ਡੇਰਾਬੱਸੀ ਤੇ ਜ਼ੀਰਕਪੁਰ ਵਿੱਚ ਜਾਮ ਕਾਰਨ ਖੁਆਰ ਹੋਏ ਲੋਕ
ਹਰਜੀਤ ਸਿੰਘ
ਡੇਰਾਬੱਸੀ/ਜ਼ੀਰਕਪੁਰ, 24 ਜੁਲਾਈ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਅੱਜ ਸਵੇਰ ਤੋਂ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਜਾਮ ਲੱਗਿਆ ਰਿਹਾ। ਜਾਮ ਕਾਰਨ ਅੱਜ ਸਾਰਾ ਦਨਿ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਮ ਦਾ ਮੁੱਖ ਕਾਰਨ ਅੱਜ ਤੜਕੇ ਸਾਢੇ ਸੱਤ ਵਜੇ ਤੋਂ ਸਾਢੇ ਨੌਂ ਵਜੇ ਤੱਕ ਦੋ ਘੰਟੇ ਪਏ ਭਾਰੀ ਮੀਂਹ ਕਾਰਨ ਥਾਂ-ਥਾਂ ਪਾਣੀ ਭਰ ਗਿਆ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਰਹੀ। ਦੂਜੇ ਪਾਸੇ ਜ਼ੀਰਕਪੁਰ ਫਲਾਈਓਵਰ ’ਤੇ ਦੋ ਵਾਹਨਾਂ ਦੀ ਟੱਕਰ ਮਗਰੋਂ ਨੁਕਸਾਨੇ ਵਾਹਨਾਂ ਕਾਰਨ ਆਵਾਜਾਈ ਵਿੱਚ ਅੜਿੱਕਾ ਪੈਣਾ ਸ਼ੁਰੂ ਹੋ ਗਿਆ ’ਤੇ ਜਾਮ ਦੀ ਸਥਿਤੀ ਹੋਰ ਗੰਭੀਰ ਹੋ ਗਈ। ਸਵੇਰ ਅੱਠ ਵਜੇ ਲੱਗਿਆ ਜਾਮ ਚਾਰ ਘੰਟੇ ਮਗਰੋਂ ਦੁਪਹਿਰ ਕਰੀਬ 12 ਵਜੇ ਖੁੱਲ੍ਹਿਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਮੀਂਹ ਨਾਲ ਜ਼ੀਰਕਪੁਰ ਕੋਲ ਮੈਕਡੌਨਲਡ ਕੋਲ ਪਾਣੀ ਭਰਨ ਕਾਰਨ ਜਾਮ ਲੱਗਣਾ ਸ਼ੁਰੂ ਹੋ ਗਿਆ। ਇਹ ਜਾਮ ਵਧ ਕੇ ਡੇਰਾਬੱਸੀ ਤੱਕ ਪਹੁੰਚ ਗਿਆ। ਇਸ ਕਾਰਨ ਸਭ ਤੋਂ ਵਧ ਦਿੱਕਤ ਜ਼ੀਰਕਪੁਰ ਤੋਂ ਡੇਰਾਬੱਸੀ ਜਾਣ ਵਾਲੇ ਪਾਸੇ ਹਾਈਵੇਅ ’ਤੇ ਬਣੀ। ਜ਼ੀਰਕਪੁਰ ਤੋਂ ਲੈ ਕੇ ਡੇਰਾਬੱਸੀ ਤੱਕ ਕਈਂ ਕਿੱਲੋਮੀਟਰ ਤੱਕ ਜਾਮ ਲੱਗ ਗਿਆ। ਜ਼ੀਰਕਪੁਰ ਤੋਂ ਲੈ ਕੇ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਦੀ ਲਾਈਟ ਅਤੇ ਘੱਗਰ ਪੁਲ ’ਤੇ ਆਵਾਜਾਈ ਠੱਪ ਹੋ ਗਈ। ਸਵੇਰ ਅੱਠ ਵਜੇ ਤੋਂ ਲੈ ਕੇ 12 ਵਜੇ ਤੱਕ ਸੜਕ ’ਤੇ ਜਾਮ ਵਰਗੀ ਸਥਿਤੀ ਬਣੀ ਰਹੀ। ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਵੀ ਫੱਸੀ ਰਹੀ।