ਲੋਕਾਂ ਨੇ ਚੋਰ ਦੇ ਗਲ ਵਿਚ ਹਾਰ ਪਾਏ
ਪੱਤਰ ਪ੍ਰੇਰਕ
ਜਲੰਧਰ, 2 ਸਤੰਬਰ
ਇੱਥੋਂ ਦੇ ਭਾਰਗਵ ਕੈਂਪ ’ਚ 15 ਦਿਨ ਪਹਿਲਾਂ ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ’ਚ ਲੋਕਾਂ ਨੇ ਪੁਲੀਸ ਦੇ ਸਾਹਮਣੇ ਚੋਰ ਨੂੰ ਫੜ ਲਿਆ। ਚੋਰ ਨੂੰ ਲੋਕਾਂ ਨੇ ਮਾਰਿਆ ਨਹੀਂ ਸਗੋਂ ਹਾਰ ਪਾ ਦਿੱਤੇ। ਇਲਾਕਾ ਵਾਸੀਆਂ ਨੇ ਕਿਹਾ ਕਿ ਪੁਲੀਸ ਕਹਿੰਦੀ ਹੈ ਕਿ ਚੋਰਾਂ ਨੂੰ ਨਹੀਂ ਮਾਰਨਾ ਚਾਹੀਦਾ, ਇਸੇ ਲਈ ਉਸ ਨੂੰ ਮਾਲਾ ਪਹਿਨਾਈ ਗਈ। ਚੋਰ ਦੀ ਪਛਾਣ ਭਾਰਗਵ ਕੈਂਪ ਦੇ ਤਿਲਕ ਨਗਰ ਵਾਸੀ ਰੋਹਿਤ ਵਜੋਂ ਹੋਈ ਹੈ। ਪੀੜਤ ਸਾਜਨ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਉਸ ਦੇ ਇੱਕ ਦੋਸਤ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਸਾਜਨ ਨੇ ਦੱਸਿਆ ਕਿ ਉਸ ਨੇ ਖ਼ੁਦ ਪੁਲੀਸ ਨੂੰ ਦੋਸ਼ੀ ਦੀ ਸੀਸੀਟੀਵੀ ਫੁਟੇਜ, ਉਸ ਦੀ ਪਛਾਣ ਅਤੇ ਘਰ ਦਾ ਪਤਾ ਦੱਸਿਆ ਪਰ ਫਿਰ ਵੀ ਪੁਲੀਸ ਇਸ ਮਾਮਲੇ ਵਿੱਚ ਢਿੱਲ ਮੱਠ ਕਰ ਰਹੀ ਹੈ। ਸਾਜਨ ਨੇ ਦੱਸਿਆ ਕਿ ਰਾਤ ਸਾਜਨ ਅਤੇ ਉਸ ਦਾ ਦੋਸਤ ਭਾਰਗਵ ਕੈਂਪ ਨੇੜੇ ਮਿਲੇ। ਮੁਲਜ਼ਮ ਰੋਹਿਤ ਨੇ ਮੰਨਿਆ ਕਿ ਉਹ ਹੁਣ ਤੱਕ ਦੋ ਮੋਟਰਸਾਈਕਲ ਚੋਰੀ ਕਰ ਚੁੱਕਾ ਹੈ। ਉਸ ਨੇ ਘਾਹ ਮੰਡੀ ਦੇ ਇੱਕ ਸਕਰੈਪ ਡੀਲਰ ਨੂੰ 3500 ਵਿੱਚ ਮੋਟਰਸਾਈਕਲ ਵੇਚ ਦਿੱਤੇ ਹਨ। ਮੁਲਜ਼ਮ ਨੇ ਮੰਨਿਆ ਕਿ ਉਸ ਦੇ ਨਾਲ ਦੀਪ ਨਾਂ ਦਾ ਨੌਜਵਾਨ ਵੀ ਸੀ। ਏਐਸਆਈ ਗੋਪਾਲ ਸ਼ਰਮਾ ਨੇ ਦੱਸਿਆ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।