ਪ੍ਰਦੂਸ਼ਣ ਤੋਂ ਅੱਕੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਇਕਜੁੱਟ
ਪੱਤਰ ਪ੍ਰੇਰਕ
ਚੇਤਨਪੁਰਾ, 12 ਜੁਲਾਈ
ਪਿੰਡ ਜਗਦੇਵ ਕਲਾਂ ਦੀ ਜੂਹ ਵਿੱਚ ਸਥਾਪਤ ਪੋਲਟਰੀ ਫਾਰਮ ਤੇ ਫੀਡ ਫੈਕਟਰੀ ਦੇ ਪ੍ਰਦੂਸ਼ਣ ਖ਼ਿਲਾਫ਼ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਟਹਿਲ ਸਿੰਘ ਚੇਤਨਪੁਰਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਕਲਵੰਤ ਸਿੰਘ ਮੱਲੂਨੰਗਲ ਦੀ ਅਗਵਾਈ ਵਿੱਚ ਇਕੱਠ ਕੀਤਾ। ਲੋਕਾਂ ਨੇ ਹੈਲਦੀ ਚੁਆਇਸ ਫੈਕਟਰੀ ’ਤੇ ਦੋਸ਼ ਲਾਇਆ ਕਿ ਇਸ ਵੱਲੋਂ ਸਥਾਪਿਤ ਪੋਲਟਰੀ ਫਾਰਮ ਵੱਲੋਂ ਧਰਤੀ ਹੇਠਲੇ ਪਾਣੀ ਤੇ ਇਲਾਕੇ ਦੀ ਹਵਾ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਪੋਲਟਰੀ ਫਾਰਮ ਵਿੱਚ ਵਰਤੇ ਜਾ ਰਹੇ ਪਾਣੀ ਦੇ ਨਿਕਾਸ ਅਤੇ ਸੁਧਾਈ ਦਾ ਕੋਈ ਪ੍ਰਬੰਧ ਨਹੀਂ ਹੈ। ਇਹ ਪਾਣੀ ਬੋਰਵੈੱਲ ਰਾਹੀਂ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਹੁਣ ਇੱਥੇ ਚਿਕਨ ਫੀਡ ਫੈਕਟਰੀ ਲਾ ਦਿੱਤੀ ਗਈ ਹੈ ਜੋ ਹੋਰ ਪਾਣੀ ਤੇ ਹਵਾ ਪ੍ਰਦੂਸ਼ਿਤ ਕਰੇਗੀ।
ਇਸ ਸਮੇਂ ਬਲਜਿੰਦਰ ਸਿੰਘ, ਦੀਪਕ ਸਿੰਘ, ਦਵਿੰਦਰ ਸਿੰਘ, ਜੁਗਰਾਜ ਸਿੰਘ, ਗੁਰਸ਼ਰਨ ਸਿੰਘ ਰਾਣੇਵਾਲੀ, ਗੁਰਪਾਲ ਸਿੰਘ ਮੱਲੂਨੰਗਲ, ਗੁਰਯੋਧ ਸਿੰਘ, ਜਗਜੀਤ ਸਿੰਘ ਸਹਿੰਸਰਾ, ਪਲਵਿੰਦਰ ਸਿੰਘ ਕਾਲਾ ਆਦਿ ’ਤੇ ਆਧਾਰਤ 27 ਮੈਂਬਰੀ ਐਕਸ਼ਨ ਕਮੇਟੀ ਬਣਾਈ ਗਈ।
ਇਸ ਸਬੰਧੀ ਪੋਲਟਰੀ ਫਾਰਮ ਦੇ ਮਾਲਕ ਗੁਰਪੂਰਨ ਸਿੰਘ ਨੇ ਕਿਹਾ ਕਿ ਉਹ ਨਾ ਕੋਈ ਬੋਰ ਕਰਵਾ ਰਹੇ ਹਨ ਅਤੇ ਨਾ ਹੀ ਕੋਈ ਚਿਕਨ ਫੈਕਟਰੀ ਲਗਾਈ ਜਾ ਰਹੀ ਹੈ। ਇਥੇ ਪਹਿਲਾਂ ਤੋਂ ਹੀ ਫੀਡ ਫੈਕਟਰੀ ਤੇ ਪੋਲਟਰੀ ਫਾਰਮ ਚੱਲ ਰਿਹਾ ਹੈ।