ਸੂਬੇ ਦੇ ਮੁੱਦਿਆਂ ਦੇ ਹੱਲ ਲਈ ਲੋਕਾਂ ਨੂੰ ਜਥੇਬੰਦ ਹੋਣਾ ਪਵੇਗਾ: ਰੁਪਾਲੋਂ
ਪੱਤਰ ਪ੍ਰੇਰਕ
ਪਾਇਲ, 14 ਅਕਤੂਬਰ
ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਭਾਈ ਸੰਦੀਪ ਸਿੰਘ ਰੁਪਾਲੋਂ ਨੇ ਪਿੰਡ ਲਾਪਰਾਂ ਵਿੱਚ ਕੀਤੀ ਗਈ ਇੱਕ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਰੁਲ ਰਹੀ ਹੈ ਤੇ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੀ ਫ਼ਸਲਾਂ ਦੀ ਖਰੀਦ ਲਈ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਮੁੱਦਿਆਂ ਦੇ ਹੱਲ ਕਰਨ ਲਈ ਆਪ ਜਥੇਬੰਦਕ ਹੋਣਾ ਪਵੇਗਾ। ਇਸ ਮੀਟਿੰਗ ਨੂੰ ਬਾਬਾ ਦਲਜੀਤ ਸਿੰਘ ਸੋਢੀ, ਕੈਪਟਨ ਗੁਰਦੀਪ ਸਿੰਘ ਲਸਾੜਾ, ਦਰਸ਼ਨ ਸਿੰਘ ਪਾਇਲ ਨੇ ਸੰਬੋਧਨ ਕੀਤਾ। ਇਸ ਮੌਕੇ ਪਿੰਡ ਲਾਪਰਾਂ ਦੇ ਨੌਜਵਾਨਾਂ ਵੱਲੋਂ ਸਮੁੱਚੀ ਟੀਮ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਕਰਨੈਲ ਸਿੰਘ ਪਾਇਲ, ਹਰਕਮਲਦੀਪ ਸਿੰਘ ਲਾਪਰਾਂ, ਗੁਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਬਲਬੀਰ ਸਿੰਘ, ਬੁੱਧ ਸਿੰਘ, ਦਵਿੰਦਰ ਸਿੰਘ, ਅਰਸ਼ਦੀਪ ਸਿੰਘ, ਪ੍ਰਭਜੋਤ ਸਿੰਘ, ਡਾ. ਗੁਰਬੀਰ ਸਿੰਘ, ਸਹਿਬਜੋਤ ਸਿੰਘ ਤੇ ਪ੍ਰਗਟ ਸਿੰਘ ਆਦਿ ਹਾਜ਼ਰ ਸਨ।