For the best experience, open
https://m.punjabitribuneonline.com
on your mobile browser.
Advertisement

ਕੰਢੀ ਦੇ ਪਿੰਡ ਖਡਿਆਲਾ ਦੇ ਲੋਕ ਅੱਜ ਨਹੀਂ ਚੁਣ ਸਕਣਗੇ ਪੰਚ-ਸਰਪੰਚ

08:40 AM Oct 15, 2024 IST
ਕੰਢੀ ਦੇ ਪਿੰਡ ਖਡਿਆਲਾ ਦੇ ਲੋਕ ਅੱਜ ਨਹੀਂ ਚੁਣ ਸਕਣਗੇ ਪੰਚ ਸਰਪੰਚ
ਕੰਢੀ ਦੇ ਪਿੰਡ ਖਡਿਆਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਇਮਾਰਤ।
Advertisement

ਜਗਜੀਤ ਸਿੰਘ
ਮੁਕੇਰੀਆਂ, 14 ਅਕਤੂਬਰ
ਪ੍ਰਸ਼ਾਸਨਿਕ ਖਾਮੀਆਂ ਕਰਕੇ ਕੰਢੀ ਖੇਤਰ ਦੇ ਬਲਾਕ ਤਲਵਾੜਾ ਅਧੀਨ ਆਉਂਦੇ ਪਿੰਡ ਖਡਿਆਲਾ (ਭਵਨੌਰ) ਵਿੱਚ ਭਲਕੇ ਵੋਟਾਂ ਨਹੀਂ ਪੈਣਗੀਆਂ।
ਪਿੰਡ ਦੀ ਸਰਪੰਚੀ ਦੀ ਸੀਟ ਐੱਸਸੀ ਰਿਜ਼ਰਵ ਹੋਣ ਕਰਕੇ ਕੋਈ ਵੀ ਚੋਣ ਲੜਨ ਦਾ ਚਾਹਵਾਨ ਉਮੀਦਵਾਰ ਨਿਰਧਾਰਿਤ ਸਮੇਂ ਅੰਦਰ ਆਪਣੇ ਦਸਤਾਵੇਜ਼ ਪੂਰੇ ਨਹੀਂ ਕਰ ਸਕਿਆ, ਜਿਸ ਕਾਰਨ ਪਿੰਡ ਵਿੱਚ ਨਾ ਤਾਂ ਕਿਸੇ ਸਰਪੰਚੀ ਤੇ ਨਾ ਹੀ ਪੰਚੀ ਦੇ ਉਮੀਦਵਾਰ ਨੇ ਕਾਗਜ਼ਾਤ ਦਾਖ਼ਲ ਕੀਤੇ ਹਨ। ਬੀਡੀਪੀਓ ਦਾ ਦਾਅਵਾ ਕੀਤਾ ਕਿ ਇਹ ਮਾਮਲਾ ਪਹਿਲਾਂ ਪਤਾ ਨਹੀਂ ਚੱਲਿਆ ਪਰ ਚੋਣ ਕਮਿਸ਼ਨ ਦੇ ਅਗਲੇ ਹੁਕਮਾਂ ਅਨੁਸਾਰ ਪਿੰਡ ਵਿੱਚ ਚੋਣ ਕਰਵਾ ਦਿੱਤੀ ਜਾਵੇਗੀ। ਪਿੰਡ ਵਾਸੀ ਉਂਕਾਰ ਸਿੰਘ ਨੇ ਦੱਸਿਆ ਕਿ ਖਿੱਚੋ-ਤਾਣ ਕਰਕੇ ਪਿੰਡ ਵਾਸੀਆਂ ’ਚ ਸਰਪੰਚ ਜਾਂ ਪੰਚ ਬਨਣ ਲਈ ਉਤਸ਼ਾਹ ਨਹੀਂ ਸੀ। ਲੋਕਾਂ ਦਾ ਮੰਨਣਾ ਸੀ ਕਿ ਪਹਿਲਾਂ ਤੋਂ ਚਲੇ ਆ ਰਹੇ ਸਰਪੰਚ-ਪੰਚ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕਰ ਦੇਣਗੇ ਪਰ ਚਾਰ ਅਕਤੂਬਰ ਨੂੰ ਪਤਾ ਲੱਗਿਆ ਕਿ ਪਿੰਡ ਦੇ ਕਿਸੇ ਵੀ ਵਿਅਕਤੀ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਕੀਤੇ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਕਿਸੇ ਵੀ ਪ੍ਰਸ਼ਾਸਨਿਕ ਜਾਂ ਪੰਚਾਇਤੀ ਅਧਿਕਾਰੀ ਨੇ ਇਸ ਸਬੰਧੀ ਪਿੰਡ ਵਾਲਿਆਂ ਨਾਲ ਰਾਬਤਾ ਵੀ ਨਹੀਂ ਕੀਤਾ। ਪਿੰਡ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਕਿਹਾ ਕਿ ਪਿੰਡ ਦੀ ਸਰਪੰਚੀ ਦੀ ਇਹ ਸੀਟ ਪਹਿਲਾਂ ਜਨਰਲ ਸੀ ਪਰ ਇਸ ਵਾਰ ਐੱਸਸੀ ਭਾਈਚਾਰੇ ਲਈ ਰਾਖਵੀਂ ਹੋ ਗਈ। ਪਿੰਡ ਦੀ ਵੋਟ ਕਰੀਬ 350 ਹੈ ਅਤੇ ਅਬਾਦੀ ਕਰੀਬ 500 ਹੈ। ਪਿੰਡ ਦੇ ਚਾਰ ਪੰਚ ਐੱਸਸੀ ਲਈ ਰਾਖਵੇਂ ਹਨ, ਜਦੋਂ ਕਿ ਇੱਕ ਜਨਰਲ ਉਮੀਦਵਾਰ ਲਈ ਹੈ। ਰਾਖਵਾਂਕਰਨ ਕਰਕੇ ਉਮੀਦਵਾਰ ਐੱਸਸੀ ਰਾਖਵੇਂਕਰਨ ਨਾਲ ਸਬੰਧਿਤ ਕਾਗਜ਼ਾਤ ਪੂਰੇ ਕਰਨ ਉਪਰੰਤ ਹੀ ਨਾਮਜ਼ਦਗੀ ਦਾਖ਼ਲ ਕਰ ਸਕਦੇ ਸਨ ਪਰ ਅਚਾਨਕ ਚੋਣਾਂ ਦੇ ਐਲਾਨ ਨਾਲ ਹੀ ਸੀਟਾਂ ਦੇ ਰਾਖਵੇਂਕਰਨ ਬਾਰੇ ਜਾਣਕਾਰੀ ਮਿਲਣ ਕਰਕੇ ਸਮਾਂ ਘੱਟ ਹੋਣ ਕਾਰਨ ਕੋਈ ਵੀ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਨਹੀਂ ਕਰ ਸਕਿਆ। ਦਸਤਾਵੇਜ਼ ਪੂਰੇ ਕਰਨ ਦੇ ਮਾਮਲੇ ਵਿੱਚ ਮਾਲ ਅਧਿਕਾਰੀਆਂ ਦੀ ਢਿੱਲ-ਮੱਠ ਵੀ ਅੜਿੱਕਾ ਬਣੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ਦੇ ਵਸਨੀਕ ਭਲਕੇ ਹੋਣ ਵਾਲੀ ਚੋਣ ਦਾ ਹਿੱਸਾ ਨਹੀਂ ਬਣ ਸਕਣਗੇ ਅਤੇ ਜੇਕਰ ਮੁੜ ਚੋਣ ਹੁੰਦੀ ਹੈ ਤਾਂ ਪਿੰਡ ਦੇ ਨੁਮਾਇੰਦਿਆਂ ਦੀ ਚੋਣ ਕੀਤੀ ਜਾਵੇਗੀ।

Advertisement

ਨਵੇਂ ਨੋਟੀਫਿਕੇਸ਼ਨ ਅਨੁਸਾਰ ਕਰਵਾਈਆਂ ਜਾਣਗੀਆਂ ਚੋਣਾਂ: ਬੀਡੀਪੀਓ

ਬੀਡੀਪੀਓ ਤਲਵਾੜਾ ਹੀਰਾ ਸਿੰਘ ਨੇ ਕਿਹਾ ਕਿ ਪਿੰਡ ਖਡਿਆਲਾ ਤੋਂ ਨਾਮਜ਼ਦਗੀਆਂ ਦਾਖਲ ਨਾ ਹੋਣ ਬਾਰੇ ਪਹਿਲਾਂ ਪਤਾ ਨਹੀਂ ਲੱਗਿਆ ਸੀ, ਇਸ ਕਰਕੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਜਾਣ ਵਾਲੇ ਨਵੇਂ ਨੋਟੀਫਿਕੇਸ਼ਨ ਅਨੁਸਾਰ ਚੋਣਾਂ ਕਰਵਾਈਆਂ ਜਾਣਗੀਆਂ।

Advertisement

Advertisement
Author Image

joginder kumar

View all posts

Advertisement