ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਵੱਲੋਂ ਨਾਅਰੇਬਾਜ਼ੀ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 27 ਨਵੰਬਰ
ਪਿੰੰਡ ਔਢਾਂ ਦੀ ਨੂਹੀਆਂਵਾਲੀ ਰੋਡ ’ਤੇ ਸਥਿਤ ਜਲਘਰ ਨੰਬਰ 2 ਤੋਂ ਨਵੀਂ ਵੱਡੀ ਪਾਈਪ ਲਾਈਨ ਵਿਛਾਈ ਜਾ ਰਹੀ ਹੈ। ਇਸ ਪਾਈਪ ਲਾਈਨ ਨੂੰ ਪੁੱਟਣ ਲਈ ਕਈ ਦਿਨਾਂ ਤੋਂ ਜੇਸੀਬੀ ਮਸ਼ੀਨ ਲਾਈ ਹੋਈ ਹੈ ਜਿਸ ਥਾਂ ’ਤੇ ਇਹ ਪਾਈਪ ਲਾਈਨ ਸੜਕ ਨਾਲ ਵਿਛਾਈ ਜਾ ਰਹੀ ਹੈ, ਉਹ ਪਾਈਪ ਜੋ ਪਹਿਲਾਂ ਢਾਣੀਆਂ ਨੂੰ ਪਾਣੀ ਸਪਲਾਈ ਕਰਨ ਲਈ ਵਰਤੀ ਜਾਂਦੀ ਸੀ ਜੋ ਕਈ ਥਾਵਾਂ ’ਤੇ ਟੁੱਟ ਚੁੱਕੀ ਹੈ ਜਿਸ ਕਾਰਨ ਪਿੰਡਾਂ ਅਤੇ ਕਸਬਿਆਂ ਨੂੰ ਸਪਲਾਈ ਠੱਪ ਹੋ ਗਈ। ਪਿਛਲੇ ਇੱਕ ਹਫ਼ਤੇ ਤੋਂ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਲੋਕਾਂ ਨੇ ਅੱਜ ਜੇਸੀਬੀ ਮਸ਼ੀਨ ਦਾ ਕੰਮ ਬੰਦ ਕਰਵਾ ਕੇ ਠੇਕੇਦਾਰ ਨੂੰ ਆਪਣਾ ਕੰਮ ਬੰਦ ਕਰਵਾਉਣ ਲਈ ਧਰਨਾ ਦਿੱਤਾ। ਲੋਕਾਂ ਦੀ ਮੰਗ ਹੈ ਕਿ ਪਹਿਲਾਂ ਉਨ੍ਹਾਂ ਦੀਆਂ ਪਾਈਪ ਲਾਈਨਾਂ ਦੀ ਮੁਰੰਮਤ ਕਰਵਾ ਕੇ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ, ਫਿਰ ਉਨ੍ਹਾਂ ਨੂੰ ਹੋਰ ਕੰਮ ਕਰਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਨੂਹੀਆਂਵਾਲੀ ਰੋਡ ਨੂੰ ਚੌੜਾ ਕਰਨ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਸੜਕ ਦੇ ਠੇਕੇਦਾਰ ਨੇ ਜਲਘਰ ਦੀ ਪਾਈਪ ਲਾਈਨ ਦਾ ਕੰਮ ਇੱਕ ਹਫ਼ਤੇ ਤੋਂ ਰੋਕ ਦਿੱਤਾ ਹੈ। ਹੁਣ ਉਸ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਸੜਕ ’ਤੇ ਖੁਦਾਈ ਅਤੇ ਪੱਥਰ ਰੱਖ ਰਹੇ ਹਨ, ਅਜਿਹੇ ’ਚ ਢਾਣੀਆਂ ਦੀ ਪਾਈਪ ਲਾਈਨ ਦਾ ਕੰਮ ਲਟਕਦਾ ਹੀ ਰਹੇਗਾ। ਇਸ ਸਬੰਧੀ ਜਦੋਂ ਜੂਨੀਅਰ ਇੰਜਨੀਅਰ ਰੋਹਤਾਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਾਣੀ ਦੀ ਪਾਈਪ ਢਾਣੀਆਂ ਤੱਕ ਪਹੁੰਚ ਗਈ ਹੈ। ਜਦੋਂ ਉਹ ਜੇਸੀਬੀ ਨਾਲ ਕੰਮ ਕਰਨ ਲੱਗਾ ਤਾਂ ਸੜਕ ਦੇ ਠੇਕੇਦਾਰ ਨੇ ਉਸ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਇੱਥੇ ਪਹਿਲਾਂ ਹੀ ਪੱਥਰ ਰੱਖੇ ਹੋਏ ਹਨ ਇਸ ਲਈ ਜੇਸੀਬੀ ਦੀ ਬਜਾਏ ਲੇਬਰ ਨਾਲ ਕੰਮ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇ ਜੇਸੀਬੀ ਨਾਲ ਕੰਮ ਕਰਵਾਇਆ ਗਿਆ ਤਾਂ ਉਨ੍ਹਾਂ ਦੇ ਕੰਮ ਵਿੱਚ ਵਿਘਨ ਪੈ ਜਾਵੇਗਾ।