ਕਾਂਗਰਸ ਤੇ ‘ਆਪ’ ਤੋਂ ਅੱਕ ਚੁੱਕੇ ਨੇ ਪੰਜਾਬ ਦੇ ਲੋਕ: ਰੂਪਾਨੀ
ਮਨੋਜ ਸ਼ਰਮਾ
ਬਠਿੰਡਾ, 1 ਮਈ
‘ਪੰਜਾਬ ਚ ਭਾਜਪਾ ਵੱਡੀ ਪੱਧਰ ਉੱਤੇ ਜਿੱਤ ਦਰਜ ਕਰਨ ਜਾ ਰਹੀ ਹੈ ਕਿਉਂਕਿ ਸੂਬੇ ਦੇ ਲੋਕ ਜਿੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਹਨ ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਮੁਖੀ ਏਜੰਡੇ ਨੂੰ ਸੂਬੇ ਚ ਜਲਦ ਤੋਂ ਜਲਦ ਲਾਗੂ ਹੋਇਆ ਵੇਖਣਾ ਚਾਹੁੰਦੇ ਹਨ। ਇਹ ਗੱਲਾਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਵਿਜੈ ਰੂਪਾਨੀ ਨੇ ਕਹੀਆਂ। ਉਨ੍ਹਾਂ ਅੱਜ ਬਠਿੰਡਾ ’ਚ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ।
ਸ੍ਰੀ ਰੂਪਾਨੀ ਨੇ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਭਾਜਪਾ ਆਗੂਆਂ ਤੇ ਵਰਕਰਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਹਲਕੇ ’ਚ ਕੋਈ ਵੀ ਤਾਕਤ ਪਰਮਪਾਲ ਕੌਰ ਸਿੱਧੂ ਦੀ ਜਿੱਤ ਨੂੰ ਨਹੀਂ ਰੋਕ ਸਕਦੀ ਤੇ ਪੰਜਾਬ ਦੀ ਸਿਆਸੀ ਰਾਜਧਾਨੀ ’ਚ ਭਾਜਪਾ ਦਾ ਝੰਡਾ ਜ਼ਰੂਰ ਲਹਿਰਾਏਗਾ। ਇਸ ਮੌਕੇ ਨੈਸ਼ਨਲ ਸੈਕਟਰੀ ਡਾ. ਨਰਿੰਦਰ ਰੈਣਾ, ਸਟੇਟ ਜਨਰਲ ਸੈਕਟਰੀ ਸ੍ਰੀਨਿਵਾਸਲੂ, ਸਟੇਟ ਜਨਰਲ ਸੈਕਟਰੀ ਦਿਆਲ ਸੋਢੀ, ਵਾਈਸ ਪ੍ਰਧਾਨ ਸੁਰਜੀਤ ਜਿਆਣੀ, ਜਗਦੀਪ ਸਿੰਘ ਨਕੱਈ, ਮੋਨਾ ਜੈਸਵਾਲ ਤੇ ਹੋਰ ਮੌਜੂਦ ਸਨ।