ਹੜ੍ਹ ਪੀੜਤਾਂ ਦੀ ਮਦਦ ਲਈ ਲੋਕਾਂ ਵੱਲੋਂ ਦਿਲ ਖੋਲ੍ਹ ਕੇ ਆਏ ਅੱਗੇ
ਦੇਵਿੰਦਰ ਸਿੰਘ ਜੱਗੀ
ਪਾਇਲ, 19 ਜੁਲਾਈ
ਪੰਜਾਬ ਦੇ ਵੱਡੇ ਹਿੱਸੇ ਵਿੱਚ ਆਏ ਹੜ੍ਹਾਂ ਦੇ ਪਾਣੀ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਕੁਦਰਤ ਨੇ ਵੱਡਾ ਕਹਿਰ ਕੀਤਾ ਹੈ। ਹੜ੍ਹਾਂ ਦੇ ਪਾਣੀ ਨੇ ਭਾਰੀ ਤਬਾਹੀ ਮਚਾਉਂਦਿਆਂ ਹਰ ਵਰਗ ਦੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਕਾਰਨ ਜਿੱੱਥੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀ ਹੈ, ਉੱਥੇ ਹੀ ਸਾਲਾਂਬੱਧੀ ਮਿਹਨਤ ਨਾਲ ਕੀਤੀ ਕਮਾਈ ਨਾਲ ਬਣਾਏ ਲੋਕਾਂ ਦੇ ਮਕਾਨ ਵੀ ਢਹਿ-ਢੇਰੀ ਹੋ ਗਏ ਹਨ। ਇਸ ਮੁਸੀਬਤ ਦੀ ਘੜੀ ਵਿੱਚ ਪਾਣੀ ਦੀ ਮਾਰ ਝੱਲ ਰਹੇ ਜ਼ਿਲ੍ਹਾ ਪਟਿਆਲਾ ਦੇ ਹੜ੍ਹ ਪੀੜਤ ਇਲਾਕੇ ਦੇ ਲੋਕਾਂ ਦੀ ਸਹਾਇਤਾ ਲਈ ਗੁਰਦੁਆਰਾ ਹਰਗੋਬਿੰਦਪੁਰਾ ਸਾਹਬਿ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ ਜਰਗ ਤੇ ਨਗਰ ਵਾਸੀਆਂ ਦੇ ਵੱਡਮੁੱਲੇ ਸਹਿਯੋਗ ਨਾਲ ਪਸ਼ੂਆਂ ਲਈ ਸੁੱਕੇ ਤੇ ਹਰੇ ਚਾਰੇ ਦੀਆਂ ਭਰੀਆਂ ਟਰਾਲੀਆਂ ਤੇ ਹੋਰ ਸਮੱਗਰੀ ਵੀ ਭੇਜੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਪ੍ਰੀਤ ਸਿੰਘ ਮੰਡੇਰ ਨੇ ਕਿਹਾ ਕਿ ਕੁਦਰਤ ਦੇ ਕਹਿਰ ਮੌਕੇ ਆਮ ਲੋਕਾਂ ਦੀ ਸਹਾਇਤਾ ਕਰਨ ਦੇ ਨਾਲ-ਨਾਲ ਪਸ਼ੂਆਂ ਦੀ ਮਦਦ ਕਰਨਾ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਅੱਗੇ ਆਉਣ।
ਇਸ ਮੌਕੇ ਪ੍ਰਧਾਨ ਪ੍ਰਿਤਪਾਲ ਸਿੰਘ ਮੰਡੇਰ, ਦਵਿੰਦਰ ਸਿੰਘ, ਸਰਬਜੀਤ ਸਿੰਘ ਸਰਬੀ, ਕਮਲਜੀਤ ਸਿੰਘ ਪੱਪੂ, ਹਰਜੀਤ ਸਿੰਘ ਮੰਟੂ, ਅਮਨ ਮੰਡੇਰ ਜਰਗ, ਜਸਵੀਰ ਸਿੰਘ ਮੰਡੇਰ, ਪੰਚ ਗੁਰਪ੍ਰੀਤ ਸਿੰਘ ਗੁਰੀ ਸਣੇ ਹੋਰ ਵੀ ਪਤਵੰਤੇ ਹਾਜ਼ਰ ਸਨ।
ਮੱਲ੍ਹਾ ਵਾਸੀਆਂ ਨੇ ਸਰਦੂਲਗੜ੍ਹ ਇਲਾਕੇ ਲਈ ਰਸਦ ਭੇਜੀ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਗ੍ਰਾਮ ਪੰਚਾਇਤ ਪਿੰਡ ਮੱਲ੍ਹਾ ਨੇ ਐਨਆਰਆਈ ਪਰਿਵਾਰਾਂ ਦੇ ਸਹਿਯੋਗ ਨਾਲ ਹੜ੍ਹਾਂ ਦੀ ਮਾਰ ਹੇਠ ਆਏ ਜ਼ਿਲ੍ਹਾ ਮਾਨਸਾ ਅਤੇ ਸਰਦੂਲਗੜ੍ਹ ਵਾਸੀਆਂ ਲਈ ਰਾਸ਼ਨ ਦਾ ਪ੍ਰਬੰਧ ਕੀਤਾ। ਇਕੱਤਰ ਕੀਤਾ ਰਾਸ਼ਨ ਨੌਜਵਾਨ ਟਰਾਲੀਆਂ ਰਾਹੀਂ ਲੈ ਕੇ ਰਵਾਨਾ ਹੋਏ। ਸਰਪੰਚ ਹਰਬੰਸ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਮੱਲ੍ਹਾ ਦੇ ਨੌਜਵਾਨਾਂ ਦੇ ਯਤਨਾਂ ਸਦਕਾ ਦੋ ਟਰਾਲੀਆਂ ਚਾਰਾ ਅਤੇ ਇੱਕ ਟਰਾਲੀ ਵਿੱਚ ਆਟਾ, ਖੰਡ, ਚਾਹਪੱਤੀ, ਪਾਣੀ ਦੀਆਂ ਬੋਤਲਾਂ, ਦੁੱਧ, ਸਰ੍ਹੋਂ ਦਾ ਤੇਲ, ਘਿਓ ਤੇ ਸਾਬਣ ਆਦਿ ਸਾਮਾਨ ਭੇਜਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਉੱਦਮ ’ਚ ਮੱਲ੍ਹਾ ਦੇ ਪਰਵਾਸੀ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਸਰਪੰਚ ਢਿੱਲੋਂ ਨੇ ਹੜ੍ਹ ਪੀੜਤ ਇਲਾਕੇ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਇਸ ਤੋਂ ਇਲਾਵਾ ਜੇ ਹੋਰ ਕਿਸੇ ਵੀ ਵਸਤੂ ਦੀ ਲੋੜ ਹੋਵੇ, ਉਹ ਗ੍ਰਾਮ ਪੰਚਾਇਤ ਮੱਲ੍ਹਾ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਾਲਾਤ ਆਮ ਵਰਗੇ ਹੋਣ ਤਕ ਪਿੰਡ ਵਾਸੀਆਂ ਨੇ ਪੀੜਤਾਂ ਲਈ ਹਰ ਹਫ਼ਤੇ ਮਦਦ ਭੇਜਦੇ ਰਹਿਣ ਦਾ ਫ਼ੈਸਲਾ ਕੀਤਾ ਹੈ। ਇਸ ਸਹਿਯੋਗ ਲਈ ਉਨ੍ਹਾਂ ਪਰਵਾਸੀਆਂ ਪੰਜਾਬੀਆਂ, ਸਮੁੱਚੇ ਪਿੰਡ ਵਾਸੀਆਂ ਅਤੇ ਸੇਵਾ ਲਈ ਅੱਗੇ ਆਏ ਨੌਜਵਾਨਾਂ ਦਾ ਧੰਨਵਾਦ ਕੀਤਾ। ਇਸ ਸੇਵਾ ਮੌਕੇ ਗੁਰਪ੍ਰੀਤ ਸਿੰਘ, ਰਾਜ ਸਿੰਘ ਚਾਹਿਲ, ਪੰਚ ਸੁਖਵਿੰਦਰ ਸਿੰਘ, ਮਨਜੀਤ ਸਿੰਘ, ਬਿੱਲਾ ਸਿੰਘ, ਸਨੀ ਦਿਓਲ, ਸੁੱਖੀ ਦਿਓਲ, ਗੁਰਮਨਦੀਪ ਸਿੰਘ, ਕਾਕਾ ਸਿੰਘ, ਜਗਰੂਪ ਸਿੰਘ, ਮੇਹਰ ਸਿੰਘ, ਬੰਤ ਸਿੰਘ, ਦਰਸ਼ਨ ਸਿੰਘ, ਹੀਰਾ ਸਿੰਘ, ਪਰਮਜੀਤ ਸਿੰਘ, ਅਰਸ ਸਿੰਘ, ਬਿੱਕਰ ਸਿੰਘ ਆਦਿ ਹਾਜ਼ਰ ਸਨ।