For the best experience, open
https://m.punjabitribuneonline.com
on your mobile browser.
Advertisement

‘ਆਪ’ ਸਰਕਾਰ ’ਤੇ ਲੋਕਾਂ ਦਾ ਭਰੋਸਾ ਨਹੀਂ ਰਿਹਾ: ਚੰਨੀ

07:41 AM Jun 06, 2024 IST
‘ਆਪ’ ਸਰਕਾਰ ’ਤੇ ਲੋਕਾਂ ਦਾ ਭਰੋਸਾ ਨਹੀਂ ਰਿਹਾ  ਚੰਨੀ
ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਆਉਂਦੇ ਹੋਏ ਚਰਨਜੀਤ ਸਿੰਘ ਚੰਨੀ ਤੇ ਹੋਰ ਆਗੂ।
Advertisement

ਸੰਜੀਵ ਬੱਬੀ/ਸੰਜੀਵ ਤੇਜਪਾਲ
ਚਮਕੌਰ ਸਾਹਿਬ/ਮੋਰਿੰਡਾ, 5 ਜੂਨ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਲੋਕ ਸਭਾ ਸੀਟ ਵੱਡੇ ਫ਼ਰਕ ਨਾਲ ਜਿੱਤਣ ਮਗਰੋਂ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਪੁੱਜਣ ’ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਡਾ. ਕੰਵਲਜੀਤ ਕੌਰ ਵੀ ਸਨ।

Advertisement

ਉਨ੍ਹਾਂ ਚਮਕੌਰ ਸਾਹਿਬ ਵਿੱਚ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਮੋਰਿੰਡਾ ਵਿੱਚ ਉਨ੍ਹਾਂ ਸਨਾਤਨ ਧਰਮ ਮੰਦਰ ਅਤੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਲੋਕਾਂ ਵਿੱਚੋਂ ਆਪਣਾ ਵਿਸ਼ਵਾਸ ਗੁਆ ਚੁੱਕੀ ਹੈ ਅਤੇ ਲੋਕਾਂ ਨੇ ਮੁੱਖ ਮੰਤਰੀ ਵੱਲੋਂ ਅਸਲ ਮੁੱਖ ਮੁੱਦਿਆਂ ਤੋਂ ਮੂੰਹ ਮੋੜ ਕੇ ਚੁਟਕਲੇ ਤੇ ਕਿੱਕਲੀਆਂ ਸੁਣਾਉਣ ਦੇ ਡਰਾਮੇ ਨੂੰ ਪਸੰਦ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਸਿਰਫ਼ ਤਿੰਨ ਸੀਟਾਂ ਹੀ ਜਿੱਤ ਸਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਲੋਕਾਂ ਦਾ ਹਮੇਸ਼ਾ ਰਿਣੀ ਰਹੇਗਾ ਅਤੇ ਪਹਿਲਾਂ ਵਾਂਗ ਸਿੰਘਾਂ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਦੀ ਸੇਵਾ ਨਿਰੰਤਰ ਜਾਰੀ ਰੱਖੇਗਾ। ਚੰਨੀ ਨੇ ਆਖਿਆ ਕਾਂਗਰਸ ਪਾਰਟੀ ਲੋਕਾਂ ਵੱਲੋਂ ਦਿੱਤੇ ਫਤਵੇ ਲਈ ਉਨ੍ਹਾਂ ਦੀ ਰਿਣੀ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਪਾਰਟੀ ਦੇ ਕਈ ਆਗੂ ਤੇ ਕਾਰਕੁਨ ਹਾਜ਼ਰ ਸਨ।

ਭਾਈ ਸਰਬਜੀਤ ਸਿੰਘ ਦਾ ਟਿੱਲਾ ਬਾਬਾ ਫ਼ਰੀਦ ਵਿਖੇ ਸਨਮਾਨ

ਭਾਈ ਸਰਬਜੀਤ ਸਿੰਘ ਦਾ ਸਨਮਾਨ ਕਰਦੇ ਹੋਏ ਮੋਹਤਬਰ।

ਫ਼ਰੀਦਕੋਟ (ਜਸਵੰਤ ਜੱਸ): ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਜ਼ਾਦ ਚੋਣ ਜਿੱਤਣ ਵਾਲੇ ਭਾਈ ਸਰਬਜੀਤ ਸਿੰਘ ਨੇ ਇੱਥੇ ਸਵੇਰੇ ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੇ ਸਮਰਥਕ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਭਾਈ ਸਰਬਜੀਤ ਸਿੰਘ ਦਾ ਸਨਮਾਨ ਕੀਤਾ ਗਿਆ। ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਹੁਣ ਉਹ ਪੱਕੇ ਤੌਰ ’ਤੇ ਫ਼ਰੀਦਕੋਟ ਦੇ ਵਾਸੀ ਬਣ ਗਏ ਹਨ ਅਤੇ ਇੱਥੋਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਜਲਦ ਹੀ ਉਹ ਪੂਰੇ ਹਲਕੇ ਦਾ ਦੁਬਾਰਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਜੇ ਕੇਂਦਰ ਅਤੇ ਪੰਜਾਬ ਸਰਕਾਰ ਰਲ ਕੇ ਇੱਥੇ ਕੋਈ ਸਨਅਤ ਲਾਉਂਦੀ ਹੈ ਤਾਂ ਇਸ ਹਲਕੇ ਵਿੱਚੋਂ ਬੇਰੁਜ਼ਗਾਰੀ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ।

ਮਲਵਿੰਦਰ ਕੰਗ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਆਪਣੀ ਚੋਣ ਸਬੰਧੀ ਡੀਸੀ-ਕਮ-ਚੋਣ ਅਧਿਕਾਰੀ ਡਾ. ਪ੍ਰੀਤੀ ਯਾਦਵ ਤੋਂ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਾਥੀਆਂ ਸਣੇ ਮੰਗਲਵਾਰ ਦੇਰ ਸ਼ਾਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੰਗ ਨੇ ਹਲਕੇ ਦੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵੋਟਰਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਬਹੁਮੁਖੀ ਵਿਕਾਸ ਸਬੰਧੀ ਉਨ੍ਹਾਂ ਕੋਲ ਕਈ ਯੋਜਨਾਵਾਂ ਹਨ ਤੇ ਇਲਾਕੇ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰਕੇ ਉਨ੍ਹਾਂ ’ਤੇ ਕੰਮ ਕੀਤਾ ਜਾਵੇਗਾ। ਇਸ ਉਪਰੰਤ ਉਹ ਆਪਣੇ ਸਾਥੀਆਂ ਸਮੇਤ ਮਾਤਾ ਨੈਣਾ ਦੇਵੀ ਮੰਦਰ ਮੱਥਾ ਟੇਕਣ ਤੇ ਸ਼ੁਕਰਾਨਾ ਕਰਨ ਲਈ ਪੁੱਜੇ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ, ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਤੇ ਡਾ. ਸੰਜੀਵ ਗੌਤਮ ਮੌਜੂਦ ਸਨ।

Advertisement
Author Image

joginder kumar

View all posts

Advertisement
Advertisement
×