ਪੁਸਤਕ ‘ਚੰਦਰਮਾ ਉਦਾਸ ਕਿਉਂ’ ਲੋਕ ਅਰਪਣ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਮਈ
ਸਾਹਿਤ ਸਭਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਕਵੀ ਸੁਰਜੀਤ ਪਾਤਰ ਦੇ ਨਾਮ ਰਹੀ ਅਤੇ ਸਾਹਿਤਕ ਸ਼ਖਸੀਅਤਾਂ ਵੱਲੋਂ ‘ਚੰਦਰਮਾ ਉਦਾਸ ਕਿਉਂ’ ਪੁਸਤਕ ਲੋਕ ਅਰਪਨ ਕੀਤੀ ਗਈ। ਇਸ ਵਾਰ ਸਾਹਿਤ ਸਭਾ ਦੀ ਮੀਟਿੰਗ ਗਰੀਨ ਪੰਜਾਬ ਮਿਸ਼ਨ ਦੇ ਦਫਤਰ ਮਲਕ ਰੋਡ ਤੇ ਸਭਾ ਦੇ ਪ੍ਰਧਾਨ ਪ੍ਰੋ. ਕਰਮ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵਿਛੜੇ ਸ਼ਾਇਰ ਅਤੇ ਕਵੀ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ, ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਸਭਾ ਦੀ ਸਕੱਤਰ ਦਲਜੀਤ ਕੌਰ ਹਠੂਰ ਨੇ ਪਾਤਰ ਸਾਬ ਦੀ ਪੰਜਾਬੀ ਮਾਂ ਬੋਲੀ ਲਈ ਅੱਣਥੱਕ ਘਾਲਣਾ ਦਾ ਜ਼ਿਕਰ ਕੀਤਾ। ਮਗਰੋਂ ਸ਼ਾਇਰ ਰਾਜਦੀਪ ਤੂਰ ਨੇ ਕਵਿਤਾ ‘ਪਾਤਰ ਦੇ ਘਰ ਦੇ ਪੱਤੇ ਉਦਾਸ ਹੋਣ ਲੱਗੇ’ ਰਾਹੀਂ ਹਾਜ਼ਰੀ ਲਵਾਈ, ਮੇਜਰ ਸਿੰਘ ਛੀਨਾ ਨੇ ‘ਗਏ ਸੱਜਣ ਦੁਰਾਡੇ ਕੋਲ ਨਹੀਂ ਸਿਰਨਾਵਾਂ’, ਹਰਬੰਦ ਅਖਾੜਾ ਨੇ ਪਾਤਰ ਦੇ ਸ਼ੇਅਰ, ਹਰਚੰਦ ਗਿੱਲ ਨੇ ਰਚਨਾਵਾਂ ਨਾਲ ਪਾਤਰ ਨੂੰ ਯਾਦ ਕੀਤਾ। ਆਖਰੀ ਪੜਾਅ ਵਿੱਚ ਹਰਚੰਦ ਗਿੱਲ ਦੇ ਪਹਿਲੇ ਕਾਵਿ ਸੰਗ੍ਰਹਿ ਦਾ ਦੂਸਰਾ ਐਡੀਸ਼ਨ ‘ਕਰਵਟਾਂ’ ਅਤੇ ਨਵੀ ਕਾਵਿ ਪੁਸਤਕ ‘ਚੰਦਰਮਾ ਉਦਾਸ ਕਿਉਂ’ਲੋਕ ਅਰਪਨ ਕੀਤੀਆਂ ਗਈਆਂ।
ਸਾਹਿਤ ਸਭਾ ਸਾਂਝੀ ਸੱਥ ਦੀ ਮਾਸਿਕ ਇਕੱਤਰਤਾ
ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਨੇੜਲੇ ਪਿੰਡ ਮਹਿੰਦੀਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਅੱਜ ਪੰਜਾਬੀ ਸਾਹਿਤ ਸਭਾ ਦੀ ਸਾਂਝੀ ਸੱਥ ਦੀ ਮਾਸਿਕ ਇੱਕਤਰਤਾ ਅਵਤਾਰ ਸਿੰਘ ਤੇ ਕਿਰਨਦੀਪ ਸਿੰਘ ਕੁਲਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੁਰਜੀਤ ਪਾਤਰ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਗਿਆ। ਇਸ ਮੌਕੇ ਹਰਬੰਸ ਸਿੰਘ ਸ਼ਾਨ ਨੇ ਵਿਅੰਗਮਈ ਗੀਤ ‘ਪੁੱਤਰਾ ਤੂੰ ਸਾਧ ਬਣ ਜਾ’, ਮਨਦੀਪ ਮਾਣਕੀ ਨੇ ਕਵਿਤਾ ‘ਦਸਮ ਗ੍ਰੰਥ’, ਨਾਇਬ ਸਿੰਘ ਨੇ ਕਵਿਤਾ ‘ਪੰਜਾਬ ਸਿਆਂ’, ਭੋਲੂ ਧੌਲ ਨੇ ਗੀਤ ਚੋਣਾਂ’, ਦਵਿੰਦਰ ਧੌਲ ਨੇ ਗੀਤ ‘ਕੰਢਾ ਬਣ ਗਈ ਮੈਂ ਪੈਰਾਂ ਦਾ’, ਪਿੰਦਾ ਹਰਬੰਸਪੁਰਾ ਨੇ ਕਵਿਤਾ ‘ਬਾਬਾ ਨਾਨਕ’, ਪ੍ਰਦੀਪ ਸਿੰਘ ਨੇ ਗੀਤ, ਸਵਰਨ ਪੱਲ੍ਹਾ ਨੇ ਗੀਤ, ਭਗਤ ਸਿੰਘ ਗਰੇਵਾਲ ਨੇ ਗੀਤ ਪੇਸ਼ ਕੀਤਾ। ਇਸ ਮੌਕੇ ਗੀਤਕਾਰ ਚਤਰ ਸਿੰਘ ਪਰਵਾਨਾ ਨੇ ਆਪਣੀ ਸੰਘਰਸ਼ ਭਰੀ ਜ਼ਿੰਦਗੀ ਦੇ ਦਿਨ ਸਭ ਨਾਲ ਸਾਂਝੇ ਕੀਤੇ।