For the best experience, open
https://m.punjabitribuneonline.com
on your mobile browser.
Advertisement

ਗਾਜ਼ਾ ’ਚ ਲੋਕ ਸੁਰੱਖਿਆ, ਭੋਜਨ ਤੇ ਪਾਣੀ ਲਈ ਤਰਸੇ

08:17 AM Oct 16, 2023 IST
ਗਾਜ਼ਾ ’ਚ ਲੋਕ ਸੁਰੱਖਿਆ  ਭੋਜਨ ਤੇ ਪਾਣੀ ਲਈ ਤਰਸੇ
ਰਾਫ਼ਾ ’ਚ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਦੌਰਾਨ ਇਮਾਰਤ ’ਚੋਂ ਉੱਠਦਾ ਹੋਇਆ ਧੂੰਆਂ। -ਫੋਟੋ: ਪੀਟੀਆਈ
Advertisement

ਦੀਰ ਅਲ-ਬਾਲਾਹ, 15 ਅਕਤੂਬਰ
ਇਜ਼ਰਾਈਲ ਵੱਲੋਂ ਹਮਾਸ ਖ਼ਿਲਾਫ਼ ਜ਼ਮੀਨੀ ਕਾਰਵਾਈ ਦੇ ਖ਼ਦਸ਼ੇ ਦਰਮਿਆਨ ਗਾਜ਼ਾ ਦੇ 23 ਲੱਖ ਲੋਕ ਸੁਰੱਖਿਆ, ਭੋਜਨ ਅਤੇ ਪਾਣੀ ਲਈ ਤਰਸ ਗਏ ਹਨ। ਇਜ਼ਰਾਇਲੀ ਫ਼ੌਜ ਵੱਲੋਂ ਗਾਜ਼ਾ ਦਾ ਉੱਤਰੀ ਇਲਾਕਾ ਖਾਲੀ ਕਰਨ ਦਾ ਦਿੱਤਾ ਅਲਟੀਮੇਟਮ ਭਾਵੇਂ ਖ਼ਤਮ ਹੋ ਗਿਆ ਹੈ ਪਰ ਲੱਖਾਂ ਲੋਕ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਹਿਜਰਤ ਕਰ ਰਹੇ ਹਨ ਜਦਕਿ ਹੋਰਾਂ ਨੇ ਇਥੇ ਹਸਪਤਾਲਾਂ ’ਚ ਪਨਾਹ ਲੈ ਲਈ ਹੈ। ਇਜ਼ਰਾਈਲ ਵੱਲੋਂ ਖ਼ਿੱਤੇ ’ਚ ਅਮਰੀਕੀ ਜੰਗੀ ਬੇੜਿਆਂ ਦੀ ਤਾਇਨਾਤੀ ਨਾਲ ਇਜ਼ਰਾਇਲੀ ਫ਼ੌਜ ਨੇ ਗਾਜ਼ਾ ਸਰਹੱਦ ਦੇ ਆਲੇ-ਦੁਆਲੇ ਤੋਪਾਂ ਅਤੇ ਟੈਂਕਾਂ ਸਮੇਤ ਆਪਣੇ ਮੋਰਚੇ ਗੱਡ ਲਏ ਹਨ ਤਾਂ ਜੋ ਹਮਾਸ ਨੂੰ ਤਬਾਹ ਕੀਤਾ ਜਾ ਸਕੇ। ਗਾਜ਼ਾ ’ਚ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਈਂਧਣ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਹਸਪਤਾਲਾਂ ’ਚ ਹਜ਼ਾਰਾਂ ਲੋਕ ਮਰ ਸਕਦੇ ਹਨ। ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਇਜ਼ਰਾਇਲੀ ਕੈਬਨਿਟ ਮੀਟਿੰਗ ’ਚ ਕਿਹਾ ਕਿ ਜੇਕਰ ਹਮਾਸ ਸੋਚਦਾ ਹੈ ਕਿ ਉਹ ਇਜ਼ਰਾਇਲੀਆਂ ਨੂੰ ਤੋੜ ਦੇਵੇਗਾ ਤਾਂ ਉਹ ਭੁਲੇਖੇ ’ਚ ਹੈ। ਉਨ੍ਹਾਂ ਕਿਹਾ ਕਿ ਸਗੋਂ ਇਜ਼ਰਾਈਲ ਹਮਾਸ ਨੂੰ ਢਹਿ-ਢੇਰੀ ਕਰ ਦੇਵੇਗਾ। ਬੀਤੇ ਇਕ ਹਫ਼ਤੇ ਦੌਰਾਨ ਸਾਰਾ ਇਲਾਕਾ ਹਵਾਈ ਹਮਲਿਆਂ ਨਾਲ ਗੂੰਜ ਉੱਠਿਆ ਪਰ ਦਹਿਸ਼ਤੀਆਂ ਨੇ ਇਜ਼ਰਾਈਲ ’ਚ ਰਾਕੇਟ ਦਾਗਣੇ ਬੰਦ ਨਹੀਂ ਕੀਤੇ ਹਨ। ਫ਼ੌਜ ਨੇ ਕਿਹਾ ਕਿ ਉਹ ਦੱਖਣ ਵਾਲੇ ਇਕੱਲੇ ਰੂਟ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਕਰੇਗੀ। ਉਨ੍ਹਾਂ ਫਲਸਤੀਨੀਆਂ ਨੂੰ ਮੁੜ ਉੱਤਰੀ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਹੈ। ਇਜ਼ਰਾਇਲੀ ਫ਼ੌਜ ਦੇ ਮੁੱਖ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹੇਗਾਰੀ ਨੇ ਕਿਹਾ ਕਿ ਬਹੁਤ ਛੇਤੀ ਗਾਜ਼ਾ ਸਿਟੀ ’ਤੇ ਹਮਲਾ ਕੀਤਾ ਜਾਵੇਗਾ ਪਰ ਉਸ ਨੇ ਹਮਲੇ ਦੇ ਸਮੇਂ ਬਾਰੇ ਕੁਝ ਨਹੀਂ ਦੱਸਿਆ। ਇਜ਼ਰਾਈਲ ਨੇ ਕਿਹਾ ਕਿ ਉਨ੍ਹਾਂ ਬੀਤੀ ਰਾਤ ਦਹਿਸ਼ਤਗਰਦਾਂ ਦੇ 100 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਫਲਸਤੀਨੀ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਏਜੰਸੀ ਦੇ ਤਰਜਮਾਨ ਜੂਲੀਅਟ ਟਾਓਮਾ ਨੇ ਕਿਹਾ ਕਿ ਗਾਜ਼ਾ ’ਚੋਂ ਪਿਛਲੇ ਇਕ ਹਫ਼ਤੇ ਦੌਰਾਨ ਅੰਦਾਜ਼ਨ 10 ਲੱਖ ਲੋਕ ਹਿਜਰਤ ਕਰ ਚੁੱਕੇ ਹਨ। ਗਾਜ਼ਾ ਸਿਟੀ ਦੇ ਮੁੱਖ ਹਸਪਤਾਲ ਅਲ-ਸ਼ਿਫ਼ਾ ’ਚ 35 ਹਜ਼ਾਰ ਲੋਕ ਇਸ ਆਸ ’ਚ ਪਹੁੰਚ ਗਏ ਹਨ ਕਿ ਇਜ਼ਰਾਇਲੀ ਫ਼ੌਜ ਵੱਲੋਂ ਹਸਪਤਾਲ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸਲੀਮ ਨੇ ਕਿਹਾ ਕਿ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ ਅਤੇ ਪਾਣੀ ’ਤੇ ਈਂਧਣ ਦੀ ਕਮੀ ਹੁੰਦੀ ਜਾ ਰਹੀ ਹੈ। ਫਲਸਤੀਨੀਆਂ ਲਈ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਗਰਭਵਤੀ ਔਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਲਈ ਚਿੰਤਾ ਪ੍ਰਗਟਾਈ ਹੈ ਕਿਉਂਕਿ ਉਹ ਇਲਾਕਾ ਛੱਡ ਕੇ ਨਹੀਂ ਜਾ ਸਕਦੇ ਹਨ। ਏਜੰਸੀ ਨੇ ਇਜ਼ਰਾਈਲ ਨੂੰ ਆਮ ਨਾਗਰਿਕ, ਹਸਪਤਾਲ, ਸਕੂਲ, ਕਲੀਨਿਕ ਅਤੇ ਸੰਯੁਕਤ ਰਾਸ਼ਟਰ ਦੇ ਟਿਕਾਣਿਆਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਅਪੀਲ ਕੀਤੀ ਹੈ। ਦੱਖਣੀ ਕਸਬੇ ਖਾਨ ਯੂਨਿਸ ਦੇ ਨਾਸਿਰ ਹਸਪਤਾਲ ’ਚ ਜ਼ਖ਼ਮੀ ਭਰੇ ਹੋਏ ਹਨ। ਡਾਕਟਰ ਮੁਹੰਮਦ ਕੰਦੀਲ ਨੇ ਕਿਹਾ ਕਿ ਹਸਪਤਾਲ ’ਚ ਈਂਧਣ ਸੋਮਵਾਰ ਤੱਕ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 35 ਮਰੀਜ਼ ਆਈਸੀਯੂ ਅਤੇ 60 ਹੋਰ ਡਾਇਲੇਸਿਸ ’ਤੇ ਹਨ ਤੇ ਜੇਕਰ ਈਂਧਣ ਖ਼ਤਮ ਹੋ ਗਿਆ ਤਾਂ ਪੂਰੀ ਸਿਹਤ ਪ੍ਰਣਾਲੀ ਠੱਪ ਹੋ ਜਾਵੇਗੀ। ਉੱਤਰੀ ਗਾਜ਼ਾ ਦੇ ਕਮਲ ਅਦਵਾਨ ਹਸਪਤਾਲ ਦੇ ਡਾਕਟਰ ਹੁਸੈਮ ਅਬੂ ਸਾਫ਼ੀਆ ਨੇ ਕਿਹਾ ਕਿ ਇਜ਼ਰਾਇਲੀ ਹੁਕਮਾਂ ਦੇ ਬਾਵਜੂਦ ਉਹ ਹਸਪਤਾਲ ਖਾਲੀ ਨਹੀਂ ਕਰਨਗੇ। ਇਸ ਦੌਰਾਨ ਕੁਝ ਬੇਕਰੀਆਂ ਦੇ ਬੰਦ ਹੋਣ ਨਾਲ ਲੋਕਾਂ ਨੂੰ ਬ੍ਰੈੱਡ ਤੱਕ ਨਹੀਂ ਮਿਲ ਰਹੇ ਹਨ। ਇਜ਼ਰਾਈਲ ਵੱਲੋਂ ਪਾਣੀ ਦੀ ਸਪਲਾਈ ਕੱਟਣ ਕਾਰਨ ਲੋਕਾਂ ਨੂੰ ਖੂਹ ਦਾ ਖਾਰਾ ਪਾਣੀ ਪੀਣਾ ਪੈ ਰਿਹਾ ਹੈ। -ਏਪੀ

Advertisement

ਰਾਫ਼ਾ ’ਚ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਦੌਰਾਨ ਇਮਾਰਤ ’ਚੋਂ ਉੱਠਦਾ ਹੋਇਆ ਧੂੰਆਂ। -ਫੋਟੋ: ਪੀਟੀਆਈ

ਇਜ਼ਰਾਈਲ-ਹਮਾਸ ਜੰਗ ਹੁਣ ਤੱਕ ਦੀ ਸਭ ਤੋਂ ਘਾਤਕ

ਦੀਰ ਅਲ-ਬਾਲਾਹ: ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਮੌਜੂਦਾ ਜੰਗ ਦੌਰਾਨ 2329 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਫਲਸਤੀਨੀਆਂ ਲਈ ਗਾਜ਼ਾ ਦੀਆਂ ਪੰਜ ਜੰਗਾਂ ’ਚੋਂ ਇਹ ਸਭ ਤੋਂ ਮਾਰੂ ਜੰਗ ਰਹੀ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਐਤਵਾਰ ਨੂੰ ਇਜ਼ਰਾਈਲ ਅਤੇ ਹਮਾਸ ਵਿਚਕਾਰ 2014 ’ਚ ਹੋਈ ਤੀਜੀ ਜੰਗ ’ਚ ਮਾਰੇ ਗਏ 2251 ਫਲਸਤੀਨੀਆਂ ਨਾਲੋਂ ਜ਼ਿਆਦਾ ਹੋ ਗਈ ਸੀ। ਉਸ ਸਮੇਂ ਜੰਗ ਛੇ ਹਫ਼ਤੇ ਚੱਲੀ ਸੀ ਅਤੇ ਇਜ਼ਰਾਈਲ ’ਚ ਛੇ ਆਮ ਨਾਗਰਿਕਾਂ ਸਣੇ 74 ਵਿਅਕਤੀ ਹਲਾਕ ਹੋਏ ਸਨ। ਹਮਾਸ ਵੱਲੋਂ ਇਕ ਹਫ਼ਤਾ ਪਹਿਲਾਂ ਕੀਤੇ ਗਏ ਹਮਲੇ ’ਚ 1300 ਤੋਂ ਵੱਧ ਇਜ਼ਰਾਇਲੀ ਮਾਰੇ ਗਏ ਹਨ। ਸਾਲ 1973 ’ਚ ਮਿਸਰ ਅਤੇ ਸੀਰੀਆ ਵਿਚਕਾਰ ਹੋਈ ਜੰਗ ਤੋਂ ਬਾਅਦ ਇਜ਼ਰਾਈਲ ਲਈ ਇਹ ਸਭ ਤੋਂ ਮਾਰੂ ਜੰਗ ਹੈ। -ਏਪੀ

Advertisement

ਹਮਾਸ ਦਾ ਇਕ ਹੋਰ ਸੀਨੀਅਰ ਕਮਾਂਡਰ ਹਵਾਈ ਹਮਲੇ ’ਚ ਹਲਾਕ

ਤਲ ਅਵੀਵ: ਇਜ਼ਰਾਇਲੀ ਫ਼ੌਜ ਦੇ ਹਵਾਈ ਹਮਲੇ ’ਚ ਹਮਾਸ ਦਾ ਇਕ ਹੋਰ ਸੀਨੀਅਰ ਕਮਾਂਡਰ ਮਾਰਿਆ ਗਿਆ ਹੈ। ਇਜ਼ਰਾਇਲੀ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਕਿਹਾ ਕਿ ਨੁਖਬਾ ਯੂਨਿਟ ਦੀ ਦੱਖਣੀ ਖਾਨ ਯੂਨਿਸ ਬਟਾਲੀਅਨ ਦਾ ਕਮਾਂਡਰ ਬਿਲਾਲ ਅਲ-ਕੇਦਰਾ ਸ਼ਨਿ ਬੇਤ ਸੁਰੱਖਿਆ ਏਜੰਸੀ ਅਤੇ ਮਿਲਟਰੀ ਇੰਟੈਲੀਜੈਂਸ ਡਾਇਰੈਕਟੋਰੇਟ ਵੱਲੋਂ ਮੁਹੱਈਆ ਕਰਵਾਈ ਗਈ ਖ਼ੁਫ਼ੀਆ ਜਾਣਕਾਰੀ ਮਗਰੋਂ ਹਵਾਈ ਹਮਲੇ ’ਚ ਮਾਰਿਆ ਗਿਆ। ‘ਟਾਈਮਜ਼ ਆਫ਼ ਇਜ਼ਰਾਈਲ’ ਦੀ ਰਿਪੋਰਟ ਮੁਤਾਬਕ ਉਸ ਨੇ ਪਿਛਲੇ ਹਫ਼ਤੇ ਨਿਰੀਮ ਅਤੇ ਨੀਰ ਓਜ਼ ਦੇ ਦੱਖਣੀ ਭਾਈਚਾਰਿਆਂ ’ਤੇ ਜਾਨਲੇਵਾ ਹਮਲੇ ਕੀਤੇ ਸਨ। ਆਈਡੀਐੱਫ ਨੇ ਕਿਹਾ ਕਿ ਗਾਜ਼ਾ ਪੱਟੀ ’ਚ ਕੀਤੇ ਗਏ ਹਵਾਈ ਹਮਲਿਆਂ ’ਚ ਹਮਾਸ ਅਤੇ ਇਸਲਾਮਿਕ ਜਹਾਦ ਦੇ ਕਈ ਹੋਰ ਅਤਿਵਾਦੀ ਮਾਰੇ ਜਾ ਚੁੱਕੇ ਹਨ। -ਏਐੱਨਆਈ

ਬਾਇਡਨ ਨੇ ਨੇਤਨਯਾਹੂ ਅਤੇ ਅੱਬਾਸ ਨਾਲ ਕੀਤੀ ਗੱਲਬਾਤ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਗਾਜ਼ਾ ’ਚ ਵਧ ਰਹੇ ਤਣਾਅ ਦਰਮਿਆਨ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਅਤੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਵੱਖੋ ਵੱਖਰੇ ਤੌਰ ’ਤੇ ਫੋਨ ਉਤੇ ਗੱਲਬਾਤ ਕੀਤੀ। ਵ੍ਹਾਈਟ ਹਾਊਸ ਮੁਤਾਬਕ ਇਜ਼ਰਾਈਲ ਨੂੰ ਬਿਨਾ ਸ਼ਰਤ ਹਮਾਇਤ ਦੇਣ ਦਾ ਅਹਿਦ ਦੁਹਰਾਉਂਦਿਆਂ ਬਾਇਡਨ ਨੇ ਫਲਸਤੀਨ ਦੇ ਲੋਕਾਂ ਲਈ ਮਾਨਵੀ ਸਹਾਇਤਾ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਹੈ। ਬਾਇਡਨ ਨੇ ਅੱਬਾਸ ਨਾਲ ਗੱਲਬਾਤ ਦੌਰਾਨ ਇਜ਼ਰਾਈਲ ’ਤੇ ਹਮਾਸ ਦੇ ਹਮਲਿਆਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਅਤਿਵਾਦੀ ਗੁੱਟ ‘ਫਲਸਤੀਨ ਦੇ ਲੋਕਾਂ ਦੇ ਮਾਣ ਅਤੇ ਸਵੈਮਾਣ ਦੇ ਹੱਕ ਲਈ ਨਹੀਂ ਖੜ੍ਹਾ ਹੈ।’ ਉਨ੍ਹਾਂ ਗਾਜ਼ਾ ’ਚ ਆਮ ਲੋਕਾਂ ਤੱਕ ਜ਼ਰੂਰੀ ਵਸਤਾਂ, ਪਾਣੀ, ਭੋਜਨ ਅਤੇ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਬਾਰੇ ਅੱਬਾਸ ਨਾਲ ਵਿਚਾਰ ਵਟਾਂਦਰਾ ਕਰਦਿਆਂ ਅਮਰੀਕਾ ਵੱਲੋਂ ਸੰਯੁਕਤ ਰਾਸ਼ਟਰ, ਮਿਸਰ, ਜਾਰਡਨ, ਇਜ਼ਰਾਈਲ ਅਤੇ ਹੋਰਾਂ ਨਾਲ ਰਲ ਕੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਵੀ ਦਿੱਤੀ। ਰਾਸ਼ਟਰਪਤੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨਾਲ ਪਿਛਲੇ ਇਕ ਹਫ਼ਤੇ ਦੌਰਾਨ ਪੰਜਵੀਂ ਵਾਰ ਫੋਨ ਕੀਤਾ। ਦੋਵੇਂ ਆਗੂਆਂ ਨਾਲ ਗੱਲਬਾਤ ਦੌਰਾਨ ਬਾਇਡਨ ਨੇ ਟਕਰਾਅ ਹੋਰ ਵਧਣ ਤੋਂ ਰੋਕਣ ’ਤੇ ਜ਼ੋਰ ਦਿੱਤਾ। ਅੱਬਾਸ ਨੇ ਦੱਸਿਆ ਕਿ ਉਹ ਫਲਸਤੀਨੀਆਂ ਖਾਸ ਕਰਕੇ ਗਾਜ਼ਾ ਦੇ ਲੋਕਾਂ ਤੱਕ ਮਾਨਵੀ ਸਹਾਇਤਾ ਪਹੁੰਚਾਉਣ ਦੇ ਯਤਨਾਂ ’ਚ ਲੱਗੇ ਹੋਏ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਬਾਇਡਨ ਨੇ ਚੱਲ ਰਹੀਆਂ ਕੋਸ਼ਿਸ਼ਾਂ ’ਚ ਅੱਬਾਸ ਅਤੇ ਫਲਸਤੀਨੀ ਅਥਾਰਿਟੀ ਨੂੰ ਪੂਰੀ ਹਮਾਇਤ ਦੇਣ ਦੀ ਪੇਸ਼ਕਸ਼ ਕੀਤੀ। ਉਧਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ਨਿਚਰਵਾਰ ਨੂੰ ਆਪਣੇ ਚੀਨੀ ਹਮਰੁਤਬਾ ਵੈਂਗ ਯੀ ਨਾਲ ਗੱਲਬਾਤ ਕਰਕੇ ਖ਼ਿੱਤੇ ’ਚ ਸਥਿਰਤਾ ਬਹਾਲ ਰੱਖਣ ਦੀ ਅਹਿਮੀਅਤ ਬਾਰੇ ਵਿਚਾਰਾਂ ਕੀਤੀਆਂ। ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਨਿ ਨੇ ਯੂਐੱਸਐੱਸ ਡਵਾਈਟ ਡੀ ਆਈਜ਼ਨਹਾਵਰ ਕੈਰੀਅਰ ਸਟ੍ਰਾਈਕ ਗਰੁੱਪ ਨੂੰ ਪੂਰਬੀ ਭੂਮੱਧਸਾਗਰ ਵੱਲ ਵਧਣ ਦੇ ਨਿਰਦੇਸ਼ ਦਿੱਤੇ ਹਨ। ਇਹ ਜੰਗੀ ਬੇੜਾ ਯੂਐੱਸਐੱਸ ਜੇਰਾਲਡ ਆਰ ਫੋਰਡ ਕੈਰੀਅਰ ਸਟ੍ਰਾਈਕ ਗਰੁੱਪ ਨਾਲ ਜਾ ਕੇ ਰਲੇਗਾ ਜੋ ਪਿਛਲੇ ਹਫ਼ਤੇ ਤਾਇਨਾਤ ਹੋ ਚੁੱਕਾ ਹੈ। -ਪੀਟੀਆਈ

ਬੰਦੀ ਇਜ਼ਰਾਇਲੀ ਛੇਤੀ ਰਿਹਾਅ ਕੀਤੇ ਜਾਣ: ਪੋਪ

ਰੋਮ: ਪੋਪ ਫਰਾਂਸਿਸ ਨੇ ਹਮਾਸ ਵੱਲੋਂ ਬੰਦੀ ਬਣਾਏ ਗਏ ਇਜ਼ਰਾਇਲੀਆਂ ਨੂੰ ਰਿਹਾਅ ਕਰਨ ਦੀ ਅਪੀਲ ਦੁਹਰਾਉਂਦਿਆਂ ਕਿਹਾ ਕਿ ਗਾਜ਼ਾ ’ਚ ਘੇਰੇ ਗਏ ਲੋਕਾਂ ਨੂੰ ਮਾਨਵਤਾ ਦੇ ਆਧਾਰ ’ਤੇ ਲਾਂਘਾ ਪ੍ਰਦਾਨ ਕੀਤਾ ਜਾਵੇ। ਸੇਂਟ ਪੀਟਰਜ਼ ਸਕੁਏਅਰ ’ਚ ਐਤਵਾਰ ਨੂੰ ਪ੍ਰਾਰਥਨਾ ਦੌਰਾਨ ਪੋਪ ਨੇ ਕਿਹਾ ਕਿ ਉਹ ਇਜ਼ਰਾਈਲ ਅਤੇ ਫਲਸਤੀਨ ’ਚ ਵਾਪਰ ਰਹੇ ਘਟਨਾਕ੍ਰਮ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਬੱਚੇ, ਬਜ਼ੁਰਗ ਅਤੇ ਔਰਤਾਂ ਸੰਘਰਸ਼ ਦੌਰਾਨ ਨਿਸ਼ਾਨਾ ਨਾ ਬਣਾਏ ਜਾਣ। ਉਨ੍ਹਾਂ ਕਿਹਾ ਕਿ ਗਾਜ਼ਾ ’ਚ ਮਾਨਵੀ ਕਾਨੂੰਨ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਬਚਾਉਣ ਲਈ ਲਾਂਘੇ ਦੀ ਗਾਰੰਟੀ ਮਿਲਣੀ ਚਾਹੀਦੀ ਹੈ। ਪੋਪ ਨੇ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬੇਕਸੂਰਾਂ ਦਾ ਖੂਨ ਵਹਾਉਣ ਤੋਂ ਰੋਕਿਆ ਜਾਵੇ, ਉਹ ਭਾਵੇਂ ਪਵਿੱਤਰ ਧਰਤੀ ਹੋਵੇ ਜਾਂ ਯੂਕਰੇਨ, ਕਿਤੇ ਵੀ ਹਿੰਸਾ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਜੰਗ ਨਾਲ ਹਮੇਸ਼ਾ ਹਾਰ ਹੀ ਹੁੰਦੀ ਹੈ। -ਏਪੀ

Advertisement
Author Image

sukhwinder singh

View all posts

Advertisement