ਭੂੰਦੜੀ ’ਚ ਲੱਗ ਰਹੀ ਫੈਕਟਰੀ ਖ਼ਿਲਾਫ਼ ਲੋਕ ਰੋਹ ਭਖਿਆ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਮਾਰਚ
ਇੱਥੋਂ ਨੇੜਲੇ ਪਿੰਡ ਭੂੰਦੜੀ ਵਿੱਚ ਲੱਗ ਰਹੀ ਸੀਐਨਜੀ ਗੈਸ ਫੈਕਟਰੀ ਨਾਲ ਫੈਲਣ ਵਾਲੇ ਸੰਭਾਵੀ ਪ੍ਰਦੂਸ਼ਣ ਅਤੇ ਇਸ ਨਾਲ ਲੋਕਾਂ ਦੀ ਸਿਹਤ ’ਤੇ ਪੈਣ ਵਾਲੇ ਅਸਰਾਂ ਖ਼ਿਲਾਫ਼ ਅੱਜ ਰੋਸ ਪ੍ਰਗਟ ਕੀਤਾ ਗਿਆ। ਵੱਖ-ਵੱਖ ਜਨਤਕ ਜਥੇਬੰਦੀਆਂ ਦਾ ਇਕੱਠ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਹੋਇਆ। ਪਿੰਡ ਵਾਸੀਆਂ ਨੇ ਕਿਹਾ ਕਿ ਫੈਕਟਰੀ ਲਈ ਨਾ ਤਾਂ ਪੰਚਾਇਤ ਤੋਂ ਕੋਈ ਇਤਰਾਜ਼ ਨਾ ਹੋਣ ਦਾ ਸਰਟੀਫਿਕੇਟ ਲਿਆ ਗਿਆ, ਨਾ ਹੀ ਕਾਨੂੰਨੀ ਨਿਯਮਾਂ ਫੈਕਟਰੀ ਆਬਾਦੀ ਤੋਂ ਪੰਜ ਸੌ ਮੀਟਰ ਦੂਰ ਦੀ ਸ਼ਰਤ ਦੀ ਪਾਲਣਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਹਾਇਰ ਸੈਕੰਡਰੀ ਸਕੂਲ ਤੋਂ ਫੈਕਟਰੀ ਸਿਰਫ ਸੌ ਮੀਟਰ ਦੇ ਘੇਰੇ ’ਚ ਆਉਂਦੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਹਵਾ ਤੇ ਪਾਣੀ ਪ੍ਰਦੂਸ਼ਣ ਕਰੇਗੀ।
ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਸੁਖਦੇਵ ਭੂੰਦੜੀ ਨੇ ਦੱਸਿਆ ਕਿ ਫੈਕਟਰੀ ਮਾਲਕਾਂ ਨਾਲ ਵੀ ਇਸ ਬਾਰੇ ਗੱਲ ਕੀਤੀ ਪਰ ਉਹ ਇਨ੍ਹਾਂ ਸਵਾਲਾਂ ਦਾ ਤਸੱਲੀਬਖ਼ਸ ਜਵਾਬ ਨਹੀਂ ਦੇ ਸਕੇ। ਇਸੇ ਲਈ ਪ੍ਰਦੂਸ਼ਿਤ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਬਣਾਈ ਗਈ ਹੈ। ਇਸ ਮੌਕੇ ਬੀਕੇਯੂ ਏਕਤਾ (ਉਗਰਾਹਾਂ), ਬੀਕੇਯੂ ਡਕੌਂਦਾ (ਧਨੇਰ), ਪੇਂਡੂ ਮਜ਼ਦੂਰ ਯੂਨੀਅਨ, ਗ੍ਰਾਮ ਪੰਚਾਇਤ ਭੂੰਦੜੀ, ਬਲਾਕ ਸਮਿਤੀ ਮੈਂਬਰ, ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਬਾਬਾ ਹੈਦਰਸ਼ਾਹ ਕਮੇਟੀ, ਸ੍ਰੀ ਹਰਗੋਬਿੰਦ ਸਾਹਿਬ ਯੂਥ ਕਲੱਬ, ਲਾਲ ਸਿੰਘ ਯੂਥ ਕਲੱਬ, ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ, ਮਹਿਲਾ ਮੰਡਲ ਕਮੇਟੀ ਆਦਿ ਦੇ ਨੁਮਾਇੰਦੇ ਸ਼ਾਮਲ ਹੋਏ। ਸੰਘਰਸ਼ ਕਮੇਟੀ ਨੇ ਭਲਕੇ 12 ਮਾਰਚ ਨੂੰ ਡੀਸੀ ਲੁਧਿਆਣਾ ਨੂੰ ਮਿਲ ਕੇ ਸ਼ਿਕਾਇਤ ਕਰਨ ਦਾ ਫ਼ੈਸਲਾ ਕੀਤਾ ਹੈ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਪੁਲੀਸ
ਭੂੰਦੜੀ ਪੁਲੀਸ ਚੌਕੀ ਦੇ ਇੰਚਾਰਜ ਦਲਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਅੱਜ ਹੀ ਉਨ੍ਹਾਂ ਦਾ ਧਿਆਨ ਵਿੱਚ ਆਇਆ ਹੈ। ਇਸ ਸਬੰਧੀ ਪੜਤਾਲ ਕਰਨ ਤੋਂ ਬਾਅਦ ਹੀ ਕੁਝ ਆਖਿਆ ਜਾ ਸਕਦਾ ਹੈ।