ਬਨੂੜ-ਲਾਲੜੂ ਵਿਚਾਲੇ ਆਵਾਜਾਈ ਬਹਾਲੀ ਲਈ ਲੋਕਾਂ ਨੇ ਹੰਭਲਾ ਮਾਰਿਆ
ਪੱਤਰ ਪ੍ਰੇਰਕ
ਬਨੂੜ, 17 ਜੁਲਾਈ
ਬਨੂੜ ਅਤੇ ਲਾਲੜੂ ਦਰਮਿਆਨ ਪਿਛਲੇ ਇੱਕ ਹਫ਼ਤੇ ਤੋਂ ਠੱਪ ਪਏ ਸੰਪਰਕ ਨੂੰ ਜੋੜਨ ਲਈ ਪਿੰਡ ਮਨੌਲੀ ਸੂਰਤ ਦੇ ਵਸਨੀਕਾਂ ਨੇ ਅਨੋਖੀ ਪਹਿਲਕਦਮੀ ਕੀਤੀ ਹੈ। ਪਿੰਡ ਦੇ 100 ਦੇ ਕਰੀਬ ਨੌਜਵਾਨਾਂ ਤੇ ਵਸਨੀਕਾਂ ਨੇ ਘੱਗਰ ਅਤੇ ਬਾਰਿਸ਼ ਦੇ ਪਾਣੀ ਵੱਲੋਂ ਪੂਰੀ ਤਰ੍ਹਾਂ ਤੋੜੇ ਗਏ ਚੋਅ ਦੇ ਪੁਲ ਨੇੜੇ ਆਰਜ਼ੀ ਪੁਲ ਦੀ ਉਸਾਰੀ ਕੀਤੀ। ਅੱਠ ਟਰੈਕਟਰਾਂ, ਦੋ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਪਿੰਡ ਵਾਸੀਆਂ ਨੇ 12 ਘੰਟਿਆਂ ਵਿੱਚ ਚੋਅ ਦੇ ਪਾਣੀ ਦੀ ਨਿਕਾਸੀ ਲਈ ਬਾਕਾਇਦਾ ਪਾਈਪ ਪਾ ਕੇ ਮਿੱਟੀ ਦੇ ਥੈਲਿਆਂ, ਕੰਕਰੀਟ ਅਤੇ ਮਿੱਟੀ ਪਾ ਕੇ 10 ਫੁੱਟ ਚੌੜਾ ਅਤੇ 20 ਫੁੱਟ ਲੰਬਾ ਰਸਤਾ ਤਿਆਰ ਕੀਤਾ ਹੈ। ਇਸ ਆਰਜ਼ੀ ਰਸਤੇ ’ਤੇ ਦੋਪਹੀਆ ਵਾਹਨ, ਟਰੈਕਟਰ ਅਤੇ ਹੋਰ ਛੋਟੇ ਵਾਹਨ ਆਸਾਨੀ ਨਾਲ ਲੰਘ ਸਕਣਗੇ। ਪੰਜਾਬ ਪੁਲੀਸ ਦੇ ਸੇਵਾਮੁਕਤ ਇੰਸਪੈਕਟਰ ਅਤੇ ਪਿੰਡ ਮਨੌਲੀ ਸੂਰਤ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ, ਹੀਰਾ ਸਿੰਘ ਫੌਜੀ, ਗੁਰਮੀਤ ਸਿੰਘ, ਬਹਾਦਰ ਸਿੰਘ, ਗੁਰਮੇਲ ਸਿੰਘ ਮਿੱਠੂ, ਭਗਤਾ ਧਾਲੀਵਾਲ, ਬਹਾਦਰ ਸਿੰਘ, ਗੁਰਮੀਤ ਸਿੰਘ ਸਿਵਲਾ, ਹਰਵਿੰਦਰ ਸਿੰਘ ਪੰਚ, ਗੁਰਦੀਪ ਸਿੰਘ, ਲੀਲਾ ਸਿੰਘ ਨੰਬਰਦਾਰ ਜਲਾਲਪੁਰ ਅਤੇ ਸੱਜਣ ਸਿੰਘ ਠੇਕੇਦਾਰ ਨੇ ਦੱਸਿਆ ਕਿ ਚੋਅ ਦੇ ਪੁਲ ’ਤੇ 60 ਫੁੱਟ ਦੇ ਕਰੀਬ ਪਾੜ ਪੈਣ ਨਾਲ ਰਾਹ ਬੰਦ ਹੋ ਗਿਆ ਹੈ, ਜਿਸ ਕਾਰਨ ਕੰਮ-ਧੰਦੇ ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ।
ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਦਾ ਦੌਰਾ
ਸਿਹਤ ਇੰਸਪੈਕਟਰ ਗੁਰਤੇਜ ਸਿੰਘ ਅਤੇ ਆਸ਼ਾ ਫੈਸਿਲੀਟੇਟਰ ਰੁਪਿੰਦਰ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਅਤੇ ਆਸ਼ਾ ਵਰਕਰਾਂ ਘੱਗਰ ਨੇੜਲੇ ਪਿੰਡ ਮਨੌਲੀ ਸੂਰਤ ਦੇ 170 ਘਰਾਂ ਵਿੱਚ ਜਾ ਕੇ ਸਰਵੇ ਕੀਤਾ। ਉਨ੍ਹਾਂ ਲੋਕਾਂ ਨੂੰ ਪੇਚਿਸ਼, ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕ ਕੀਤਾ। ਉਨ੍ਹਾਂ ਸਾਫ਼ ਪਾਣੀ ਰੱਖਣ ਲਈ ਪਿੰਡ ਵਿੱਚ ਕਲੋਰੀਨ ਦੀਆਂ 1500 ਗੋਲੀਆਂ, ਜਿੰਕ ਦੇ 14 ਪੈਕਟ ਅਤੇ ਓਆਰਐਸ ਦੇ 50 ਪੈਕਟ ਵੀ ਵੰਡੇ।