ਵਿਧਾਨ ਸਭਾ ’ਚ ਕਦੇ ਨਾ ਬੋਲਣ ਵਾਲੇ ਪੱਪੀ ਤੋਂ ਲੋਕ ਉਮੀਦ ਨਾ ਰੱਖਣ: ਵੜਿੰਗ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 15 ਮਈ
ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬੇਟ ਇਲਾਕੇ ਦੇ ਪਿੰਡਾਂ ਤਲਵਾੜਾ, ਸਲੇਮਪੁਰਾ ਅਤੇ ਮਲਸੀਹਾਂ ਵਿੱਚ ਚੋਣ ਜਲਸੇ ਕੀਤੇ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰਾਂ ’ਤੇ ਨਿਸ਼ਾਨੇ ਸੇਧੇ। ਇਨ੍ਹਾਂ ਲੋਕ ਸਭਾ ਚੋਣਾਂ ਨੂੰ ਬੇਹੱਦ ਅਹਿਮ ਅਤੇ ਦੇਸ਼ ਦਾ ਭਵਿੱਖ ਤੈਅ ਕਰਨ ਵਾਲੀਆਂ ਕਰਾਰ ਦਿੰਦਿਆਂ ਰਾਜਾ ਵੜਿੰਗ ਨੇ ਸੰਵਿਧਾਨ, ਦੇਸ਼ ਅਤੇ ਬੱਚਿਆਂ ਦੇ ਭਵਿੱਖ ਲਈ ਭਾਜਪਾ ਖ਼ਿਲਾਫ਼ ਵੋਟਾਂ ਪਾਉਣ ਦੀ ਅਪੀਲ ਕੀਤੀ। ਰਾਜਾ ਵੜਿੰਗ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦੋਸਤ ਰਵਨੀਤ ਬਿੱਟੂ ਨੂੰ ਲਾਭ ਪਹੁੰਚਾਉਣ ਲਈ ਜਾਣ-ਬੁੱਝ ਕੇ ਆਪਣੀ ਪਾਰਟੀ ਵਲੋਂ ਕਮਜ਼ੋਰ ਉਮੀਦਵਾਰ ਖੜ੍ਹਾ ਕੀਤਾ ਹੈ। ਰਾਜਾ ਵੜਿੰਗ ਨੇ ਆਖਿਆ ਕਿ ਜਿਹੜੇ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਤਕ ਵਿਧਾਨ ਸਭਾ ਵਿੱਚ ਖੜ੍ਹੇ ਹੋ ਕੇ ਕੋਈ ਮੁੱਦਾ ਨਹੀਂ ਚੁੱਕਿਆ ਉਹ ਸੰਸਦ ਵਿੱਚ ਜਾ ਕੇ ਸੁੱਚੇ ਮੂੰਹ ਹੀ ਮੁੜਨਗੇ। ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ ‘ਗ਼ੱਦਾਰ’ ਦੱਸਦਿਆਂ ਉਨ੍ਹਾਂ ਆਪਣੀ ਵਫ਼ਾਦਾਰੀ ਲਈ ਵੋਟ ਮੰਗੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੂੰ ਕਮਜ਼ੋਰ ਦੱਸਦਿਆਂ ਵੋਟਰਾਂ ਨੂੰ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਵੜਿੰਗ ਨੇ ਇਸ ਸਮੇਂ ਇਕ ਵੈੱਬ ਚੈਨਲ ਨਾਲ ਖਾਸੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਉਸ ’ਤੇ ਹਾਕਮ ਧਿਰ ਦੇ ਹੱਕ ਵਿੱਚ ਭੁਗਤਣ ਦੇ ਦੋਸ਼ ਲਾਏ। ਪੰਜਾਬ ਕਾਂਗਰਸ ਪ੍ਰਧਾਨ ਨੇ ਚੁਣੌਤੀ ਦਿੱਤੀ ਕਿ ਇਹ ਚੈਨਲ ਉਨ੍ਹਾਂ ਖ਼ਿਲਾਫ਼ ਜੋ ਮਰਜ਼ੀ ਦਿਖਾ ਲਵੇ ਅਤੇ ਪੂਰਾ ਜ਼ੋਰ ਲਾ ਲਵੇ ਪਰ ਲੋਕਾਂ ਦੇ ਸਾਥ ਨਾਲ ਉਹ ਲਾਜ਼ਮੀ ਚੋਣ ਜਿੱਤਣਗੇ।