ਲੋਕ ‘ਆਪ’ ਦੀ ਕਾਰਗੁਜ਼ਾਰੀ ਦੇਖਣ ਤੇ ਭਾਜਪਾ ਨੂੰ ਵੋਟ ਨਾ ਪਾਉਣ: ਕੇਜਰੀਵਾਲ
ਨਵੀਂ ਦਿੱਲੀ, 27 ਅਕਤੂਬਰ
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ‘ਆਪ’ ਨੇ ਪਿਛਲੇ ਦਸ ਸਾਲ ਦਿੱਲੀ ਵਾਸੀਆਂ ਲਈ ਬਹੁਤ ਕੰਮ ਕੀਤੇ ਹਨ ਤੇ ਕਿਸੇ ਹੋਰ ਪਾਰਟੀ ਨੇ ਅਜਿਹੇ ਕੰਮ ਦੇਸ਼ ਭਰ ਵਿਚ ਕਿਤੇ ਵੀ ਨਹੀਂ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਜੇ ਭਗਵਾਂ ਪਾਰਟੀ ਦਿੱਲੀ ਦੀ ਸੱਤਾ ਸੰਭਾਲਦੀ ਹੈ ਤਾਂ ਉਹ ‘ਆਪ’ ਵੱਲੋਂ ਚਲਾਈਆਂ ਜਾ ਰਹੀਆਂ ਬਿਜਲੀ, ਸਿਹਤ ਸੇਵਾਵਾਂ, ਸਿੱਖਿਆ ਅਤੇ ਔਰਤਾਂ ਲਈ ਬੱਸਾਂ ਦੀਆਂ ਮੁਫ਼ਤ ਸਕੀਮਾਂ ਬੰਦ ਕਰ ਦੇਵੇਗੀ। ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੈਦਲ ਯਾਤਰਾ ਕਰ ਰਹੇ ਹਨ। ਸ੍ਰੀ ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਉਹ ਭਾਜਪਾ ਨੂੰ ਵੋਟ ਨਾ ਪਾਉਣ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਉਹ ਵਧੇ ਹੋਏ ਪਾਣੀ ਦੇ ਬਿੱਲਾਂ ਨੂੰ ਮੁਆਫ਼ ਕਰਵਾ ਦੇਣਗੇ ਤੇ ਲੋਕ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਬਣਨ ਵਿੱਚ ਮਦਦ ਕਰਨ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਵੋਟਾਂ ਫਰਵਰੀ ਵਿਚ ਪੈਣੀਆਂ ਹਨ। ਇਸ ਮੌਕੇ ਮੁੱਖ ਮੰਤਰੀ ਆਤਿਸ਼ੀ, ਮਨੀਸ਼ ਸਿਸੋਦੀਆ ਅਤੇ ਸੰਜੈ ਸਿੰਘ ਸਣੇ ਹੋਰ ਆਗੂ ਪੈਦਲ ਯਾਤਰਾ ਵਿਚ ਸ਼ਾਮਲ ਹੋਏ। ਪੀਟੀਆਈ