ਵਾਇਨਾਡ ਦੇ ਲੋਕ ਮੈਨੂੰ ਇੱਥੇ ਵਾਰ-ਵਾਰ ਨਾ ਆਉਣ ਲਈ ਆਖਣਗੇ: ਪ੍ਰਿਯੰਕਾ ਗਾਂਧੀ
ਵਾਇਨਾਡ, 5 ਨਵੰਬਰ
ਕਾਂਗਰਸ ਦੀ ਜਨਰਲ ਸਕੱਤਰ ਤੇ ਜ਼ਿਮਨੀ ਚੋਣ ਲਈ ਲੋਕ ਸਭਾ ਹਲਕਾ ਵਇਨਾਡ ਤੋਂ ਯੂਡੀਐੱਫ ਉਮੀਦਵਾਰ ਪ੍ਰਿਯੰਕਾ ਗਾਂਧੀ ਨੇ ਅੱਜ ਕਿਹਾ ਕਿ ਪਹਾੜੀ ਹਲਕੇ ਦੇ ਲੋਕ ਹੀ ਆਖਰ ਇਹ ਫ਼ੈਸਲਾ ਕਰਨਗੇ ਕਿ ਉਹ ਇੱਥੇ ਵਾਰ-ਵਾਰ ਆਵੇ ਜਾਂ ਦਿੱਲੀ ਵਿੱਚ ਹੀ ਰਹੇ। ਪ੍ਰਿਯੰਕਾ ਨੇ ਇਹ ਟਿੱਪਣੀ ਆਪਣੇ ਵਿਰੋਧੀ ਉਮੀਦਵਾਰਾਂ ਦੀਆਂ ਟਿੱਪਣੀਆਂ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਜੇ ਕਾਂਗਰਸੀ ਆਗੂ ਇਸ ਤੋਂ ਸੀਟ ਜਿੱਤ ਗਈ ਤਾਂ ਉਹ ਇੱਥੇ ਸ਼ਾਇਦ ਹੀ ਦਿਖਾਈ ਦੇਵੇਗੀ, ਦੇ ਜਵਾਬ ’ਚ ਕੀਤੀ ਹੈ। ਪ੍ਰਿਯੰਕਾ ਨੇ ਆਪਣੇ ਬੇਟੇ ਦੇ ਬੋਰਡਿੰਗ ਸਕੂਲ ’ਚ ਪੜ੍ਹਨ ਦੇ ਸਮੇਂ ਨੂੰ ਯਾਦ ਕਰਦਿਆਂ ਆਖਿਆ ਕਿ ਉਹ ਇੰਨੀ ਵਾਰ ਉਸ ਨੂੰ ਮਿਲਣ ਜਾਂਦੀ ਸੀ ਕਿ ਪ੍ਰਿੰਸੀਪਲ ਨੇ ਆਖਰ ਉਸ ਨੂੰ ਆਪਣੇ ਬੇਟੇ ਨਾਲ ਘੱਟ ਮਿਲਣ ਲਈ ਆਖ ਦਿੱਤਾ ਸੀ। ਉਨ੍ਹਾਂ ਨੇ ਕੋਜ਼ੀਕੋੜ ਜ਼ਿਲ੍ਹੇ ਦੀ ਥਿਰੂਵੰਬਦੀ ਅਸੈਂਬਲੀ ਹਲਕੇ ’ਚ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ, ‘‘ਇਸ ਕਰਕੇ ਜੇਕਰ ਕੋਈ ਕਹਿ ਰਿਹਾ ਹੈ ਕਿ ਮੈਂ ਤੁਹਾਨੂੰ ਦਿਖਾਈ ਨਹੀਂ ਦੇਵਾਂਗੀ ਤਾਂ ਇਹ ਗੱਲ ਜਾਣ ਲਓ ਕਿ ਇਹ ਸਿਰਫ ਤੁਸੀਂ ਹੋ ਜੋ ਪ੍ਰਿੰਸੀਪਲ ਵਾਂਗ ਮੈਨੂੰ ਆਖੋਗੇ ਕੇ ਬਸ ਬਹੁਤ ਹੋ ਗਿਆ, ਜਾਓ ਅਤੇ ਥੋੜ੍ਹਾ ਹੋਰ ਸਮਾਂ ਦਿੱਲੀ ’ਚ ਰਹੋ।’’ ਵਾਇਨਾਡ ’ਚ ਵੋਟਾਂ 13 ਨਵੰਬਰ ਨੂੰ ਪੈਣੀਆਂ ਹਨ। ਉਨ੍ਹਾਂ ਪ੍ਰਿਯੰਕਾ ਗਾਂਧੀ ਨੇ ਆਪਣੀ ਪੰਜ ਰੋਜ਼ਾ ਚੋਣ ਮੁਹਿੰਮ ਦੇ ਤੀਜੇ ਦਿਨ ਦੁਹਰਾਇਆ ਕਿ ਬੇਰੁਜ਼ਗਾਰੀ ਅਤੇ ਵਧਦੀਆਂ ਕੀਮਤਾਂ ਵਰਗੇ ਅਹਿਮ ਮੁੱਦੇ ਹਾਲੇ ਵੀ ਅਣਸੁਲਝੇ ਹਨ। ਉਨ੍ਹਾਂ ਨੇ ਭਾਜਪਾ ਦੀ ਅਗਵਾਈ ਕੇਂਦਰ ਸਰਕਾਰ ਉੱਤੇ ‘ਫੁੱਟਪਾਊ ਰਾਜਨੀਤੀ’ ਕਰਨ ਦਾ ਦੋਸ਼ ਵੀ ਲਾਇਆ।
ਖੱਬੇ ਜਮਹੂਰੀ ਫਰੰਟ (ਐੱਲਡੀਐੱਫ) ਉਮੀਦਵਾਰ ਸਤਯਨ ਮੋਕੇਰੀ ਨੇ ਦਾਅਵਾ ਕੀਤਾ ਸੀ ਕਿ ਆਪਣੇ ਭਰਾ ਰਾਹੁਲ ਗਾਂਧੀ ਵਾਂਗ ਪ੍ਰਿਯੰਕਾ ਵੀ ਵਾਇਨਾਡ ਨੂੰ ਇੱਕ ਛੋਟੇ ਪੜਾਅ ਵਜੋਂ ਦੇਖਦੀ ਹੈ, ਕਦੇ ਕਦਾਈਂ ਆਉਂਦੀ ਹੈ ਤੇ ਹਲਕੇ ’ਚ ਮੌਜੂਦ ਨਹੀਂ ਰਹਿੰਦੀ। ਭਾਜਪਾ ਦੀ ਨਵਯਾ ਹਰੀਦਾਸ ਨੇ ਪ੍ਰਿਯੰਕਾ ਦੀ ਫੇਰੀ ਅਤੇ ਰੋਡ ਸ਼ੋਅ ਨੂੰ ਇੱਕ ‘ਮੌਸਮੀ ਤਿਉਹਾਰ’ ਕਰਾਰ ਦਿੱਤਾ ਸੀ ਜਿਹੜਾ ਸਾਲ ’ਚ ਸਿਰਫ ਇੱਕ ਵਾਰ ਆਉਂਦਾ ਹੈ। -ਪੀਟੀਆਈ