਤੀਆਂ ਵਾਲੀ ਸਥਿਤੀ ਦਾ ਜਾਇਜ਼ਾ ਲਿਆ ਹੈ। ਰਾਜਪਾਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੰਡੀਕੇਟ ਹਾਲ ਵਿੱਚ ਇਸ ਸਬੰਧੀ ਦੋਵਾਂ ਸਰਹੱਦੀ ਜ਼ਿਲ੍ਹਿਆਂ ਦੇ ਸਰਪੰਚਾਂ ਤੇ ਪੰਚਾਂ ਨਾਲ ਵਿਚਾਰ ਚਰਚਾ ਕੀਤੀ। ਇਸ ਮੀਟਿੰਗ ਵਿਚ ਰਾਜਪਾਲ ਦੇ ਨਾਲ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੀਕੇ ਜੰਜੂਆ, ਡੀਜੀਪੀ ਗੌਰਵ ਯਾਦਵ ਸਮੇਤ ਹੋਰ ਉੱਚ ਅਧਿਕਾਰੀ ਸ਼ਾਮਲ ਸਨ। ਆਪਣੇ ਸੰਬੋਧਨ ‘ਚ ਰਾਜਪਾਲ ਨੇ ਕਿਹਾ ਕਿ ਪੰਜਾਬ ਪੂਰੇ ਭਾਰਤ ‘ਚੋਂ ਵਧੀਆ ਸੂਬਾ ਹੈ, ਜਿਸ ਨੇ ਦੇਸ਼ ਦੇ ਅੰਨ ਭੰਡਾਰ ਨੂੰ ਖੁਸ਼ਹਾਲ ਕੀਤਾ ਹੈ। ਉਨ੍ਹਾਂ ਸਰਪੰਚਾਂ ਤੇ ਪੰਚਾਂ ਨੂੰ ਕਿਹਾ ਕਿ ਉਹ ਚੌਕਸ ਰਹਿਣ ਅਤੇ ਸੁਰੱਖਿਆ ਬਲਾਂ ਦੇ ਅੱਖ ਤੇ ਕੰਨ ਵਜੋਂ ਕੰਮ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣ ਲਈ ਰਾਸ਼ਟਰ ਦੀ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾਉਣਾ ਹੋਵੇਗਾ, ਜੇਕਰ ਪਿੰਡ ਵਿੱਚ ਕੋਈ ਵਿਅਕਤੀ ਨਸ਼ਾ ਆਦਿ ਵੇਚਦਾ ਹੈ ਤਾਂ ਉਸ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।

Advertisement
Advertisement
Advertisement
×