ਨਹਿਰ ਨੇੜੇ ਮਿਨੀ ਵਾਟਰ ਵਰਕਸ ਬਣਾਉਣ ਖ਼ਿਲਾਫ਼ ਨਿੱਤਰੇ ਲੋਕ
ਪ੍ਰਭੂ ਦਿਆਲ
ਸਿਰਸਾ, 14 ਅਗਸਤ
ਇਥੋਂ ਦੇ ਪਿੰਡ ਬਾਜੇਕਾਂ ਨੇੜੇ ਸਥਿਤ ਫੂਲਕਾਂ ਫਾਟਕ ਕੋਲ ਸਿਰਸਾ ਮੇਜਰ ਨਹਿਰ ਕੋਲ ਮਿਨੀ ਵਾਟਰ ਵਰਕਸ ਬਣਾਏ ਜਾਣ ਦੇ ਵਿਰੋਧ ’ਚ ਅੱਧੀ ਦਰਜਨ ਤੋਂ ਜ਼ਿਆਦਾ ਪਿੰਡਾਂ ਦੇ ਲੋਕਾਂ ’ਚ ਰੋਹ ਪੈਦਾ ਹੋ ਗਿਆ ਹੈ। ਪਿੰਡ ਬਾਜੇਕਾਂ, ਫੂਲਕਾਂ, ਸਿਕੰਦਰਪੁਰ, ਵੈਦਵਾਲਾ, ਬੇਗੂ, ਕੰਗਣਪੁਰ, ਖਾਜਾਖੇੜਾ, ਨਟਾਰ ਆਦਿ ਸਣੇ ਕਈ ਪਿੰਡਾਂ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਕੇ ਡੀਸੀ ਨੂੰ ਮੰਗ ਪੱਤਰ ਦਿੱਤਾ। ਇਸ ਦੌਰਾਨ ਪਿੰਡਾਂ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਵਾਟਰ ਵਰਕਸ ਦਾ ਕੰਮ ਬੰਦ ਨਾ ਕੀਤਾ ਤਾਂ ਉਹ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਪਿੰਡ ਬਾਜੇਕਾਂ ਸਮੇਤ ਹੋਰਨਾਂ ਪਿੰਡਾਂ ਦੇ ਲੋਕ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਇਕੱਠੇ ਹੋਏ, ਜਿਥੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਮਿਨੀ ਸਕੱਤਰੇਤ ਪੁੱਜੇ। ਮਗਰੋਂ ਡੀਸੀ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ’ਤੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਸਿਰਸਾ ਮੇਜਰ ਨਹਿਰ ਨੇੜੇ ਕਥਿਤ ਰਾਜਸੀ ਸ਼ਹਿ ’ਤੇ ਮਿੰਨੀ ਵਾਟਰ ਵਰਕਸ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਵਾਟਰ ਵਰਕਸ ਦੇ ਵਿਰੋਧ ’ਚ ਮਤੇ ਵੀ ਪਾਏ। ਇਸ ਮੌਕੇ ਪਿੰਡ ਬਾਜੇਕਾਂ ਦੀ ਸਰਪੰਚ ਕੁਲਬੀਰ ਕੌਰ ਕੰਗ, ਵੈਦਵਾਲਾ ਪਿੰਡ ਦੇ ਸਰਪੰਚ ਦੀਪ ਸਿੰਘ, ਸਿਕੰਦਰਪੁਰ ਪਿੰਡ ਦੇ ਸਰਪੰਚ ਮਲਕੀਤ ਸਿੰਘ, ਕੰਗਣਪੁਰ ਪਿੰਡ ਦੇ ਸਰਪੰਚ ਬਲਬੀਰ ਸਿੰਘ, ਬੇਗੂ ਪਿੰਡ ਦੇ ਸਰਪੰਚ ਅੰਗਰੇਜ਼ ਸਿੰਘ ਹਾਜ਼ਰ ਸਨ।