ਮੀਂਹ ਦੇ ਛਰਾਟਿਆਂ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ
ਪਾਲ ਸਿੰਘ ਨੌਲੀ
ਜਲੰਧਰ, 5 ਜੂਨ
ਅਤਿ ਦੀ ਗਰਮੀ ਤੋਂ ਲੋਕਾਂ ਨੂੰ ਅੱਜ ਸ਼ਾਮ ਵੇਲੇ ਪਏ ਤੇਜ਼ ਮੀਂਹ ਨਾਲ ਰਾਹਤ ਮਿਲੀ ਹੈ। ਹਾਲਾਂਕਿ ਮੀਂਹ ਬਹੁਤ ਘੱਟ ਸਮਾਂ ਪਿਆ ਪਰ ਉਸ ਨਾਲ ਥੋੜੇ ਸਮੇਂ ਲਈ ਗਰਮੀ ਤੋਂ ਛੁਟਕਾਰਾ ਜ਼ਰੂਰ ਮਿਲ ਗਿਆ ਹੈ। ਮੀਂਹ ਪੈਣ ਤੋਂ ਪਹਿਲਾਂ ਤੇਜ਼ ਹਵਾਵਾਂ ਨਾਲ ਝੱਖੜ ਝੁਲਿਆ। ਸ਼ਹਿਰੀ ਇਲਾਕਿਆਂ ਵਿਚ ਤਾਂ ਝੱਖੜ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ। ਬਹੁਤ ਥਾਵਾਂ ’ਤੇ ਲੱਗੇ ਹੋਰਡਿੰਗ ਬੋਰਡ ਉਡ ਗਏ ਤੇ ਸ਼ਹਿਰ ਵਿੱਚ ਤਿੰਨ ਚਾਰ ਥਾਵਾਂ ’ਤੇ ਦਰੱਖਤਾਂ ਦੇ ਟਾਹਣੇ ਡਿੱਗਣ ਨਾਲ ਆਵਾਜਾਈ ਵਿੱਚ ਵਿਘਨ ਪੈ ਗਿਆ। ਤੇਜ਼ ਝੱਖੜ ਜਦੋਂ ਚੱਲ ਹੀ ਰਿਹਾ ਸੀ ਤਾਂ ਨਾਲ ਹੀ ਮੀਂਹ ਪੈਣ ਲੱਗ ਪਿਆ। ਆਸਮਾਨ ਵਿੱਚ ਜ਼ੋਰਦਾਰ ਬੱਦਲ ਗਰਜਦੇ ਰਹੇ ਤੇ ਬਿਜਲੀ ਲਿਸ਼ਕਦੀ ਰਹੀ। ਲੋਕਾਂ ਨੇ ਅੱਜ ਸ਼ਾਮ ਤੋਂ ਬਾਅਦ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਥੋੜੇ ਪਏ ਮੀਂਹ ਨਾਲ ਹੀ ਏਸੀ ਬੰਦ ਹੋ ਗਏ ਹਨ। ਹਾਲਾਂਕਿ ਦੁਪਹਿਰ ਵੇਲੇ ਤਾਪਮਾਨ 40 ਡਿਗਰੀ ਤੋਂ ਵੱਧ ਰਿਹਾ। ਮੀਂਹ ਪੈਣ ਨਾਲ ਪਾਰਾ ਡਿੱਗਿਆ ਤੇ ਇਹ 28 ਡਿਗਰੀ ਤੱਕ ਆ ਗਿਆ। ਮੌਸਮ ਵਿਭਾਗ ਅਨੁਸਾਰ ਦੋ ਦਿਨ ਤੱਕ ਤੇਜ਼ ਹਵਾਵਾਂ ਚੱਲਣ ਤੇ ਹਨ੍ਹੇਰੀ ਆਉਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਗਈਆਂ ਹਨ। ਮੀਂਹ ਦੇ ਤੇਜ਼ ਛਰਾਟੇ ਸ਼ਾਹਕੋਟ, ਨਕੋਦਰ, ਗੁਰਾਇਆ, ਫਿਲੌਰ, ਆਦਮਪੁਰ ਅਤੇ ਜਲੰਧਰ ਸ਼ਹਿਰ ਵਿਚ ਵੀ ਪਏ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਗੁਰੂ ਨਗਰੀ ਅੰਮ੍ਰਿਤਸਰ ਵਾਸੀਆਂ ਨੂੰ ਲੂ ਅਤੇ ਗਰਮੀ ਤੋਂ ਅੱਜ ਹਲਕੇ ਮੀਂਹ ਨਾਲ ਵੱਡੀ ਰਾਹਤ ਮਿਲੀ ਹੈ। ਸ਼ਾਮ ਸਮੇਂ ਚੱਲੀ ਮਿੱਟੀ ਘੱਟੇ ਵਾਲੀ ਤੇਜ਼ ਹਨੇਰੀ ਤੋਂ ਬਾਅਦ ਮਾਮੂਲੀ ਕਣੀਆਂ ਪਈਆਂ, ਜਿਸ ਨਾਲ ਵਾਤਾਵਰਨ ਖੁਸ਼ਗਵਾਰ ਹੋ ਗਿਆ। ਇਸ ਝੱਖੜ ਕਾਰਨ ਕਈ ਥਾਈਂ ਸੜਕਾਂ ’ਤੇ ਲੱਗੀਆਂ ਰੇਹੜੀਆਂ-ਫੜ੍ਹੀਆਂ ਵਾਲਿਆਂ ਦਾ ਸਾਮਾਨ ਅਤੇ ਦੁਕਾਨਦਾਰਾਂ ਵੱਲੋਂ ਬਾਹਰ ਰੱਖੇ ਸਟੈਂਡਿੰਗ ਬੋਰਡ ਵਗੈਰਾ ਵੀ ਉਡ ਗਏ। ਤੇਜ਼ ਹਵਾਵਾਂ ਰੁਕਣ ਤੋਂ ਬਾਅਦ ਖੁਸ਼ਗਵਾਰ ਮੌਸਮ ਅਤੇ ਠੰਢੀ ਹਵਾ ਦਾ ਆਨੰਦ ਮਾਨਣ ਲਈ ਕਈ ਲੋਕ ਗਲੀਆਂ, ਬਾਜ਼ਾਰਾਂ ਅਤੇ ਘਰਾਂ ਦੀਆਂ ਛੱਤਾਂ ’ਤੇ ਚੜ੍ਹੇ ਦਿਖਾਈ ਦਿੱਤੇ।
ਤੇਜ਼ ਹਨੇਰੀ ਕਾਰਨ ਦੋ ਘਰਾਂ ਦੀ ਛੱਤ ਤੇ ਕੰਧ ਡਿੱਗੀ
ਫਗਵਾੜਾ (ਜਸਬੀਰ ਸਿੰਘ ਚਾਨਾ): ਅੱਜ ਸ਼ਾਮ ਚੱਲੀ ਤੇਜ਼ ਹਨੇਰੀ ਕਾਰਨ ਇਥੋਂ ਦੇ ਟਿੱਬੀ ਮੁਹੱਲਾ ਵਿੱਚ ਇੱਕ ਘਰ ਦੀ ਕੰਧ ਤੇ ਇੱਕ ਦੀ ਛੱਤ ਡਿੱਗਣ ਦੀ ਸੂਚਨਾ ਮਿਲੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੰਜੈ ਕੁਮਾਰ ਨੇ ਦੱਸਿਆ ਕਿ ਅੱਜ ਸ਼ਾਮ ਆਈ ਤੇਜ਼ ਹਨ੍ਹੇਰੀ ਕਾਰਨ ਉਨ੍ਹਾਂ ਦੇ ਘਰ ਦੀ ਅਚਾਨਕ ਕੰਧ ਡਿੱਗ ਪਈ ਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਗੁਆਂਢੀਆਂ ਦੀ ਛੱਤ ਵੀ ਡਿੱਗ ਪਈ। ਇਸ ਤਰ੍ਹਾਂ ਮਹਿਲਾ ਭੋਲੀ ਨੇ ਦੱਸਿਆ ਕਿ ਗੁਆਂਢੀਆਂ ਦੀ ਕੰਧ ਡਿੱਗਣ ਦੇ ਚੱਲਦਿਆਂ ਉਨ੍ਹਾਂ ਦੇ ਘਰ ਦੀ ਵੀ ਛੱਤ ਡਿੱਗ ਪਈ, ਜਿਸ ਕਾਰਨ ਉਨ੍ਹਾਂ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।