ਵੋਟਾਂ ਹੋਰ ਵਾਰਡ ’ਚ ਤਬਦੀਲ ਕਰਨ ’ਤੇ ਲੋਕਾਂ ਨੇ ਜਾਮ ਲਗਾਇਆ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 10 ਅਕਤੂਬਰ
ਇਥੋਂ ਨੇੜਲੇ ਪਿੰਡ ਨਮੋਲ ਵਾਸੀਆਂ ਨੇ ਅੱਜ ਪਿੰਡ ਵਿਚ ਵਾਰਡਬੰਦੀ ਖ਼ਿਲਾਫ਼ ਆਈਟੀਆਈ ਚੌਕ ਵਿਚ ਚੱਕਾ ਜਾਮ ਕੀਤਾ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਜਾਣਬੁੱਝ ਕੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਵੋਟਾਂ ਨੂੰ ਤੋੜਿਆ ਗਿਆ ਹੈ, ਜਿਸ ਕਾਰਨ ਉਨ੍ਹਾਂ ਅੰਦਰ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਹਾਈ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਹੈ। ਪਿੰਡ ਨਮੋਲ ਦੇ ਵਾਰਡ ਨੰਬਰ-2 ਦੇ ਵਾਸੀਆਂ ਬਲਜੀਤ ਸਿੰਘ ਨਮੋਲ, ਕੇਵਲ ਸਿੰਘ, ਮੱਖਣ ਸਿੰਘ, ਮੇਵਾ ਸਿੰਘ, ਸੰਦੀਪ ਸਿੰਘ, ਸੁੱਖਾ ਸਿੰਘ ਨੇ ਕਿਹਾ ਕਿ ਉਹ ਹਰ ਵਾਰ ਪੰਚਾਇਤੀ ਚੋਣਾਂ ਦੌਰਾਨ ਆਪਣੀ ਵੋਟ ਵਾਰਡ ਨੰਬਰ-2 ਵਿਚ ਹੀ ਪਾਉਂਦੇ ਹਨ ਪਰ ਇਸ ਵਾਰ ਵਾਰਡ ਨੰਬਰ-2 ਦੇ ਕਰੀਬ ਚਾਰ ਦਰਜਨ ਵੋਟਰਾਂ ਦੀਆਂ ਵੋਟਾਂ ਵਾਰਡ ਨੰਬਰ 3, 5, 7 ਅਤੇ 9 ਵਿਚ ਤਬਦੀਲ ਕਰ ਦਿੱਤੀਆਂ ਗਈਆਂ ਹਨ। ਉਹ ਕਰੀਬ ਹਫਤੇ ਤੋਂ ਅਧਿਕਾਰੀਆਂ ਕੋਲ ਗੇੜੇ ਮਾਰ ਚੁੱਕੇ ਹਨ ਪਰ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਵੋਟਾਂ ਮੁੜ ਵਾਰਡ ਨੰਬਰ-2 ਵਿਚ ਨਾ ਤਬਦੀਲ ਕੀਤੀਆਂ ਗਈਆਂ ਤਾਂ ਉਹ ਇਸ ਵਾਰਡ ਵਿਚ ਪੋਲਿੰਗ ਨਹੀਂ ਹੋਣ ਦੇਣਗੇ। ਇਸ ਮੌਕੇ ਬੰਤਾ ਸਿੰਘ, ਧਰਮ ਸਿੰਘ, ਚਮਕੌਰ ਸਿੰਘ, ਸੀਤਾ ਸਿੰਘ, ਗੁਰਪ੍ਰੀਤ ਕੌਰ, ਸ਼ਿੰਦਰ ਕੌਰ ਅਤੇ ਸੋਮਾ ਰਾਣੀ ਮੌਜੂਦ ਸਨ।