ਲੋਕਾਂ ਦਾ ਸਿਆਸੀ ਪਾਰਟੀਆਂ ਤੋਂ ਵਿਸ਼ਵਾਸ ਉੱਠਿਆ: ਠੰਡਲ
ਜਸਬੀਰ ਸਿੰਘ ਚਾਨਾ
ਫਗਵਾੜਾ, 21 ਮਈ
ਅਕਾਲੀ ਦਲ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਸੋਹਣ ਸਿੰਘ ਠੰਡਲ ਨੇ ਕਿਹਾ ਹੈ ਕਿ ਹੁਣ ਲੋਕਾਂ ਦਾ ਸਿਆਸੀ ਪਾਰਟੀਆਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਕਿਉਂਕਿ ਹੁਣ ਉਮੀਦਵਾਰਾਂ ਦਾ ਕੋਈ ਸਟੈਂਡ ਨਹੀਂ ਜਦਕਿ ਸਾਈਕਲ ਦਾ ਸਟੈਂਡ ਵੀ ਮਜ਼ਬੂਤ ਹੁੰਦਾ ਹੈ।
ਇਥੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਦੀ ਹਾਲਤ ਬਹੁਤੀ ਪਤਲੀ ਹੈ। ਪਹਿਲਾ ਤਿੰਨ ਸੀਟਾ ’ਤੇ ਉਮੀਦਵਾਰ ਖੜ੍ਹੇ ਕਰਨੇ ਹੁੰਦੇ ਸਨ ਪਰ ਹੁਣ 13 ਉਮੀਦਵਾਰ ਖੜ੍ਹੇ ਕਰਨੇ ਪੈਣ ਕਰਕੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੂੰ ਸੰਨ੍ਹ ਲਗਾਉਣੀ ਪਈ ਪਰ ਪਿੰਡਾਂ ’ਚ ਤਾਂ ਲੋਕ ਭਾਜਪਾ ਨੂੰ ਪਸੰਦ ਨਹੀਂ ਕਰ ਰਹੇ। ‘ਆਪ’ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੇ ਚੱਬੇਵਾਲ ਹਲਕੇ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ ਇਸ ਨੂੰ ਆਪ ’ਚ ਇਸ ਕਰ ਕੇ ਆਉਣਾ ਪਿਆ ਕਿਉਂਕਿ ਇਸ ਦੀ ਨਬਜ਼ ਸਰਕਾਰ ਦੇ ਹੱਥ ’ਚ ਸੀ।
ਉਨ੍ਹਾਂ ਕਿਹਾ ਕਿ ਇਸ ਪਾਰਟੀ ਕੋਲ ਵੀ ਉਮੀਦਵਾਰ ਨਾ ਹੋਣ ਕਰਕੇ ਇਨ੍ਹਾਂ ਨੂੰ ਆਪਣੇ ਮੰਤਰੀ ਤੇ ਦੂਸਰੇ ਪਾਰਟੀਆਂ ਦੇ ਲੋਕ ਖੜ੍ਹੇ ਕਰਕੇ ਉਮੀਦਵਾਰ ਬਣਾਉਣੇ ਪਏ। ਉਨ੍ਹਾਂ ਕਿਹਾ ਕਿ ਬਹੁਤ ਲੋਕ ਅਕਾਲੀ ਦਲ ਦੇ ਇਕੱਠੇ ਚੋਣ ਲੜਨ ਤੋਂ ਖੁਸ਼ ਹਨ ਤੇ ਚੰਗੇ ਨਤੀਜੇ ਸਾਹਮਣੇ ਆਉਣਗੇ।