ਠੰਢ ਤੋਂ ਬਚਣ ਲਈ ਧੂਣੀਆਂ ਸੇਕਣ ਲੱਗੇ ਲੋਕ
ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 2 ਜਨਵਰੀ
ਲਗਾਤਾਰ ਪੈ ਰਹੀ ਠੰਢ ਅਤੇ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਾਰਨ ਚਾਰ ਦਿਨਾਂ ਤੋਂ ਲੋਕ ਧੁੱਪ ਨੂੰ ਤਰਸ ਰਹੇ ਹਨ। ਹੁਣ ਠੰਢ ਤੋਂ ਬਚਣ ਲਈ ਲੋਕ ਧੂਣੀਆਂ ਧੁਖਾ ਰਹੇ ਹਨ। ਇਨ੍ਹਾਂ ਧੂਣੀਆਂ ’ਤੇ ਨਵਾਂ ਸਾਲ ਚੜ੍ਹਨ ਨਾਲ ਕੀ ਫ਼ਰਕ ਪਿਆ ਅਤੇ ਸਰਕਾਰ ਕੀ ਨਵਾਂ ਕਰੇਗੀ, ਆਉਣ ਵਾਲੀਆਂ ਪੰਚਾਇਤ ਚੋਣਾਂ ਬਾਰੇ ਵਿਚਾਰਾਂ ਹੋ ਰਹੀਆਂ ਹਨ ਅਤੇ ਨਾਲ ਹੀ ਨਸ਼ਿਆਂ ਨੂੰ ਠੱਲ੍ਹ ਨਾ ਪਾਈ ਜਾ ਸਕਣ ਦੇ ਮੁੱਦੇ ਉੱਪਰ ਵੀ ਚਰਚਾ ਕੀਤੀ ਜਾ ਰਹੀ ਹੈ। ਅਤਿ ਦੀ ਠੰਢ ਕਾਰਨ ਗਰੀਬੀ ਰੇਖਾ ਵਿੱਚ ਜੀਅ ਰਹੇ ਕਿਰਤੀ ਕਾਮੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਤੁੱਛ ਜਿਹੀਆਂ ਸਹੂਲਤਾਂ ਵਿੱਚ ਜੀਵਨ ਬਸਰ ਕਰਨ ਵਾਲੇ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਰਹੇ ਹਨ। ਛੋਟੇ ਅਤੇ ਠੰਢ ਦਿਨ ਹੋਣ ਕਾਰਨ ਕੰਮ ਵੀ ਘਟ ਗਏ ਹਨ।
ਸ਼ਹਿਣਾ (ਪੱਤਰ ਪ੍ਰੇਰਕ): ਜਨਵਰੀ ਮਹੀਨੇ ਵਿੱਚ ਠੰਢ ਅਤੇ ਸੀਤ ਲਹਿਰ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਲੋਕ ਇਸ ਠੰਢ ਤੋਂ ਬਚਣ ਲਈ ਅੱਗ ਸੇਕ ਰਹੇ ਹਨ। ਇਸ ਦਾ ਅਸਰ ਸੜਕੀ ਆਵਾਜਾਈ ਦੀ ਰਫ਼ਤਾਰ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਇਲਾਕੇ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਸੀਤ ਲਹਿਰ ਕਾਰਨ ਹਰ ਕੋਈ ਕੰਬਦਾ ਨਜ਼ਰ ਆ ਰਿਹਾ ਹੈ। ਕਈ ਦਿਨਾਂ ਤੋਂ ਧੁੱਪ ਨਹੀਂ ਨਿਕਲੀ ਅਤੇ ਸੀਤ ਲਹਿਰ ਚੱਲਦੀ ਰਹੀ। ਕਸਬੇ ਸ਼ਹਿਣਾ ਦੇ ਮੁੱਖ ਬਾਜ਼ਾਰ ਵਿੱਚ ਦੁਕਾਨਦਾਰਾਂ ਨੇ ਅੱਗ ਸੇਕ ਕੇ ਠੰਢ ਤੋਂ ਬਚਾਅ ਕੀਤਾ। ਇਸ ਮੌਕੇ ਦੁਕਾਨਦਾਰ ਸਰਭੂ ਸ਼ਹਿਣਾ, ਚਰਨਜੀਤ ਸਿੰਘ, ਮਹਿੰਦਰ ਸਿੰਘ, ਕਮਲੇਸ਼ ਕੁਮਾਰ, ਪ੍ਰਦੀਪ ਗੋਇਲ ਆਦਿ ਨੇ ਕਿਹਾ ਕਿ ਠੰਢ ਵਧਣ ਕਾਰਨ ਵੀ ਗਾਹਕ ਘੱਟ ਹਨ ਅਤੇ ਉਹ ਇਸ ਸਮੇਂ ਮੰਦੀ ਦੇ ਸੰਕਟ ’ਚੋਂ ਲੰਘ ਰਹੇ ਹਨ।