ਨਸ਼ਿਆਂ ਤੇ ਗੁੰਡਾਗਰਦੀ ਦੀਆਂ ਘਟਨਾਵਾਂ ਵਧਣ ਖ਼ਿਲਾਫ਼ ਡਟੇ ਲੋਕ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 30 ਸਤੰਬਰ
ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਵੱਧ ਰਹੇ ਨਸ਼ੇ, ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ, ਗੁੰਡਾਗਰਦੀ, ਲੁੱਟਾਂ ਖੋਹਾਂ, ਚੋਰੀਆਂ, ਡਕੈਤੀਆਂ ਤੇ ਗੋਲੀਬਾਰੀ ਦੀਆਂ ਵਧ ਰਹੀਆਂ ਘਟਨਾਵਾਂ, ਵਿਆਪਕ ਦਹਿਸ਼ਤ ਦੇ ਮਾਹੌਲ ਵਿਰੁੱਧ ਅਤੇ ਕਿਸਾਨ ਆਗੂ ਹਰਜੀਤ ਸਿੰਘ ਕਾਹਲੋਂ ਦੇ ਭਰਾ ਹਰਪ੍ਰੀਤ ਸਿੰਘ ਉੱਪਰ ਗੋਲੀ ਚਲਾਉਣ ਵਾਲੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਵਾਉਣ ਆਦਿ ਨੂੰ ਲੈ ਕੇ ਅੱਜ ਕਸਬਾ ਕਲਾਨੌਰ ਦੇ ਸ਼ਵਿ ਮੰਦਰ ਪਾਰਕ ਵਿੱਚ ਰੈਲੀ ਕੀਤੀ ਗਈ। ਰੈਲੀ ’ਚ ਆਏ ਲੋਕਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼, ਨਸ਼ਿਆਂ, ਗੁੰਡਾਗਰਦੀ ਤੇ ਲੁੱਟਾਂ-ਖੋਹਾਂ, ਗੋਲੀਬਾਰੀ ਦੀਆਂ ਘਟਨਾਵਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਰੈਲੀ ਦੀ ਪ੍ਰਧਾਨਗੀ ਸਤਬੀਰ ਸਿੰਘ ਸੁਲਤਾਨੀ, ਗੁਲਜਾਰ ਸਿੰਘ ਬਸੰਤਕੋਟ, ਰਾਜਗੁਰਵਿੰਦਰ ਸਿੰਘ ਲਾਡੀ, ਸੁਖਦੇਵ ਸਿੰਘ ਭਾਗੋਕਾਵਾਂ, ਕਸ਼ਮੀਰ ਸਿੰਘ ਤੁਗਲਵਾਲ, ਜਗਜੀਤ ਸਿੰਘ ਕਲਾਨੌਰ, ਹਰਜੀਤ ਸਿੰਘ ਕਾਹਲੋਂ, ਗੁਰਵਿੰਦਰ ਸਿੰਘ ਜੀਵਨਚੱਕ, ਲਖਵਿੰਦਰ ਸਿੰਘ ਮਰੜ, ਸੁਰਿੰਦਰ ਸਿੰਘ ਕੋਠੇ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਸੀਟੀਯੁੂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ, ਪ੍ਰਧਾਨ ਨੱਥਾ ਸਿੰਘ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਰੋਕਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ।