ਬਾਇਓ ਗੈਸ ਪਲਾਂਟ ਤੇ ਡੰਪ ਬਣਨ ਖ਼ਿਲਾਫ਼ ਲੋਕ ਹੋਏ ਲਾਮਬੰਦ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 23 ਜੁਲਾਈ
ਸ਼ਹਿਰ ਵਾਸੀਆਂ ਅਤੇ ਵਪਾਰੀਆਂ ਦੀ ਮੀਟਿੰਗ ਇੱਥੇ ਜੰਝ ਘਰ ਵਿੱਚ ਹੋਈ। ਇਸ ਮੌਕੇ ਉਸ ਸਮਝੌਤੇ ਦਾ ਵਿਰੋਧ ਕੀਤਾ ਗਿਆ ਜਿਹੜਾ ਨਗਰ ਨਿਗਮ ਜਲੰਧਰ ਅਤੇ ਸਹਿਕਾਰੀ ਖੰਡ ਮਿੱਲ ਭੋਗਪੁਰ ਵਿਚਕਾਰ ਹੋਇਆ ਕਿ ਖੰਡ ਮਿੱਲ ਭੋਗਪੁਰ ਵਿੱਚ ਲੱਗ ਰਹੇ ਸੀਐੱਨਜੀ ਬਾਇਓ ਗੈਸ ਪਲਾਂਟ ਚਲਾਉਣ ਲਈ ਜਲੰਧਰ ਸ਼ਹਿਰ ਦਾ ਸਾਰਾ ਕੂੜਾ ਰੋਜ਼ਾਨਾ 70 ਟਨ ਖੰਡ ਮਿੱਲ ਭੋਗਪੁਰ ਦੀ ਜ਼ਮੀਨ ਵਿੱਚ ਡੰਪ ਬਣਾ ਕੇ ਸੁਟਿਆ ਜਾਵੇਗਾ। ਅਸ਼ਵਨੀ ਭੱਲਾ, ਰਾਕੇਸ਼ ਮਹਿਤਾ, ਲੱਕੀ ਤੂਰ, ਰਾਜ ਕੁਮਾਰ ਰਾਜਾ, ਭੁਪਿੰਦਰ ਸਿੰਘ ,ਬਹਿਲ ਅਤੇ ਕਿਸਾਨ ਆਗੂ ਬਲਵਿੰਦਰ ਸਿੰਘ ਮੱਲ੍ਹੀ ਨੇ ਪੰਜਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਐੱਨਜੀ ਬਾਇਓ ਗੈਸ ਪਲਾਂਟ ਖੰਡ ਮਿੱਲ ਦੇ ਨੇੜੇ ਲੱਗਣ ਨਾਲ ਧਰਤੀ ਹੇਠਲਾ ਪਾਣੀ ਅਤੇ ਹਵਾ ਪ੍ਰਦੂਸ਼ਿਤ ਹੋ ਜਾਣਗੇ ਜਿਸ ਨਾਲ ਸ਼ਹਿਰ ਸਣੇ 12 ਪਿੰਡ ਪ੍ਰਭਾਵਿਤ ਹੋਣਗੇ।
ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਉਹ ਖੰਡ ਮਿੱਲ ਵਿੱਚ ਨਾ ਗੈਸ ਪਲਾਂਟ ਅਤੇ ਨਾ ਕੂੜੇ ਦਾ ਡੰਪ ਬਣਨ ਦੇਣਗੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਤੋਂ ਇਲਾਵਾ ਉੱਚ ਸਰਕਾਰੀ ਅਫਸਰਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕੱਢ ਲੈਣਗੇ ਅਤੇ ਜੇ ਸਰਕਾਰ ਨੇ ਧੱਕੇਸ਼ਾਹੀ ਕੀਤੀ ਤਾਂ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਸੰਘਰਸ਼ ਕਰਨਗੇ। ਉਧਰ, ‘ਆਪ’ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਨੇ ਕਿਹਾ ਹੈ ਕਿ ਸੀਐੱਨਜੀ ਬਾਇਓ ਗੈਸ ਪਲਾਂਟ ਲੱਗਣ ਦਾ ਸਮਝੌਤਾ ਕਾਂਗਰਸ ਸਰਕਾਰ ਸਮੇਂ ਹੋਇਆ ਅਤੇ ਸ਼ਹਿਰ ਵਿੱਚ ਕੂੜੇ ਦਾ ਡੰਪ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਸਿਆਸੀ ਅਫ਼ਵਾਹਾਂ ਤੋਂ ਸੁਚੇਤ ਰਹਿਣ ਲਈ ਕਿਹਾ।
ਪਲਾਂਟ ਵਿੱਚ ਕੇਵਲ ਖੰਡ ਮਿੱਲ ਦੀ ਮੱਡ ਨੂੰ ਵਰਤਿਆ ਜਾਵੇਗਾ: ਐੱਮਡੀ
ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਖੰਡ ਮਿੱਲ ਭੋਗਪੁਰ ਵਿੱਚ ਲੱਗ ਰਿਹਾ ਸੀਐੱਨਜੀ ਬਾਇਓ ਗੈਸ ਪਲਾਂਟ ਕੇਵਲ ਖੰਡ ਮਿੱਲ ਮੱਡ (ਮੈਲ) ਨਾਲ ਹੀ ਗੈਸ ਤਿਆਰ ਕਰੇਗਾ। ਉਨ੍ਹਾਂ ਸਾਰੀਆਂ ਖਬਰਾਂ ਨੂੰ ਝੂਠ ਦਾ ਪੁਲੰਦਾ ਕਿਹਾ ਜਿਨ੍ਹਾਂ ਵਿੱਚ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਅਧਿਕਾਰੀਆਂ ਅਤੇ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਵਿਚਕਾਰ ਸਮਝੌਤਾ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਬਾਇਓ ਗੈਸ ਪਲਾਂਟ ਵਿੱਚ ਗੈਸ ਤਿਆਰ ਕਰਨ ਸਮੇਂ ਨਾ ਪਾਣੀ ਅਤੇ ਨਾ ਹੀ ਹਵਾ ਪ੍ਰਦੂਸ਼ਿਤ ਹੋਣਗੇ ਅਤੇ ਨਾ ਹੀ ਖ਼ਤਰੇ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਲਾਂਟ ਬਣਨ ਨਾਲ ਖੰਡ ਮਿੱਲ ਦੀ ਆਮਦਨ ਵਿੱਚ ਵਾਧਾ ਹੋਵੇਗਾ।