ਅਸਾਮ ਦੇ ਲੋਕ ਬਦਲਾਅ ਲਈ ‘ਝਾੜੂ’ ਦਾ ਬਟਨ ਦਬਾਉਣ: ਮਾਨ
ਟ੍ਰਿਬਿਊਨ ਨਿਊਜ਼ ਸਰਵਿਸ
ਸੋਨਿਤਪੁਰ (ਅਸਾਮ), 13 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਾਮ ਦੇ ਸੋਨਿਤਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਰਿਸ਼ੀ ਰਾਜ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਉਨ੍ਹਾਂ ਅਸਾਮ ਦੇ ਲੋਕਾਂ ਨੂੰ ਬਦਲਾਅ ਲਈ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ 2026 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਸੂਬੇ ਵਿੱਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ, ‘‘ਤੁਸੀਂ ਮੇਰੇ ਕੋਲੋਂ ਲਿਖ ਕੇ ਲੈ ਲਵੋ, ‘ਆਪ’ 2026 ਵਿੱਚ ਅਸਾਮ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਵੇਗੀ।’’ ਉਨ੍ਹਾਂ ਅੱਜ ਵਿਸਾਖੀ ਮੌਕੇ ਅਸਾਮ ਦੇ ਵਿਸ਼ਵਨਾਥ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਸ੍ਰੀ ਮਾਨ ਨੇ ਪੰਜਾਬ ਤੇ ਅਸਾਮ ਨੂੰ ਇਕੋ ਬਰਾਬਰ ਦੱਸਦਿਆਂ ਕਿਹਾ ਕਿ ਦੋਵੇਂ ਸੂਬੇ ਖੇਤੀ ਪ੍ਰਧਾਨ ਹਨ। ਇੱਥੋਂ ਦੇ ਲੋਕ ਚਾਹ ਦੀ ਖੇਤੀ ਕਰਦੇ ਹਨ ਜਦੋਂ ਕਿ ਪੰਜਾਬ ਦੇ ਲੋਕ ਕਣਕ, ਚਾਵਲ, ਗੰਨਾ ਅਤੇ ਕਪਾਹ ਦੀ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਅੰਨਦਾਤਾ ਭੁੱਖ ਨਾਲ ਮਰ ਰਿਹਾ ਹੈ ਕਿਉਂਕਿ ਮੌਜੂਦਾ ਸਰਕਾਰ ਕਿਸਾਨਾਂ ਦੀ ਬਜਾਏ ਕਾਰਪੋਰੇਟ ਵਰਗ ਲਈ ਕੰਮ ਕਰ ਰਹੀ ਹੈ। ਸ੍ਰੀ ਮਾਨ ਨੇ ਕਿਹਾ ਕਿ ਅਸਾਮ ਵਿੱਚ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਹਾਲਤ ਬਹੁਤ ਖਰਾਬ ਹੈ। ਇੱਥੇ ਮਜ਼ਦੂਰਾਂ ਨੂੰ 250 ਰੁਪਏ ਦਿਹਾੜੀ ਮਿਲਦੀ ਹੈ।
ਉਨ੍ਹਾਂ ਕਿਹਾ, ‘‘ਸਾਨੂੰ ਇੱਕ ਮੌਕਾ ਦਿਓ, ਅਸੀਂ ਮਜ਼ਦੂਰਾਂ ਦੀ ਦਿਹਾੜੀ ਵਧਾ ਕੇ 450 ਰੁਪਏ ਕਰਾਂਗੇ ਅਤੇ ਇਸ ਲਈ ਕਾਨੂੰਨ ਬਣਾਵਾਂਗੇ। ਸਰਕਾਰ ਬਣਨ ਤੋਂ ਬਾਅਦ ਅਸੀਂ ਪੰਜਾਬ ਵਿੱਚ ਵੀ ਤਨਖਾਹਾਂ ਵਧਾ ਦਿੱਤੀਆਂ ਹਨ।’’ ਸ੍ਰੀ ਮਾਨ ਨੇ ਅਸਾਮ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਮਾ ਦੀ ਪਤਨੀ ਦੇ ਆਪਣੇ ਕਈ ਪ੍ਰਾਈਵੇਟ ਸਕੂਲ ਹਨ। ਇਸੇ ਕਰਕੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਨਹੀਂ ਹੋ ਰਿਹਾ।