For the best experience, open
https://m.punjabitribuneonline.com
on your mobile browser.
Advertisement

ਜਗਜੀਤਪੁਰਾ ਵਿੱਚ ਲੋਕਾਂ ਨੇ ਆਟਾ ਲੈਣ ਤੋਂ ਕੀਤਾ ਇਨਕਾਰ

09:44 AM Mar 27, 2024 IST
ਜਗਜੀਤਪੁਰਾ ਵਿੱਚ ਲੋਕਾਂ ਨੇ ਆਟਾ ਲੈਣ ਤੋਂ ਕੀਤਾ ਇਨਕਾਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 26 ਮਾਰਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਡਰੀਮ ਪ੍ਰੋਜੈਕਟ ਘਰ-ਘਰ ਰਾਸ਼ਨ ਸਕੀਮ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਪਿੰਡ ਜਗਜੀਤਪੁਰਾ ਵਿੱਚ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੇ ਆਟਾ ਲੈਣ ਤੋਂ ਨਾਂਹ ਕਰ ਦਿੱਤੀ। ਲਾਭਪਾਤਰੀ ਕਰਮਜੀਤ ਕੌਰ ਨੇ ਦੱਸਿਆ ਕਿ ਕਣਕ 15 ਕਿਲੋ ਇਕੱਠੀ ਦਿੱਤੀ ਜਾਂਦੀ ਹੈ ਅਤੇ ਆਟਾ ਪੰਜ ਕਿਲੋ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਣਕ ਲਾਭਪਾਤਰੀ ਆਪਣੀ ਲੋੜ ਮੁਤਾਬਕ ਚੱਕੀ ’ਤੇ ਲਿਜਾ ਕੇ ਆਟਾ ਬਣਾ ਸਕਦੇ ਹਨ ਪ੍ਰੰਤੂ ਆਟਾ ਜਦ ਵੀ ਵੰਡਿਆ ਜਾਵੇਗਾ ਤਾਂ ਲੈਣਾ ਹੀ ਪਵੇਗਾ। ਜਾਣਕਾਰੀ ਅਨੁਸਾਰ ਜਦ ਮਾਰਕਫੈੱਡ ਦੇ ਮੁਲਾਜ਼ਮ ਪਿੰਡ ਸੁਖਪੁਰਾ ਤੋਂ ਜਗਜੀਤਪੁਰਾ ਵਿੱਚ ਆਟਾ ਵੰਡਣ ਆਏ ਤਾਂ ਲਾਭਪਾਤਰੀਆਂ ਨੇ ਆਟਾ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਆਟਾ ਵੰਡਣ ਆਏ ਮੁਲਾਜ਼ਮਾਂ ਨੂੰ ਬੇਰੰਗ ਮੋੜ ਦਿੱਤਾ। ਲਾਭਪਾਤਰੀਆਂ ਨੇ ਆਟਾ ਵੰਡਣ ਆਏ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਦੁਬਾਰਾ ਪਿੰਡ ਵਿੱਚ ਆਟਾ ਵੰਡਣ ਨਾ ਆਉਣ। ਕਰਮਜੀਤ ਕੌਰ ਨੇ ਦੱਸਿਆ ਕਿ 100 ਦੇ ਕਰੀਬ ਲਾਭਪਾਤਰੀਆਂ ਨੇ ਆਟੇ ਦੀ ਬਜਾਏ ਕਣਕ ਲੈਣ ਨੂੰ ਤਰਜੀਹ ਦਿੱਤੀ ਜਦਕਿ ਸਰਕਾਰ ਵੱਲੋਂ ਲਾਭਪਾਤਰੀਆਂ ਦੀ ਗੱਲ ਨਾ ਸੁਣਦੇ ਹੋਏ ਧੱਕੇ ਨਾਲ ਆਟਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਲਾਭਪਾਤਰੀਆਂ ਦੀ ਰਾਏ ਲਈ ਜਾਵੇਗੀ ਕਿ ਆਟਾ ਲੈਣਾ ਹੈ ਜਾਂ ਕਣਕ ਪਰੰਤੂ ਇਸ ਦੇ ਉਲਟ ਹੁਣ ਧੱਕੇ ਨਾਲ ਆਟਾ ਹੀ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਡਿੱਪੂ ਹੋਲਡਰਾਂ ਦੀ ਸੂਬਾ ਪੱਧਰੀ ਜਥੇਬੰਦੀ ਦੇ ਮੁੱਖ ਬੁਲਾਰੇ ਬਿੰਦਰ ਸਿੰਘ ਉਗੋਕੇ ਨੇ ਕਿਹਾ ਕਿ ਸਰਕਾਰ ਜਿੱਥੇ ਧੱਕੇ ਨਾਲ ਆਟਾ ਵੰਡ ਕੇ ਡਿਪੂ ਹੋਲਡਰਾਂ ਦੇ ਪਰਿਵਾਰ ਉਜਾੜਨ ’ਤੇ ਲੱਗੀ ਹੋਈ ਹੈ ਉੱਥੇ ਇਸ ਸਕੀਮ ਦੇ ਲਾਭਪਾਤਰੀਆਂ ਨੂੰ ਵੀ ਗੁਮਰਾਹ ਕੀਤਾ ਜਾ ਰਿਹਾ ਹੈ। ਬਿੰਦਰ ਸਿੰਘ ਉਗੋਕੇ ਨੇ ਕਿਹਾ ਕਿ ਲਾਭਪਾਤਰੀਆਂ ਨੂੰ ਇਹ ਝੂਠ ਬੋਲ ਕੇ ਆਟਾ ਵੰਡਿਆ ਜਾ ਰਿਹਾ ਹੈ ਕਿ ਇਹ ਆਟਾ ਉਹ ਲੈ ਲੈਣ ਤੇ ਕਣਕ ਵੀ ਉਨ੍ਹਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੱਚਾਈ ਇਹ ਹੈ ਕਿ ਜਿਨ੍ਹਾਂ ਲਾਭਪਾਤਰੀਆਂ ਨੇ ਆਟਾ ਲੈ ਲਿਆ ਉਨ੍ਹਾਂ ਨੂੰ ਕਣਕ ਨਹੀਂ ਮਿਲੇਗੀ ਜਦਕਿ ਬਹੁਗਿਣਤੀ ਲਾਭਪਾਤਰੀ ਆਟਾ ਨਹੀਂ ਸਗੋਂ ਕਣਕ ਹੀ ਲੈਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸ਼ੁਰੂ ਵਿੱਚ ਝੂਠ ਬੋਲ ਕੇ ਆਟਾ ਵੰਡ ਦਿੱਤਾ ਗਿਆ ਪ੍ਰੰਤੂ ਹੁਣ ਜਦੋਂ ਲੋਕਾਂ ਨੂੰ ਇਸ ਸਕੀਮ ਦੀ ਸੱਚਾਈ ਦਾ ਪਤਾ ਲੱਗਦਾ ਜਾ ਰਿਹਾ ਤਾਂ ਲੋਕ ਆਟਾ ਲੈਣ ਤੋਂ ਨਾਂਹ ਕਰ ਰਹੇ ਹਨ ਅਤੇ ਕਣਕ ਲੈਣ ਨੂੰ ਤਰਜੀਹ ਦੇ ਰਹੇ ਹਨ।

Advertisement

Advertisement
Author Image

joginder kumar

View all posts

Advertisement
Advertisement
×