For the best experience, open
https://m.punjabitribuneonline.com
on your mobile browser.
Advertisement

ਲੋਕਾਂ ਨੇ ਸੰਵਿਧਾਨ ਤੇ ਜਮਹੂਰੀ ਪ੍ਰਬੰਧ ’ਚ ਅਟੁੱਟ ਵਿਸ਼ਵਾਸ ਦੁਹਰਾਇਆ: ਮੋਦੀ

07:51 AM Jul 01, 2024 IST
ਲੋਕਾਂ ਨੇ ਸੰਵਿਧਾਨ ਤੇ ਜਮਹੂਰੀ ਪ੍ਰਬੰਧ ’ਚ ਅਟੁੱਟ ਵਿਸ਼ਵਾਸ ਦੁਹਰਾਇਆ  ਮੋਦੀ
Advertisement

ਨਵੀਂ ਦਿੱਲੀ, 30 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਨੂੰ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਚੋਣਾਂ ਕਰਾਰ ਦਿੰਦਿਆਂ ਅੱਜ ਕਿਹਾ ਕਿ ਇਸ ਵਿੱਚ 65 ਕਰੋੜ ਲੋਕਾਂ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਕੇ ਸੰਵਿਧਾਨ ਅਤੇ ਦੇਸ਼ ਦੇ ਜਮਹੂਰੀ ਪ੍ਰਬੰਧ ਵਿੱਚ ਆਪਣਾ ਅਟੁੱਟ ਵਿਸ਼ਵਾਸ ਦੁਹਰਾਇਆ ਹੈ। ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ‘ਆਕਾਸ਼ਵਾਣੀ’ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਪਹਿਲੀ ਵਾਰ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ। ਇਸ 30 ਮਿੰਟ ਦੇ ਰੇਡੀਓ ਪ੍ਰੋਗਰਾਮ ਦੌਰਾਨ ਉਨ੍ਹਾਂ ਪੈਰਿਸ ਓਲੰਪਿਕ, ‘ਵੋਕਲ ਫਾਰ ਲੋਕਲ’ ਅਤੇ ਭਾਰਤੀ ਸਭਿਆਚਾਰ ਦੇ ਦੁਨੀਆਂ ਵਿੱਚ ਵਧਦੇ ਪ੍ਰਭਾਵ ਸਮੇਤ ਕਈ ਮੁੱਦਿਆਂ ’ਤੇ ਚਰਚਾ ਕੀਤੀ। ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦਾ ਇਹ ਪ੍ਰੋਗਰਾਮ ਫਰਵਰੀ ਮਗਰੋਂ ਮੁਲਤਵੀ ਕਰ ਦਿੱਤਾ ਗਿਆ ਸੀ।
ਮੋਦੀ ਨੇ ‘ਮਨ ਕੀ ਬਾਤ’ ਦੀ 111ਵੀਂ ਕੜੀ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਂ ਅੱਜ ਦੇਸ਼ ਵਾਸੀਆਂ ਦਾ ਇਸ ਗੱਲ ਲਈ ਵੀ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਸਾਡੇ ਸੰਵਿਧਾਨ ਅਤੇ ਦੇਸ਼ ਦੀਆਂ ਜਮਹੂਰੀ ਵਿਵਸਥਾਵਾਂ ਵਿੱਚ ਆਪਣਾ ਅਟੁੱਟ ਵਿਸ਼ਵਾਸ ਦੁਹਰਾਇਆ ਹੈ। ਸਾਲ 2024 ਦੀਆਂ ਚੋਣਾਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਚੋਣਾਂ ਸਨ। ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਐਨੀਆਂ ਵੱਡੀਆਂ ਚੋਣਾਂ ਕਦੇ ਨਹੀਂ ਹੋਈਆਂ, ਜਿਨ੍ਹਾਂ ਵਿੱਚ 65 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਹੋਣ।’’ ਪ੍ਰਧਾਨ ਮੰਤਰੀ ਨੇ ਲੋਕ ਸਭਾ ਚੋਣਾਂ ਸਫਲਤਾਪੂਰਵਕ ਸੰਪੰਨ ਕਰਵਾਉਣ ਲਈ ਚੋਣ ਕਮਿਸ਼ਨ ਅਤੇ ਵੋਟਿੰਗ ਪ੍ਰਕਿਰਿਆ ਨਾਲ ਜੁੜੇ ਹਰੇਕ ਵਿਅਕਤੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਵਧੀਆ ਪ੍ਰਦਰਸ਼ਨ ਦੀ ਆਸ ਪ੍ਰਗਟਾਈ। ਉਨ੍ਹਾਂ ਲੋਕਾਂ ਨੂੰ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ‘ਚੀਅਰ4ਭਾਰਤ’ ਹੈਸ਼ਟੈਗ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟੋਕੀਓ ਵਿੱਚ ਪਿਛਲੇ ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਨੇ ਹਰ ਨਾਗਰਿਕ ਦਾ ਦਿਲ ਜਿੱਤ ਲਿਆ ਸੀ ਅਤੇ ਅਥਲੀਟ ਪੂਰੇ ਜੀਅ-ਜਾਨ ਨਾਲ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ।
ਓਲੰਪਿਕ ਖੇਡਾਂ ਇਸ ਵਾਰ ਪੈਰਿਸ ਵਿੱਚ 26 ਜੁਲਾਈ ਤੋਂ 11 ਅਗਸਤ ਤੱਕ ਹੋ ਰਹੀਆਂ ਹਨ। ਟੋਕੀਓ ਓਲੰਪਿਕ ਦੀਆਂ ਯਾਦਾਂ ਤਾਜ਼ਾ ਕਰਦਿਆਂ ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਪ੍ਰਰਦਸ਼ਨ ਨੇ ਹਰ ਭਾਰਤੀ ਦਾ ਦਿਲ ਜਿੱਤ ਲਿਆ ਸੀ। ਉਨ੍ਹਾਂ ਕਿਹਾ, ‘‘ਹੁਣ ਪੂਰਾ ਦੇਸ਼ ਇਹ ਉਮੀਦ ਕਰ ਰਿਹਾ ਹੈ ਕਿ ਸਾਡੇ ਖਿਡਾਰੀ ਓਲੰਪਿਕ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕਰਨਗੇ। ਇਨ੍ਹਾਂ ਖੇਡਾਂ ਵਿੱਚ ਤਗ਼ਮੇ ਵੀ ਜਿੱਤਣਗੇ ਅਤੇ ਦੇਸ਼ਵਾਸੀਆਂ ਦਾ ਦਿਲ ਵੀ ਜਿੱਤਣਗੇ।’’ ਭਾਰਤ ਨੇ ਚਾਰ ਸਾਲ ਪਹਿਲਾਂ ਟੋਕੀਓ ਓਲੰਪਿਕ ਵਿੱਚ ਸਰਵੋਤਮ ਪ੍ਰਦਰਸ਼ਨ ਕਰ ਕੇ ਇੱਕ ਸੋਨ ਤਗ਼ਮੇ ਸਮੇਤ ਸੱਤ ਤਗ਼ਮੇ ਜਿੱਤੇ ਸਨ। ਉਨ੍ਹਾਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਇਸ ਸਾਲ ਸ਼ੁਰੂ ਕੀਤੇ ਗਏ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦਾ ਵੀ ਜ਼ਿਕਰ ਕੀਤਾ। -ਪੀਟੀਆਈ

Advertisement

ਮੋਦੀ ਨੇ ਲੋਕਾਂ ਦੇ ਮੁੱਦਿਆਂ ਬਾਰੇ ਗੱਲ ਨਹੀਂ ਕੀਤੀ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਆਗੂ ਪਵਨ ਖੇੜਾ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਉਨ੍ਹਾਂ ਮੁੱਦਿਆਂ ਬਾਰੇ ਗੱਲ ਨਹੀਂ ਕੀਤੀ ਜੋ ਲੋਕ ਸੁਣਨਾ ਚਾਹੁੰਦੇ ਸਨ। ਪ੍ਰਧਾਨ ਮੰਤਰੀ ਵੱਲੋਂ ਆਪਣੇ ਤੀਸਰੇ ਕਾਰਜਕਾਲ ਵਿੱਚ ਪਹਿਲੀ ਵਾਰ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਨ ਕੀਤੇ ਜਾਣ ਮਗਰੋਂ ਮੋਦੀ ’ਤੇ ਵਿਅੰਗ ਕੱਸਦਿਆਂ ਕਾਂਗਰਸ ਦੇ ਮੀਡੀਆ ਤੇ ਪ੍ਰਚਾਰ ਮੁਖੀ ਖੇੜਾ ਨੇ ਸਵਾਲ ਕੀਤਾ ਕਿ ਉਨ੍ਹਾਂ ਨੇ ਨੀਟ, ਰੇਲ ਹਾਦਸਾ ਜਾਂ ‘ਬੁਨਿਆਦੀ ਢਾਂਚੇ ਢਹਿਣ’ ਦਾ ਜ਼ਿਕਰ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਇਹ ਮੋਦੀ ਦਾ ਤੀਸਰਾ ਕਾਰਜਕਾਲ ਹੈ ਪਰ ਉਹ ਆਪਣੇ ਬਲਬੂਤੇ ਸੱਤਾ ਵਿੱਚ ਨਹੀਂ ਆਏ। ਖੇੜਾ ਨੇ ਕਿਹਾ, ‘‘ਸਰਕਾਰ ਬੈਸਾਖੀਆਂ ’ਤੇ ਚੱਲ ਰਹੀ ਹੈ। ਸਾਨੂੰ ਲੱਗਿਆ ਕਿ ਇਸ ਵਾਰ ਉਹ ਕੁੱਝ ਸਮਝਦਾਰੀ ਵਾਲੀ ਗੱਲ ਕਰਨਗੇ।’’ ਖੇੜਾ ਨੇ ਕਿਹਾ, ‘‘ਉਨ੍ਹਾਂ ਨੇ ਨੀਟ, ਰੇਲ ਹਾਦਸੇ ਜਾਂ ਆਏ ਦਿਨ ਵਾਪਰਨ ਵਾਲੀਆਂ ਬੁਨਿਆਦੀ ਢਾਂਚੇ ਦੇ ਡਿੱਗਣ ਦੀਆਂ ਘਟਨਾਵਾਂ ਬਾਰੇ ਕੁੱਝ ਨਹੀਂ ਕਿਹਾ, ਜਿਸ ਬਾਰੇ ਅਸੀਂ ਸੁਣ ਰਹੇ ਹਾਂ। ਉਨ੍ਹਾਂ ਦਿੱਲੀ ਹਵਾਈ ਅੱਡੇ ’ਤੇ ਵਾਪਰੇ ਗੰਭੀਰ ਹਾਦਸੇ ਬਾਰੇ ਕੁੱਝ ਨਹੀਂ ਬੋਲਿਆ, ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ।’’ ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਲੋਕਾਂ ਨਾਲ ਜੁੜੇ ਕਿਸੇ ਮੁੱਦੇ ਬਾਰੇ ਕੁੱਝ ਨਹੀਂ ਬੋਲੇ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×