For the best experience, open
https://m.punjabitribuneonline.com
on your mobile browser.
Advertisement

ਮੁਗਲ ਮਾਜਰੀ ਤੇ ਦੁਲਚੀ ਮਾਜਰਾ ਵਿੱਚ ਡੀ-ਸਿਲਟਿੰਗ ਕਰਨ ਆਏ ਠੇਕੇਦਾਰਾਂ ਨੂੰ ਲੋਕਾਂ ਨੇ ਰੋਕਿਆ

06:30 AM Jun 07, 2024 IST
ਮੁਗਲ ਮਾਜਰੀ ਤੇ ਦੁਲਚੀ ਮਾਜਰਾ ਵਿੱਚ ਡੀ ਸਿਲਟਿੰਗ ਕਰਨ ਆਏ ਠੇਕੇਦਾਰਾਂ ਨੂੰ ਲੋਕਾਂ ਨੇ ਰੋਕਿਆ
ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਲੋਕ ਅਤੇ ਬਚਿੱਤਰ ਸਿੰਘ ਜਟਾਣਾ। -ਫੋਟੋ: ਜਗਮੋਹਨ ਸਿੰਘ
Advertisement

ਪੱਤਰ ਪ੍ਰੇਰਕ
ਰੂਪਨਗਰ, 6 ਜੂਨ
ਅੱਜ ਰੂਪਨਗਰ ਜ਼ਿਲ੍ਹੇ ਦੇ ਥਾਣਾ ਸਿੰਘ ਭਗਵੰਤਪੁਰਾ ਅਧੀਨ ਪੈਂਦੇ ਪਿੰਡਾਂ ਦੁਲਚੀ ਮਾਜਰਾ ਅਤੇ ਮੁਗਲ ਮਾਜਰੀ ਵਿੱਚ ਨਦੀ ਦੀ ਡੀ-ਸਿਲਟਿੰਗ ਕਰਨ ਆਏ ਠੇਕੇਦਾਰਾਂ ਨੂੰ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਰੋਕ ਦਿੱਤਾ। ਅੱਜ ਸਵੇਰੇ ਦੁਲਚੀ ਮਾਜਰਾ ਦੀ ਨਦੀ ਵਿੱਚ ਇਕੱਤਰ ਹੋਏ ਇਲਾਕਾ ਵਾਸੀਆਂ ਨਰਿੰਦਰ ਸਿੰਘ ਮਾਵੀ ਸਾਬਕਾ ਸਰਪੰਚ ਸੀਹੋਂਮਾਜਰਾ, ਰਣਵੀਰ ਸਿੰਘ ਬਬਲਾ ਸਰਪੰਚ ਗੋਸਲਾਂ, ਦਰਸ਼ਨ ਸਿੰਘ ਸਰਪੰਚ ਦੁਲਚੀਮਾਜਰਾ, ਹਰਮਨਜੀਤ ਸਿੰਘ ਦੁਲਚੀਮਾਜਰਾ, ਸੁਖਦੇਵ ਸਿੰਘ ਸੋਤਲ, ਦਰਸ਼ਨ ਸਿੰਘ ਸਾਬਕਾ ਸਰਪੰਚ ਦੁਲਚੀਮਾਜਰਾ ਤੋਂ ਇਲਾਵਾ ਹੋਰ ਮੋਹਤਬਰਾਂ ਨੇ ਰੋਸ ਜਤਾਉਂਦਿਆਂ ਹੋਇਆਂ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਅੰਦਰ ਨਦੀ ਜ਼ਮੀਨਾਂ ਨਾਲੋਂ ਲਗਭਗ 10 ਤੋਂ 15 ਫੁੱਟ ਤੱਕ ਨੀਵੀਂ ਹੈ ਅਤੇ ਇਧਰਲੇ ਪਾਸੇ ਨਦੀ ਨੂੰ ਹੋਰ ਡੂੰਘਾ ਕਰਨ ਨਾਲ ਫਾਇਦੇ ਦੀ ਬਜਾਏ ਨੁਕਸਾਨ ਜ਼ਿਆਦਾ ਹੋਵੇਗਾ।
ਲੋਕਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਜਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਦਿੱਤੇ ਤੋਂ ਬਿਨਾਂ ਹੀ ਨਦੀ ਵਿੱਚੋਂ ਮਟੀਰੀਅਲ ਪੁੱਟ ਕੇ ਸੜਕਾਂ ਤੇ ਪਾਉਣ ਲਈ ਪ੍ਰਾਈਵੇਟ ਠੇਕੇਦਾਰਾਂ ਨੂੰ ਟੈਂਡਰ ਅਲਾਟ ਕਰ ਦਿੱਤੇ ਗਏ ਹਨ, ਜਿਨ੍ਹਾਂ ਨੇ ਵੱਡੇ ਪੱਧਰ ਤੇ ਪੋਕਲੇਨ ਮਸ਼ੀਨਾਂ ਲਿਆ ਕੇ ਨਦੀ ਵਿੱਚੋਂ ਨਿਕਾਸੀ ਕਰਨੀ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਹੋਇਆਂ ਐੱਸਐੱਚਓ ਜੁਗੇਸ਼ ਕੁਮਾਰ ਸਿੰਘ ਭਗਵੰਤਪੁਰ, ਜਲ ਸਰੋਤ ਕਮ ਖਣਨ ਵਿਭਾਗ ਦੇ ਐੱਸਡੀਓ ਸ਼ਿਆਮ ਵਰਮਾ, ਤਹਿਸੀਲਦਾਰ ਚਮਕੌਰ ਸਾਹਿਬ ਅਤੇ ਜੇ.ਈ. ਸੋਬਤ ਨੇ ਮੌਕੇ ਤੇ ਪੁੱਜ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਲੋਕਾਂ ਨੇ ਸਮਾਜ ਸੇਵੀ ਬਚਿੱਤਰ ਸਿੰਘ ਜਟਾਣਾ ਨੂੰ ਮੌਕੇ ’ਤੇ ਸੱਦ ਲਿਆ ਤੇ ਸ੍ਰੀ ਜਟਾਣਾ ਨੇ ਅਧਿਕਾਰੀਆਂ ਨੂੰ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮਾਮਲੇ ਵਿਭਾਗ ਵੱਲੋਂ 28 ਮਾਰਚ 2024 ਨੂੰ ਜਾਰੀ ਪੱਤਰ ਦਿਖਾਉਂਦਿਆਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ 21 ਮਾਰਚ 2024 ਨੂੰ ਦਿੱਤੇ ਫੈਸਲੇ ਦੇ ਆਧਾਰ ’ਤੇ ਜਾਰੀ ਉਕਤ ਪੱਤਰ ਰਾਹੀਂ ਵਾਤਾਵਰਨ ਮੰਤਰਾਲੇ ਵੱਲੋਂ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਡੈਮਾਂ, ਨਦੀਆਂ ਤੇ ਦਰਿਆਵਾਂ ਆਦਿ ਵਿੱਚੋਂ ਡੀ-ਸਿਲਟਿੰਗ ਕਰਨ ਲਈ ਵੀ ਵਾਤਾਵਰਨ ਨਿਯਮਾਂ ਨੂੰ ਅਪਣਾਇਆ ਜਾਣਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਵਿਭਾਗ ਵਾਤਾਵਰਨ ਨਿਯਮਾਂ ਨੂੰ ਅਪਣਾ ਕੇ ਡੀ-ਸਿਲਟਿੰਗ ਦਾ ਕੰਮ ਕਰਦਾ ਹੈ ਤਾਂ ਕਿਸੇ ਇਲਾਕਾ ਵਾਸੀ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਉਹ ਕਾਨੂੰਨ ਦੀ ਉਲੰਘਣਾ ਕਰਕੇ ਵਾਤਾਵਰਨ ਨਾਲ ਕਿਸੇ ਵੀ ਸੂਰਤ ਵਿੱਚ ਖਿਲਵਾੜ ਨਹੀਂ ਹੋਣ ਦੇਣਗੇ। ਇਸ ਉਪਰੰਤ ਅਧਿਕਾਰੀਆਂ ਨੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਹੋਇਆਂ ਦੋਵੇਂ ਪਿੰਡਾਂ ਵਿੱਚ ਨਿਕਾਸੀ ਦਾ ਚੱਲ ਰਿਹਾ ਕੰਮ ਆਰਜ਼ੀ ਤੌਰ ਤੇ ਬੰਦ ਕਰਵਾ ਦਿੱਤਾ ਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪੰਜ ਨੁੰਮਾਇੰਦੇ ਭਲਕੇ ਐੱਸਡੀਐੱਮ ਦਫਤਰ ਰੂਪਨਗਰ ਵਿੱਚ ਭੇਜਣ ਤਾਂ ਕਿ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨਾਲ ਟੇਬਲ ’ਤੇ ਬੈਠ ਕੇ ਮਸਲੇ ਦਾ ਨਿਬੇੜਾ ਹੋ ਸਕੇ।

Advertisement

Advertisement
Author Image

joginder kumar

View all posts

Advertisement
Advertisement
×