ਲੋਕ ਆਪਣੇ ਪੱਧਰ ’ਤੇ ਬੰਨ੍ਹ ਦੀ ਮੁਰੰਮਤ ਕਰਨ ਲੱਗੇ
ਪੱਟੀ (ਬੇਅੰਤ ਸਿੰਘ ਸੰਧੂ): ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਵਿੱਚ 2 ਲੱਖ 85 ਹਜ਼ਾਰ ਕਿਊਸਕ ਪਾਣੀ ਛੱਡੇ ਜਾਣ ਨਾਲ ਧੁਸੀ ਬੰਨ੍ਹ ਟੁੱਟਣ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਹਰੀਕੇ ਤੋਂ ਮੁਠਿਆਵਾਲੇ ਤੱਕ ਕਰੀਬ 30 ਕਿਲੋਮੀਟਰ ਦੇ ਧੁੱਸੀ ਬੰਨ੍ਹ ਉਪਰ ਸੜਕ ਬਣਾ ਕਿ ਪੱਕਾ ਕੀਤਾ ਗਿਆ ਸੀ ਪਰ ਲਗਾਤਾਰ ਵਧ ਰਹੇ ਪਾਣੀ ਕਰਕੇ ਅੱਜ ਸਵੇਰ ਵੇਲੇ ਬਸਤੀ ਲਾਲ ਸਿੰਘ ਦੇ ਨਜ਼ਦੀਕ ਬੰਨ੍ਹ ਦਾ ਕੁਝ ਹਿੱਸਾ ਪਾਣੀ ਵਿੱਚ ਧਸ ਗਿਆ ਪਰ ਸਥਾਨਕ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਟਰੈਕਟਰਾਂ ਨਾਲ ਮਿੱਟੀ ਪਾ ਕੇ ਬੰਨ੍ਹ ਨੂੰ ਟੁੱਟਣ ਤੋਂ ਬਚਾ ਲਿਆ ਗਿਆ। ਇਸ ਤੋਂ ਇਲਾਵਾ ਪਿੰਡ ਭਓਵਾਲ ਰਸੂਲਪੁਰ ਮੁਠਿਆਵਾਲਾ ਨਜ਼ਦੀਕ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਮਿੱਟੀ ਪਾ ਕੇ ਖਤਰੇ ਵਾਲੀਆ ਥਾਵਾਂ ਤੇ ਦਿਨ ਰਾਤ ਬੰਨ੍ਹ ਦੀ ਮੁਰੰਮਤ ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਹਰੀਕੇ ਪੱਤਣ ਤੋਂ ਡਾਊਨ ਸਟਰੀਮ ਵਿੱਚ ਲਗਾਤਾਰ ਵਧ ਰਹੇ ਹੜ੍ਹ ਦੇ ਪਾਣੀ ਦੇ ਡਰੋਂ ਧੁੱਸੀ ਨਜ਼ਦੀਕ ਵਸੇ ਲੋਕਾਂ ਵੱਲੋਂ ਆਪਣਾ ਘਰੇਲੂ ਸਾਮਾਨ ਤੇ ਪਸ਼ੂਆਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਤੇ ਸੁਰੱਖਿਅਤ ਥਾਵਾਂ ’ਤੇ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਸਿਰਫ ਦਿਖਾਵਾ ਕਰ ਰਹੀ ਹੈ ਜਦੋਂ ਕਿ ਜ਼ਮੀਨੀ ਪੱਧਰ ’ਤੇ ਹੜ੍ਹ ਪੀੜਤ ਲੋਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਜ਼ਮੀਨੀ ਪੱਧਰ ’ਤੇ ਹੜ੍ਹ ਪੀੜਤਾਂ ਦੀ ਤੁਰੰਤ ਮਦਦ ਕਰੇ।