ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ

08:15 PM Jun 29, 2023 IST
Advertisement

ਸ਼ਗਨ ਕਟਾਰੀਆ

ਬਠਿੰਡਾ, 26 ਜੂਨ

Advertisement

ਇਸ ਖੇਤਰ ‘ਚ ਮੀਂਹ ਦੀ ਤਸੱਲੀਬਖ਼ਸ਼ ਆਮਦ ਨੇ ਕਈ ਦਿਨਾਂ ਤੋਂ ਹੁੰਮਸ ਦੀ ਭੱਠੀ ‘ਚ ਖਿੱਲਾਂ ਵਾਂਗ ਭੁੱਜਦੀ ਲੋਕਾਈ ਨੂੰ ਸਕੂਨ ਬਖ਼ਸ਼ਿਆ ਹੈ। ਬਠਿੰਡਾ ਖੇਤਰ ‘ਚ ਅੱਜ 23 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ। ਮਾਲਵਾ ਖੇਤਰ ‘ਚ ਦੂਰ-ਦਰਾਜ ਤੱਕ ਮੀਂਹ ਪੈਣ ਦੀ ਸੂਚਨਾ ਹੈ। ਪਿਛਲੇ ਕਈ ਦਿਨਾਂ ਤੋਂ ਪੱਛੋਂ (ਪੱਛਮ ਦਿਸ਼ਾ ਵੱਲੋਂ ਹਵਾ) ਵਗਣ ਕਰਕੇ ਸਮੁੱਚੀ ਫ਼ਿਜ਼ਾ ‘ਚ ਤਿੱਖੀ ਹੁੰਮਸ ਕਾਰਨ ਖਿਝਾਊ ਵਾਤਾਵਰਨ ਸੀ। ਸ਼ਨਿੱਚਰਵਾਰ ਨੂੰ ਫ਼ਰੀਦਕੋਟ ‘ਚ ਗਰਮੀ ਦਾ ਪਾਰਾ 43 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ। ਦਿਨਾਂ ਤੋਂ ਇਲਾਵਾ ਰਾਤਾਂ ਦਾ ਪਾਰਾ ਵੀ 35 ਤੋਂ ਉੱਪਰ ਖੇਡਦਾ ਰਿਹਾ ਹੈ। ਅਜਿਹੀ ਸਥਿਤੀ ਪੈਦਾ ਹੋਣ ਨਾਲ ਬਿਜਲੀ ਦਾ ਲੋਡ ਵੀ ਸਿਖ਼ਰਾਂ ਛੋਹ ਰਿਹਾ ਸੀ। ਸਿੱਟੇ ਵਜੋਂ ਥਾਂ-ਥਾਂ ਬਿਜਲੀ ਸਪਲਾਈ ‘ਚ ਨੁਕਸ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ ਸਨ।

ਐਤਵਾਰ ਨੂੰ ਦਿਨ ਵਕਤ ਪੁਰਾ (ਪੂਰਬ ਦਿਸ਼ਾ ਵੱਲੋਂ ਹਵਾ) ਵਗਣ ਦੀ ਸ਼ੁਰੂਆਤ ਦੇ ਨਾਲ ਹੀ ਤਜਰਬੇਕਾਰਾਂ ਵੱਲੋਂ ਛੇਤੀ ਮੀਂਹ ਦੀਆਂ ਫ਼ੁਹਾਰਾਂ ਫੁੱਟਣ ਦੀ ਪੇਸ਼ੀਨਗੋਈ ਹੋਣ ਲੱਗੀ ਸੀ। ਲੰਘੀ ਰਾਤ ਚੱਕਵੇਂ ਪੈਰੀਂ ਬਹੁੜੀਆਂ ਕਾਲ਼ੀਆਂ ਘਟਾਵਾਂ ਨੇ ਇਸ ਖੇਤਰ ‘ਚ ਜੰਮ ਕੇ ਛਹਿਬਰ ਲਾਈ। 40 ਤੋਂ ਉੱਪਰ ਤਾਪਮਾਨ ਵਾਲੇ ਬਠਿੰਡਾ ‘ਚ ਅੱਜ ਵੱਧ ਤੋਂ ਵੱਧ ਤਾਪਮਾਨ 28.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਅੰਦਰ 30 ਜੂਨ ਤੱਕ ਰੁਕ-ਰੁਕ ਕੇ ਮੀਂਹ ਪੈਣ ਅਤੇ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿਣ ਦੀ ਉਮੀਦ ਹੈ। ਮਾਹਿਰ ਪੈ ਚੁੱਕੀ ਵਰਖਾ ਨੂੰ ਪ੍ਰੀ-ਮਾਨਸੂਨ ਕਾਰਵਾਈ ਮੰਨਦੇ ਹਨ ਅਤੇ ਉੁਨ੍ਹਾਂ ਅਨੁਸਾਰ ਇਕ-ਦੋ ਦਿਨਾਂ ‘ਚ ਮੌਨਸੂਨ ਦਾ ਆਗ਼ਾਜ਼ ਵੀ ਧੜੱਲੇਦਾਰ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉੱਤਰੀ ਭਾਰਤ ‘ਚ ਮੌਨਸੂਨ ਦੇ ਪਾਸਾਰ ਲਈ ਸਥਿਤੀ ਬੇਹੱਦ ਸਾਜ਼ਗਾਰ ਬਣੀ ਹੋਈ ਹੈ।

ਮਾਨਸਾ (ਪੱਤਰ ਪ੍ਰੇਰਕ): ਮਾਲਵਾ ਖੇਤਰ ਵਿੱਚ ਮੀਂਹ ਨਾਲ ਪਾਰਾ 10 ਡਿਗਰੀ ਹੇਠਾਂ ਡਿੱਗ ਪਿਆ ਹੈ। ਲੋਕਾਂ ਨੂੰ ਅੱਜ ਜਿੱਥੇ ਠੰਢੀਆਂ ਹਵਾਵਾਂ ਨੇ ਰਾਹਤ ਦਿੱਤੀ ਹੈ, ਉਥੇ ਲੋਕਾਂ ਦੀ ਘਰਾਂ ‘ਚ ਬਾਹਰ ਨਿਕਲਣ ਦੀ ਚਹਿਲ ਕਦਮੀ ਪਹਿਲਾਂ ਨਾਲੋਂ ਜ਼ਿਆਦਾ ਰੌਣਕੀ ਸੀ। ਅੱਜ ਹਵਾ 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਦੀ ਰਹੀ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਅਗਲੇ ਦੋ-ਤਿੰਨ ਦਿਨ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਮਾਲਵਾ ਖੇਤਰ ਵਿੱਚ ਗਰਜ਼-ਚਮਕ/ਤੇਜ਼ ਹਵਾਵਾਂ ਚੱਲਣ ਦੀ ਸੂਚਨਾ ਦਿੱਤੀ ਗਈ ਹੈ। ਇਹ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲਣ ਦਾ ਅਨੁਮਾਨ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਕਈ ਦਿਨ ਮਾਲਵਾ ਪੱਟੀ ਵਿੱਚ ਬੱਦਲ ਛਾਏ ਰਹਿਣਗੇ ਅਤੇ ਪ੍ਰੀ-ਮਾਨਸੂਨ ਨਾਲ ਕਿਤੇ ਮੋਟੀਆਂ ਅਤੇ ਕਿਤੇ ਹਲਕੀਆਂ-ਫੁਲਕੀਆਂ ਕਣੀਆਂ ਡਿੱਗਦੀਆਂ ਰਹਿਣਗੀਆਂ।

ਮੀਂਹ ਨੇ ਪਾਣੀ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ

ਸਿਰਸਾ (ਪ੍ਰਭੂ ਦਿਆਲ): ਇੱਥੇ ਦੇਰ ਰਾਤ ਪਏ ਭਰਵੇਂ ਮੀਂਹ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਾਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਵਿੱਚ ਭਰਵਾਂ ਮੀਂਹ ਪਿਆ ਹੈ। ਮੀਂਹ ਪੈਣ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਜਿਥੇ ਰਾਹਤ ਮਿਲੀ ਹੈ, ਉਥੇ ਹੀ ਝੋਨੇ ਦੀ ਲੁਆਈ ਨੇ ਜ਼ੋਰ ਫੜ ਲਿਆ ਹੈ। ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਦੀਆਂ ਅਨੇਕਾਂ ਸੜਕਾਂ ਤੇ ਗਲੀਆਂ ਪਾਣੀ ਨਾਲ ਭਰ ਗਈ। ਸੜਕਾਂ ‘ਤੇ ਪਾਣੀ ਭਰਨ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ। ਕਈ ਨਵੀਆਂ ਕਾਲੋਨੀਆਂ ‘ਚ ਵੀ ਪਾਣੀ ਭਰ ਗਿਆ ਹੈ।

ਮੀਂਹ ਕਾਰਨ ਮਾਈਨਰ ਵਿੱਚ ਪਾੜ ਪਿਆ

ਅਬਹੋਰ ਦੀ ਸੁਖਚੈਨ ਮਾਈਨਰ ਵਿੱਚ ਪਿਆ ਹੋਇਆ ਪਾੜ।

ਅਬੋਹਰ (ਸੁੰਦਰ ਨਾਥ ਆਰੀਆ): ਦੇਰ ਰਾਤ ਪਏ ਮੀਂਹ ਕਾਰਨ ਪਿੰਡਾਂ ਭਾਗੂ ਅਤੇ ਬਹਾਵਵਾਲਾ ਵਿੱਚੋਂ ਲੰਘਦੀ ਸੁਖਚੈਨ ਮਾਈਨਰ ਵਿੱਚ ਪਾੜ ਪੈਣ ਨਾਲ ਕਰੀਬ 50 ਏਕੜ ਨਰਮੇ ਦੀ ਫ਼ਸਲ ਵਿੱਚ ਪਾਣੀ ਭਰਨ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਆਲੇ-ਦੁਆਲੇ ਦੇ ਕਿਸਾਨਾਂ ਨੇ ਨਹਿਰ ਵਿੱਚ ਪਾੜ ਨੂੰ ਭਰਨਾ ਸ਼ੁਰੂ ਕਰ ਦਿੱਤਾ। ਕਿਸਾਨ ਕੁਲਦੀਪ ਸਿੰਘ, ਖੁਸ਼ਦੀਪ, ਮੇਵਾ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਭਾਗ ਵੱਲੋਂ ਇਸ ਨਹਿਰ ਦਾ ਓਵਰਫਲੋਅ ਘੱਟ ਕਰਨ ਲਈ ਰਸਤਾ ਦਿੱਤਾ ਗਿਆ ਸੀ, ਜਿਸ ਨੂੰ ਵਿਭਾਗ ਵੱਲੋਂ ਕੁਝ ਸਮਾਂ ਪਹਿਲਾਂ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਬੀਤੀ ਰਾਤ ਜਦੋਂ ਤੇਜ਼ ਮੀਂਹ ਪਿਆ ਤਾਂ ਨਹਿਰ ਦੇ ਓਵਰਫਲੋਅ ਹੋਣ ਕਾਰਨ ਨਹਿਰ ਵਿੱਚ ਕਰੀਬ 50 ਫੁੱਟ ਦਾ ਪਾੜ ਪੈ ਗਿਆ ਅਤੇ ਆਲੇ-ਦੁਆਲੇ ਦੇ ਖੇਤਾਂ ਵਿੱਚ ਖੜ੍ਹੀ ਨਰਮੇ ਦੀ ਫ਼ਸਲ ਡੁੱਬ ਗਈ। ਨਹਿਰ ਬਨਣ ਦਾ ਕੰਮ ਕਰ ਰਹੇ ਬੇਲਦਾਰ ਰਾਕੇਸ਼ ਨੇ ਦੱਸਿਆ ਕਿ ਨਹਿਰ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ‘ਤੇ ਪੁੱਜੇ ਅਤੇ ਵਿਭਾਗੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਜਿਨ੍ਹਾਂ ਦੇ ਹੁਕਮਾਂ ‘ਤੇ ਜੇਸੀਬੀ ਲਗਾ ਕੇ ਨਹਿਰ ਨੂੰ ਬੰਨ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਬਿਜਲੀ ਸਪਲਾਈ ਠੱਪ; ਲੋਕਾਂ ਵੱਲੋਂ ਰੋਸ ਮੁਜ਼ਾਹਰਾ

ਕਾਲਾਂਵਾਲੀ (ਪੱਤਰ ਪ੍ਰੇਰਕ): ਮੀਂਹ ਕਾਰਨ ਸ਼ਹਿਰ ਦੇ ਮਾਡਲ ਟਾਊਨ, ਅਨਾਜ ਮੰਡੀ, ਜੰਗੀਰ ਸਿੰਘ ਕਲੋਨੀ, ਪੁਰਾਣੀ ਮੰਡੀ ਅਤੇ ਦੇਸੂ ਰੋਡ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਸ਼ਹਿਰ ਵਾਸੀਆਂ ਵੱਲੋਂ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਬਿਜਲੀ ਸਪਲਾਈ ਠੱਪ ਹੋਣ ਸਬੰਧੀ ਸ਼ਿਕਾਇਤਾਂ ਦਿੱਤੀਆਂ ਪਰ ਕੋਈ ਕਾਰਵਾਈ ਨਾ ਹੋਣ ‘ਤੇ ਅੱਜ ਨਿਊ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਦੀਪ ਜੈਨ ਦੀ ਅਗਵਾਈ ਹੇਠ ਬਿਜਲੀ ਦਫ਼ਤਰ ਨੂੰ ਤਾਲਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਦਿੱਤਾ। ਸ਼ਹਿਰ ਵਾਸੀਆਂ ਨੇ ਬਿਜਲੀ ਮੰਤਰੀ ਅਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਦੇ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਸ਼ਾਮ ਨੂੰ ਬਿਜਲੀ ਸਪਲਾਈ ਹੋਣ ਤੋਂ ਬਾਅਦ ਇਹ ਧਰਨਾ ਚੁੱਕਾ ਦਿੱਤਾ ਗਿਆ।

Advertisement
Tags :
ਹੁੰਮਸਗਰਮੀਮੀਂਹਰਾਹਤਲੋਕਾਂ