ਬਾਇਓਗੈਸ ਫੈਕਟਰੀਆਂ ਖਿ਼ਲਾਫ਼ ਨਿੱਤਰੇ ਅਖਾੜਾ ਅਤੇ ਭੂੰਦੜੀ ਦੇ ਲੋਕ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਸਤੰਬਰ
ਇਥੋਂ ਨੇੜਲੇ ਪਿੰਡ ਅਖਾੜਾ ਤੇ ਭੂੰਦੜੀ ਦੀਆਂ ਬਾਇਓ ਗੈਸ ਫੈਕਟਰੀਆਂ ਖ਼ਿਲਾਫ਼ ਪਿੰਡ ਵਾਸੀ ਨਿੱਤਰ ਆਏ। ਪਿੰਡ ਅਖਾੜਾ ਦੇ ਵਾਸੀਆਂ ਨੂੰ ਖ਼ਬਰ ਮਿਲੀ ਕਿ ਪੁਲੀਸ ਦੇ ਜ਼ੋਰ ਨਾਲ ਧਰਨਾ ਚੁਕਵਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਅੱਜ ਟਰਾਲੀਆਂ, ਟਰੈਕਟਰ ਤੇ ਹੋਰ ਖੇਤੀ ਸੰਦ ਸੜਕਾਂ ’ਤੇ ਸੁੱਟ ਕੇ ਰਾਹ ਬੰਦ ਕਰ ਦਿੱਤੇ। ਇਸ ਉਪਰੰਤ ਸਾਰਾ ਪਿੰਡ ਇਕ ਥਾਂ ਇਕੱਠਾ ਹੋ ਗਿਆ, ਜਿਸ ਵਿਚ ਵੱਡੀ ਗਿਣਤੀ ਔਰਤਾਂ ਸ਼ਾਮਲ ਹੋਈਆਂ।
ਅਖਾੜਾ ਧਰਨੇ ’ਚ ਸ਼ਾਮਲ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਨ੍ਹਾਂ ਨੂੰ ਕਨਸੋਅ ਮਿਲੀ ਸੀ ਕਿ ਸਵੇਰੇ ਵੱਡੀ ਗਿਣਤੀ ਪੁਲੀਸ ਬਾਇਓ ਗੈਸ ਫੈਕਟਰੀ ਵਿਰੋਧੀ ਪੱਕੇ ਮੋਰਚੇ ਨੂੰ ਖਦੇੜਨ ਲਈ ਆ ਰਹੀ ਸੀ। ਇਸ ਮਸਲੇ ’ਤੇ ਪਿੰਡ ਵਾਸੀਆਂ ਨੇ ਰਾਤ ਨੂੰ ਹੀ ਧਰਨਾ ਲਾ ਦਿੱਤਾ। ਸਵੇਰ ਤੱਕ ਸਾਰਾ ਪਿੰਡ ਇਕੱਠਾ ਹੋ ਗਿਆ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਧਰਨੇ ’ਚ ਪਹੁੰਚ ਗਏ। ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਕੰਵਲਜੀਤ ਖੰਨਾ, ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਧਾਲੀਵਾਲ, ਮਹੰਤ ਜਰਨੈਲ ਸਿੰਘ, ਗੁਰਤੇਜ ਸਿੰਘ ਅਖਾੜਾ ਨੇ ਕਿਹਾ ਕਿ ਸਵੇਰੇ ਜਦੋਂ ਪੁਲੀਸ ਲਾਈਨ ਜਗਰਾਉਂ ਦੇ ਬਾਹਰ ਪੁਲੀਸ ਮੁਲਾਜ਼ਮਾਂ ਦੇ ਵੱਡੀ ਗਿਣਤੀ ’ਚ ਇਕੱਠ ਹੋਣ ਦੀ ਜਾਣਕਾਰੀ ਧਰਨੇ ’ਚ ਪਹੁੰਚੀ ਤਾਂ ਲੋਕਾਂ ਵਿਚ ਗੁੱਸਾ ਵੱਧ ਗਿਆ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਤੇ ਪੁਲੀਸ ਪ੍ਰਸ਼ਾਸਨ ਜਬਰਨ ਸੰਘਰਸ਼ ਖ਼ਤਮ ਕਰਵਾਉਣਾ ਚਾਹੁੰਦੇ ਹਨ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ। ਇਸ ਤਰ੍ਹਾਂ ਹੀ ਪਿੰਡ ਭੂੰਦੜੀ ਵਿਚ ਵੀ ਹੋਇਆ। ਉਥੇ ਵੀ ਪੰਜ ਮਹੀਨੇ ਤੋਂ ਵੱਧ ਸਮੇਂ ਤੋਂ ਪੱਕਾ ਮੋਰਚਾ ਬਾਇਓ ਗੈਸ ਫੈਕਟਰੀ ਖ਼ਿਲਾਫ਼ ਚੱਲ ਰਿਹਾ ਹੈ। ਇਸ ਧਰਨੇ ’ਚ ਵੀ ਪੁਲੀਸ ਦੇ ਸੰਘਰਸ਼ ਖਦੇੜਨ ਦੀ ਸੂਚਨਾ ਮਿਲਣ ’ਤੇ ਲੋਕ ਇਕੱਠ ਹੋ ਗਏ ਪਰ ਦੋਵੇਂ ਥਾਵਾਂ ’ਤੇ ਸ਼ਾਮ ਤਕ ਕੋਈ ਪੁਲੀਸ ਕਾਰਵਾਈ ਨਾ ਹੋਈ। ਦੂਜੇ ਪਾਸੇ ਅਖਾੜਾ ਦੇ ਧਰਨੇ ’ਚ ਕੁਝ ਪੁਲੀਸ ਮੁਲਾਜ਼ਮ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਸਰਕਾਰ ਨਾਲ ਪੰਜ ਦੌਰ ਦੀ ਮੀਟਿੰਗ ਹੋ ਚੁੱਕੀ ਹੈ ਪਰ ਮਸਲੇ ਹੱਲ ਨਹੀਂ ਹੋਏ। ਇਹ ਫੈਕਟਰੀ ਕੈਂਸਰ ਸਮੇਤ ਹੋਰ ਭਿਆਨਕ ਬਿਮਾਰੀਆਂ ਦਾ ਕਾਰਨ ਬਣੇਗੀ।
ਘੁੰਗਰਾਲੀ ਰਾਜਪੂਤਾਂ ਫੈਕਟਰੀ ਖ਼ਿਲਾਫ਼ ਇਕਜੁੱਟ ਹੋਏ ਪਿੰਡ ਵਾਸੀ
ਖੰਨਾ (ਜੋਗਿੰਦਰ ਸਿੰਘ ਓਬਰਾਏ):
ਇਥੋਂ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਵਿਚ ਬਾਇਓਗੈਸ ਫ਼ੈਕਟਰੀ ਨੂੰ ਬੰਦ ਕਰਵਾਉਣ ਲਈ ਸਾਂਝੀ ਤਾਲਮੇਲ ਕਮੇਟੀ ਦੀ ਅਗਵਾਈ ਹੇਠਾਂ ਸੰਘਰਸ਼ ਜਾਰੀ ਹੈ। ਅੱਜ ਜਦੋਂ ਮੋਰਚੇ ਦੇ ਆਗੂਆਂ ਨੂੰ ਅਚਾਨਕ ਪੁਲੀਸ ਜਬਰ ਦੀ ਕਨਸੋਅ ਮਿਲੀ ਤਾਂ ਆਲੇ ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਪਰਿਵਾਰਾਂ ਸਣੇ ਧਰਨੇ ਵਿਚ ਸ਼ਮਲੂੀਅਤ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਦੇ ਆਗੂਆਂ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਦੂਸ਼ਿਤ ਅਤੇ ਕੈਂਸਰ ਵੰਡਦੀਆਂ ਫੈਕਟਰੀਆਂ ਤੁਰੰਤ ਬੰਦ ਕਰਕੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ ਜਾਵੇ ਨਹੀਂ ਤਾਂ ਲੋਕ ਜਲਦ ਹੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਇਸ ਸਰਕਾਰ ਨੂੰ ਚਲਦਾ ਕਰ ਦੇਣਗੇ। ਇਸ ਫ਼ੈਕਟਰੀ ਕਾਰਨ ਜਿੱਥੇ ਲੋਕ ਗੰਧਲਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ ਉੱਥੇ ਹੀ ਖੇਤੀ ਜ਼ਮੀਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਮੌਕੇ ਰਾਜਿੰਦਰ ਸਿੰਘ, ਬਲਵੰਤ ਸਿੰਘ, ਜਸਵੀਰ ਸਿੰਘ, ਮਨੋਹਰ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਮੌਜੂਦ ਸਨ।