ਮੀਂਹ ਮਗਰੋਂ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 25 ਜੂਨ
ਅੱਜ ਸ਼ਾਮ ਇੱਥੇ ਭਾਰੀ ਬਾਰਸ਼ ਹੋਣ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਭਾਰੀ ਬਾਰਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਆਵਾਜਾਈ ਪ੍ਰਭਾਵਤ ਹੋਈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ। ਇਸ ਦੌਰਾਨ ਬਿਜਲੀ ਦੇ ਲੰਮੇ ਕੱਟਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਕੀਤਾ ਸੀ।ਅੱਜ ਸ਼ਾਮ ਨੂੰ ਅਚਨਚੇਤੀ ਬੱਦਲਵਾਈ ਹੋਈ ਅਤੇ ਤੇਜ਼ ਹਵਾਵਾਂ ਦੇ ਨਾਲ ਬਾਰਸ਼ ਹੋਈ।
ਲਗਪਗ ਇਕ ਘੰਟੇ ਤੋਂ ਵੱਧ ਸਮਾਂ ਹੋਈ ਬਾਰਸ਼ ਨਾਲ ਸ਼ਹਿਰ ਜਲ-ਥਲ ਹੋ ਗਿਆ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੜਕਾਂ ‘ਤੇ ਪਾਣੀ ਖੜ੍ਹਾ ਹੋ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ। ਪਰ ਮੀਂਹ ਮਗਰੋਂ ਤਾਪਮਾਨ ਹੇਠਾਂ ਆਉਣ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਇਸ ਬਾਰਸ਼ ਨੂੰ ਝੋਨੇ ਦੀ ਲਵਾਈ ਦੇ ਸੀਜ਼ਨ ਵਿਚ ਲਾਹੇਵੰਦ ਦੱਸਿਆ ਗਿਆ ਹੈ।
ਉਧਰ, ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਝੋਨੇ ਦੀ ਲਵਾਈ ਵਿੱਚ ਉਨ੍ਹਾਂ ਨੂੰ ਪਾਣੀ ਦੀ ਸਮੱਸਿਆ ਨਹੀਂ ਆਵੇਗੀ। ਇਸੇ ਦੌਰਾਨ ਸ਼ਹਿਰ ‘ਚ ਤਿੰਨ -ਚਾਰ ਦਿਨਾਂ ਦੀ ਅਤਿ ਦੀ ਗਰਮੀ ਤੋਂ ਬਾਅਦ ਪਏ ਮੀਂਹ ਮਗਰੋਂ ਕਈ ਮੁਹੱਲਿਆਂ ‘ਚ ਬੱਚੇ ਵੀ ਮੀਂਹ ‘ਚ ਮਸਤੀਆਂ ਕਰਦੇ ਨਜ਼ਰ ਆਏ।
ਮੌਸਮ ਵਿਭਾਗ ਵੱਲੋਂ ਪੇਸ਼ੀਨਗੋਈ ਕੀਤੀ ਗਈ ਹੈ ਕਿ ਅਗਲੇ ਕੁਝ ਦਿਨ ਹੋਰ ਮੀਂਹ ਪੈ ਸਕਦਾ ਹੈ। ਅੱਜ ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟ ਤੋ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਿਹਾ ਹੈ।
ਝੱਖੜ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ
ਜਲੰਧਰ (ਪੱਤਰ ਪ੍ਰੇਰਕ): ਇਲਾਕੇ ਵਿਚ ਝੱਖੜ ਚਲਣ ਤੋਂ ਬਾਅਦ ਕਈ ਪਿੰਡਾਂ ਵਿਚ ਬਿਜਲੀ ਦੀ ਸਪਲਾਈ ਵਿਚ ਵਿਘਨ ਪਿਆ ਹੈ। ਆਦਮਪੁਰ ਇਲਾਕੇ ਦੇ ਕਈ ਪਿੰਡਾਂ ਵਿਚ ਡੇਢ ਘੰਟੇ ਤੋਂ ਵੱਧ ਸਮਾਂ ਬਿਜਲੀ ਬੰਦ ਰਹੀ। ਇਸੇ ਤਰ੍ਹਾਂ ਕਠਾਰ, ਲਾਂਬੜਾ, ਅਲਾਵਲਪੁਰ, ਰਹੀਮਪੁਰ, ਉੱਘੀ, ਆਂਧੀਂ ਤੇ ਹੋਰ ਪਿੰਡਾਂ ਵਿਚ ਬਿਜਲੀ ਦੁਪਹਿਰ ਤੋਂ ਬੰਦ ਪਈ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਪਾਸ ਮੁਲਾਜ਼ਮ ਦੀ ਘਾਟ ਹੋਣ ਕਾਰਨ ਅਤੇ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ ਵਿਭਾਗ ਦੇ ਅਧਿਕਾਰੀ ਬਿਜਲੀ ਦੀ ਸਪਲਾਈ ਬੰਦ ਕਰਨ ਨੂੰ ਕਹਿ ਦਿੰਦੇ ਹਨ ਜਿਸ ਕਾਰਨ ਕਈ ਵਾਰ ਤਾਂ ਕਾਫੀ ਸਮਾਂ ਬਿਜਲੀ ਬੰਦ ਰਹਿੰਦੀ ਹੈ ਤੇ ਲੋਕ ਬਿਜਲੀ ਦੇ ਨਾਲ ਨਾਲ ਪਾਣੀ ਦੀ ਸਪਲਾਈ ਨੂੰ ਤਰਸ ਜਾਂਦੇ ਹਨ।