For the best experience, open
https://m.punjabitribuneonline.com
on your mobile browser.
Advertisement

ਲੋਕਾਂ ਨੇ ਰਾਮਨਗਰ ਸਬਿੀਆਂ ’ਚ ਬਣ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਬੰਦ ਕਰਵਾਇਆ

08:01 AM Apr 04, 2024 IST
ਲੋਕਾਂ ਨੇ ਰਾਮਨਗਰ ਸਬਿੀਆਂ ’ਚ ਬਣ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਬੰਦ ਕਰਵਾਇਆ
ਪਿੰਡ ਰਾਮਨਗਰ ਸਿਬੀਆਂ ਨੇੜੇ ਬਣ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਵਿਰੋਧ ਕਰਦੇ ਹੋਏ ਲੋਕ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਅਪਰੈਲ
ਪਿੰਡ ਰਾਮਨਗਰ ਸਬਿੀਆਂ ਵਿਖੇ ਲੱਗ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਰਾਮਨਗਰ ਸਬਿੀਆਂ ਦੇ ਲੋਕਾਂ ਵੱਲੋਂ ਪਲਾਂਟ ਨੇੜੇ ਸੁਨਾਮ ਰੋਡ ’ਤੇ ਰੋਸ ਧਰਨਾ ਲਗਾ ਕੇ ਐਲਾਨ ਕਰ ਦਿੱਤਾ ਹੈ ਕਿ ਉਹ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਨਹੀਂ ਹੋਣ ਦੇਣਗੇ। ਅੱਜ ਪ੍ਰਸ਼ਾਸਨ ਦੀ ਤਰਫੋਂ ਤਹਿਸੀਲਦਾਰ ਧਰਨਾਕਾਰੀਆਂ ਨੂੰ ਸਮਝਾਉਣ ਪੁੱਜੇ ਸਨ ਪਰੰਤੂ ਵਿਰੋਧ ਕਾਰਨ ਉਨ੍ਹਾਂ ਨੂੰ ਬੇਰੰਗ ਪਰਤਣਾ ਪਿਆ।
ਉਗਰਾਹਾਂ ਜਥੇਬੰਦੀ ਦੇ ਆਗੂ ਹਾਕਮ ਸਿੰਘ ਖੇੜੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਿੰਡ ਵਾਲਿਆਂ ਨੂੰ ਦੱਸਿਆ ਗਿਆ ਸੀ ਕਿ ਪਾਣੀ ਨਾਲ ਸਬੰਧਤ ਪਲਾਂਟ ਲੱਗੇਗਾ ਜਿਸ ਕਾਰਨ ਪਿੰਡ ਵਾਲਿਆਂ ਨੇ ਕੋਈ ਵਿਰੋਧ ਨਹੀਂ ਕੀਤਾ ਪਰੰਤੂ ਹੁਣ ਇਥੇ ਸੀਮਿੰਟ ਦੀਆਂ ਵੱਡੀਆਂ ਪਾਈਪਾਂ ਲਿਆ ਕੇ ਸੁੱਟ ਦਿੱਤੀਆਂ ਤਾਂ ਲੋਕਾਂ ਨੂੰ ਸ਼ੱਕ ਹੋਇਆ। ਹੁਣ ਪ੍ਰਸ਼ਾਸਨ ਆਖ਼ ਰਿਹਾ ਹੈ ਕਿ ਇਥੇ ਸੀਵਰੇਜ ਟਰੀਟਮੈਂਟ ਪਲਾਂਟ ਲੱਗੇਗਾ ਅਤੇ ਇਨ੍ਹਾਂ ਪਾਈਪਾਂ ਰਾਹੀਂ ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਨਵੇਂ ਲੱਗ ਰਹੇ ਟਰੀਟਮੈਂਟ ਪਲਾਂਟ ’ਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟ ਲੱਗਣ ਨਾਲ ਪਿੰਡ ਦੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਨਾਲ ਜੂਝਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਪਾਣੀ ਫ਼ਸਲਾਂ ਲਈ ਵੀ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਲੋਕਾਂ ਵਲੋਂ ਪੱਕਾ ਮੋਰਚਾ ਲਗਾ ਦਿੱਤਾ ਹੈ ਅਤੇ ਉਹ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਸ਼ੁਰੂ ਨਹੀਂ ਹੋਣ ਦੇਣਗੇ। ਉਨ੍ਹਾਂ ਦੱਸਿਆ ਕਿ ਅੱਜ ਤਹਿਸੀਲਦਾਰ ਸੰਗਰੂਰ ਪੁੱਜੇ ਸਨ ਜਿਨ੍ਹਾਂ ਵਲੋਂ ਭਰੋਸਾ ਦਿੱਤਾ ਗਿਆ ਕਿ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ ਪਰੰਤੂ ਕੰਮ ’ਚ ਰੁਕਾਵਟ ਨਾ ਪਾਈ ਜਾਵੇ। ਆਗੂਆਂ ਨੇ ਕਿਹਾ ਕਿ ਉਹ ਕੰਮ ਸ਼ੁਰੂ ਨਹੀਂ ਹੋਣ ਦੇਣਗੇ ਅਤੇ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਪਰਗਟ ਸਿੰਘ ਇਕਾਈ ਪ੍ਰਧਾਨ ਰਾਮਨਗਰ ਸਬਿੀਆਂ, ਪ੍ਰੈਸ ਸਕੱਤਰ ਕਰਮਜੀਤ ਸਿੰਘ, ਬਿੱਕਰ ਸਿੰਘ ਸਬਿੀਆਂ, ਹਰਮਿੰਦਰ ਸਿੰਘ, ਗੁਰਮੇਲ ਸਿੰਘ ਪੰਚ, ਹਰਪ੍ਰੀਤ ਸਿੰਘ ਕਾਲਾ ਆਦਿ ਮੌਜੂਦ ਸਨ। ਤਹਿਸੀਲਦਾਰ ਸੁਰਿੰਦਰ ਪਾਲ ਸਿੰਘ ਪੰਨੂ ਦਾ ਕਹਿਣਾ ਹੈ ਕਿ ਇਥੇ ਸੀਵਰੇਜ ਟਰੀਟਮੈਂਟ ਪਲਾਂਟ ਹੀ ਲੱਗਣਾ ਹੈ ਜਿਸ ਨਾਲ ਕੋਈ ਗੰਦਗੀ ਨਹੀਂ ਫੈਲੇਗੀ। ਬਿਲਕੁਲ ਸਾਫ਼ ਸੁਥਰਾ ਹੋਵੇਗਾ। ਲੋਕਾਂ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਬਾਰੇ ਵਿਸਥਾਰ ਵਿਚ ਜਾਗਰੂਕ ਕਰਕੇ ਜਲਦ ਕੰਮ ਸ਼ੁਰੂ ਕਰਵਾਇਆ ਜਾਵੇਗਾ।

Advertisement

Advertisement
Author Image

Advertisement
Advertisement
×