ਗੁਰਚਰਨ ਕੌਰ ਥਿੰਦ ਦੀਆਂ ਕਿਤਾਬਾਂ ਲੋਕ ਅਰਪਣ
ਕੈਲਗਰੀ: ਇੱਥੋਂ ਦੇ ਕੋਸੋ ਹਾਲ ਵਿੱਚ ਕੈਲਗਰੀ ਲੇਖਕ ਸਭਾ ਦੀ ਮੀਟਿੰਗ ਵਿੱਚ ਗੁਰਚਰਨ ਕੌਰ ਥਿੰਦ ਦੀਆਂ ਦੋ ਕਿਤਾਬਾਂ ਕਹਾਣੀ ਸੰਗ੍ਰਹਿ ‘ਸੂਲ਼ਾਂ’ ਅਤੇ ਲੇਖ ਸੰਗ੍ਰਹਿ ‘ਸਮਾਜ ਤੇ ਸੱਭਿਆਚਾਰ ਦੀ ਗਾਥਾ’ ਲੋਕ ਅਰਪਣ ਕੀਤੀਆਂ ਗਈਆਂ। ਸਰੀ ਤੋਂ ਆਏ ਲੇਖਕ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਚਰਚਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਜਸਵੀਰ ਸਿੰਘ ਸਿਹੋਤਾ, ਕਵੀ ਜਗਜੀਤ ਸੰਧੂ ਅਤੇ ਸੇਵਾਮੁਕਤ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਵੱਲੋਂ ਕੀਤੀ ਗਈ। ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਡਾ. ਐੱਸ.ਐੱਸ.ਥਿੰਦ ਵੱਲੋਂ ਡਾ. ਐੱਮ.ਐੱਸ. ਸਵਾਮੀਨਾਥਨ ਦੇ ਜੀਵਨ ਅਤੇ ਕਾਰਜਾਂ ਬਾਰੇ ਜਾਣਕਾਰੀ ਦੇਣ ਅਤੇ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ‘ਸੂਲ਼ਾਂ’ ਕਹਾਣੀ-ਸੰਗ੍ਰਹਿ ਬਾਰੇ ਕਿਹਾ ਕਿ ਇਹ ਕਿਤਾਬ ਆਪਣੇ ਸਿਰਲੇਖਕ ਅਰਥਾਂ ਵਾਲਾ ਸਾਹਿਤਕ ਧਰਮ ਹੀ ਨਹੀਂ ਨਿਭਾਉਂਦੀ ਸਗੋਂ ਬਿਰਤਾਂਤ ਸਿਰਜਣਾ ਦੇ ਅਮਲ ਵਜੋਂ ਸ਼ਬਦ-ਅਨੁਭਵ ਅਤੇ ਸ਼ਬਦ-ਚੇਤਨਾ ਦੀ ਸੰਵੇਦਨਸ਼ੀਲਤਾ ਦਾ ਵੀ ਅਹਿਸਾਸ ਕਰਵਾਉਂਦੀ ਹੈ। ਇਹ ਸਿੱਧੇ ਅਸਿੱਧੇ ਰੂਪ ਵਿੱਚ ਨਾਰੀ-ਚੇਤਨਾ ਨੂੰ ਹੀ ਆਪਣਾ ਵਿਸ਼ੇਸ਼ ਕੇਂਦਰ ਬਿੰਦੂ ਬਣਾਉਂਦੀ ਹੈ। ਦੂਸਰੀ ਕਿਤਾਬ ‘ਸਮਾਜ ਤੇ ਸੱਭਿਆਚਾਰ ਦੀ ਗਾਥਾ’ ’ਤੇ ਹਰੀਪਾਲ ਨੇ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੀ ਨਹੀਂ ਹੁੰਦਾ ਸਗੋਂ ਸਟੇਰਿੰਗ ਵੀ ਹੁੰਦਾ ਹੈ। ਉਨ੍ਹਾਂ ਨੇ ਸਾਹਿਤਕ ਪਿਛੋਕੜ ਦੇ ਕਵੀਆਂ, ਕਿੱਸਾਕਾਰਾਂ, ਲੇਖਕਾਂ ਅਤੇ ਮੌਜੂਦਾ ਲੇਖਕਾਂ ਦਾ ਹਵਾਲਾ ਦਿੰਦਿਆਂ ਇਸ ਲੇਖ-ਸੰਗ੍ਰਹਿ ਦੇ ਲੇਖਾਂ ਦੇ ਭਿੰਨ-ਭਿੰਨ ਵਿਸ਼ਿਆਂ ਬਾਰੇ ਚਾਨਣਾ ਪਾਇਆ। ਬਲਵਿੰਦਰ ਬਰਾੜ ਨੇ ਲੇਖਿਕਾ ਦੀ ਲੇਖਣੀ ਅਤੇ ਇਨ੍ਹਾਂ ਦੋਵਾਂ ਕਿਤਾਬਾਂ ਦੇ ਹਵਾਲੇ ਨਾਲ ਕਿਹਾ ਕਿ ਥਿੰਦ ਦੀ ਲੇਖਣੀ ਵਿਦਰੋਹ ਦੀ ਲੇਖਣੀ ਹੈ। ਇਹ ਸਮਾਜ ਨੂੰ ਸੁਧਾਰਨ ਦਾ ਨਾਅਰਾ ਬੁਲੰਦ ਕਰਦੀ ਹੈ ਜਦੋਂ ਕਿ ਲੇਖਕ ਸਮਾਜ ਨੂੰ ਸੁਧਾਰਨ ਦਾ ਦਾਅਵਾ ਨਹੀਂ ਕਰ ਸਕਦਾ। ਉਪਰੰਤ ਕਿਤਾਬਾਂ ਲੋਕ ਅਰਪਣ ਕਰਨ ਦੀ ਰਸਮ ਭਰਵੀਆਂ ਤਾੜੀਆਂ ਨਾਲ ਨਿਭਾਈ ਗਈ।
ਬਾਅਦ ਵਿੱਚ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ’ਤੇ ਖੁੱਲ੍ਹੀ ਵਿਚਾਰ ਚਰਚਾ ਹੋਈ ਜਿਸ ਵਿੱਚ ਹਾਜ਼ਰ ਮੈਂਬਰਾਂ ਅਤੇ ਸਾਹਿਤ ਪਾਰਖੂਆਂ ਨੇ ਭਾਗ ਲਿਆ। ਲੇਖਕ ਨੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਅਤੇ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਕੈਲਗਰੀ ਲੇਖਕ ਸਭਾ ਅਤੇ ਪੰਜਾਬੀ ਲਿਖਾਰੀ ਸਭਾ ਵੱਲੋਂ ਪਸੁਤਕ-ਪੜਚੋਲ ਦਾ ਪਹਿਲੀ ਵਾਰ ਕੀਤਾ ਗਿਆ ਉਪਰਾਲਾ ਸਾਰਥਿਕ ਹੋ ਨਿੱਬੜਿਆ।
ਖ਼ਬਰ ਸਰੋਤ: ਕੈਲਗਰੀ ਲੇਖਕ ਸਭਾ