ਸੇਵਾ ਕੇਂਦਰਾਂ ਨੇ ਸੁੱਕਣੇ ਪਾਏ ਲੋਕ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 10 ਜੂਨ
ਸਬ ਤਹਿਸੀਲ ਮਾਹਿਲਪੁਰ ਦੇ ਕੋਰਟ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਵਿੱਚ ਸਹੂਲਤਾਂ ਦੀ ਘਾਟ ਕਾਰਨ ਆਪਣੇ ਕੰਮਾਂ ਸਬੰਧੀ ਆਉਂਦੇ ਲੋਕਾਂ ਨੂੰ ਖੱਜਲ ਖੁਆਰ ਹੋ ਕੇ ਵਾਪਸ ਮੁੜਨਾ ਪੈ ਰਿਹਾ ਹੈ। ਦੱਸਣਾ ਬਣਦਾ ਹੈ ਕਿ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਆਨਲਾਈਨ ਕੰਮਾਂ ਸਬੰਧੀ ਇਕ ਛੱਤ ਹੇਠਾਂ ਕੰਮ ਹੋਣ ਦੇ ਦਾਅਵਿਆਂ ਨਾਲ ਤਿਆਰ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਅੱਜ ਕੱਲ੍ਹ ਜ਼ਿਆਦਾਤਾਰ ਲੋਕ ਆਪਣੇ ਆਧਾਰ ਕਾਰਡ ਦੀਆਂ ਗਲਤੀਆਂ ਦੇ ਦਰੁਸਤੀਕਰਨ ਅਤੇ ਕਾਰਡ ਦੇ ਨਵੀਨੀਕਰਨ ਸਬੰਧੀ ਪੁੱਜ ਰਹੇ ਹਨ। ਮਾਹਿਲਪੁਰ ਦੇ ਸੇਵਾ ਕੇਂਦਰ ਵਿੱਚ ਰੋਜ਼ਾਨਾ ਲੋਕਾਂ ਦੀ ਭੀੜ ਜਮ੍ਹਾਂ ਰਹਿੰਦੀ ਹੈ ਪਰ ਇੱਥੇ ਅਕਸਰ ਇੰਟਰਨੈੱਟ ਸੇਵਾਵਾਂ ਠੱਪ ਰਹਿੰਦੀਆਂ ਹਨ ਅਤੇ ਸਰਵਰ ਦੇ ਡਾਊਨ ਚੱਲਦੇ ਹੋਣ ਕਰਕੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆ ਨੂੰ ਅੱਜ ਕੱਲ੍ਹ ਵੱਖ ਵੱਖ ਕੋਰਸਾਂ ਵਿੱਚ ਦਾਖਲੇ ਸਬੰਧੀ ਜਾਤੀ ਸਰਟੀਫਿਕੇਟ, ਪੇਂਡੂ ਖੇਤਰ, ਪਛੜਾ ਵਰਗ ਅਤੇ ਕੰਢੀ ਖੇਤਰ ਦੇ ਸਰਟੀਫਿਕੇਟ ਦੀ ਵੀ ਲੋੜ ਪੈਂਦੀ ਹੈ ਪਰ ਸੇਵਾ ਕੇਂਦਰਾਂ ਵਿੱਚ ਲਗਦੀ ਵੱਡੀ ਭੀੜ ਕਰਕੇ ਉਨ੍ਹਾਂ ਨੂੰ ਵੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਸਰਕਾਰ ਨੇ ਡਿਜੀਟਲਾਈਜੇਸ਼ਨ ਦੇ ਨਾਮ ਉਤੇ ਸੇਵਾ ਕੇਂਦਰਾਂ ਦੀਆਂ ਸਾਰੀਆਂ ਸੇਵਾਵਾਂ ਇਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੀਆਂ ਹਨ ਜਦਕਿ ਕੰਪਨੀ ਦਾ ਕੰਮ ਤਸੱਲੀਬਖਸ਼ ਨਹੀਂ ਜਿਸ ਕਰਕੇ ਫੀਸਾਂ ਦੀ ਅਦਾਇਗੀ ਦੇ ਬਾਵਜੂਦ ਲੋਕਾਂ ਦੇ ਕੰਮ ਸਮੇਂ ਸਿਰ ਨਹੀਂ ਹੋ ਰਹੇ। ਇਨ੍ਹਾਂ ਸੇਵਾ ਕੇਂਦਰਾਂ ਵਿੱਚ ਐਸਸੀ, ਬੀਸੀ, ਰਿਹਾਇਸ਼ ਅਤੇ ਆਮਦਨ ਦਾ ਸਰਟੀਫਿਕੇਟ ਬਣਾਉਣ ਅਤੇ ਆਧਾਰ ਕਾਰਡਾਂ ਦੇ ਨਵੀਨੀਕਰਨ ਲਈ ਵੀ ਫੀਸਾਂ ਲਈਆਂ ਜਾਂਦੀਆਂ ਹਨ ਜੋ ਗਲਤ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ਵਿੱਚ ਵਿਸ਼ੇਸ਼ ਕਾਉਂਟਰ ਲਗਾ ਕੇ ਇਹ ਸਹੂਲਤਾਂ ਮੁਫਤ ਵਿੱਚ ਪ੍ਰਦਾਨ ਕੀਤੀਆਂ ਜਾਣ।
ਬਿਜਲੀ ਨਾ ਹੋਣ ਕਾਰਨ ਕੰਮ ਠੱਪ ਹੋਇਆ
ਫਗਵਾੜਾ (ਜਸਬੀਰ ਸਿੰਘ ਚਾਨਾ): ਇਥੋਂ ਦੇ ਤਹਿਸੀਲ ਕੰਪਲੈਂਕਸ ‘ਚ ਬਣੇ ਸੇਵਾ ਕੇਂਦਰ ‘ਚ ਯੋਗ ਸਹੂਲਤਾਂ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਈ ਲੋਕਾਂ ਨੂੰ ਅੱਜ ਵੀ ਖੱਜਲ ਖੁਆਰ ਹੋਣਾ ਪਿਆ। ਜਦੋਂ ਇਹ ਲੋਕ ਅੱਜ ਕੰਮ ਕਰਵਾਉਣ ਪੁੱਜੇ ਤਾਂ ਲਾਈਟ ਬੰਦ ਹੋਣ ਕਾਰਨ ਵੀ ਖੱਜਲ ਖੁਆਰੀ ਹੋਈ। ਉਨ੍ਹਾਂ ਨੂੰ ਸੇਵਾ ਕੇਂਦਰ ਦੇ ਜਨਰੇਟਰ ਦੀਆਂ ਤਾਰਾਂ ਚੋਰੀ ਹੋਣ ਕਾਰਨ ਵੀ ਤੰਗੀ ਭੁਗਤਣੀ ਪਈ। ਸੇਵਾ ਕੇਂਦਰ ਵਿਖੇ ਕੰਮ ਕਰਵਾਉਣ ਆਈ ਇੱਕ ਸੋਨੀਆ ਨੇ ਦੱਸਿਆ ਕਿ ਉਨ੍ਹਾਂ ਨੂੰ 39 ਨੰਬਰ ਟੋਕਨ ਮਿਲਿਆ ਸੀ ਪਰ ਉਸ ਨੂੰ ਦੋ ਦਿਨ ਕਾਫ਼ੀ ਤੰਗੀ ਝੱਲਣੀ ਪਈ। ਦੂਜੇ ਪਾਸੇ ਸੁਵਿਧਾ ਕੇਂਦਰ ਵਾਲਿਆਂ ਨੇ ਜਨਰੇਟਰ ਦੀ ਚੋਰੀ ਹੋਈ ਤਾਰ ਦਾ ਪ੍ਰਬੰਧ ਨਾ ਕੀਤਾ ਜਿਸ ਕਾਰਨ ਲੋਕ ਪ੍ਰੇਸ਼ਾਨ ਹੋਏ। ਇਸੇ ਤਰ੍ਹਾਂ ਰੋਹਿਤ ਨਾਮੀ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੂੰ 124 ਨੰਬਰ ਦਿੱਤਾ ਗਿਆ ਸੀ ਤੇ ਉਹ ਵੀ ਦੋ ਦਿਨ ਤੋਂ ਖੱਜਲ ਹੋ ਰਿਹਾ ਹੈ ਤੇ ਟੋਕਨਾਂ ਦੀ ਵਾਰੀ ਨੰਬਰ ਵਾਈਜ਼ ਨਹੀਂ ਆਉਂਦੀ। ਕਦੇ ਕਿਸੇ ਨੰਬਰ ਵਾਲੇ ਨੂੰ ਸੱਦਿਆ ਜਾਂਦਾ ਹੈ ਤੇ ਕਦੇ ਕਿਸੇ ਨੰਬਰ ਵਾਲੇ ਨੂੰ ਸੱਦ ਲਿਆ ਜਾਂਦਾ ਹੈ। ਇਸੇ ਤਰ੍ਹਾਂ ਕਮਲ ਸਰੋਚ ਨੇ ਅਜਿਹੇ ਦੋਸ਼ ਲਗਾਏ ਹਨ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਸਿਰਫ਼ ਪ੍ਰਚਾਰ ਤੱਕ ਹੀ ਗੱਲ ਨਾ ਕੀਤੀ ਜਾਵੇ ਬਲਕਿ ਸੇਵਾ ਕੇਂਦਰ ਦੇ ਪ੍ਰਬੰਧਕਾਂ ਨੂੰ ਸਹੂਲਤਾਂ ਯਕੀਨੀ ਬਣਾਉਣ ਤੇ ਇਨ੍ਹਾਂ ਦੇ ਪ੍ਰਬੰਧਾਂ ‘ਤੇ ਤਿੱਖੀ ਨਜ਼ਰ ਰੱਖਣ ਦੀ ਅਪੀਲ ਕੀਤੀ। ਸੇਵਾ ਕੇਂਦਰ ਦੀ ਸੀਨੀਅਰ ਅਪਰੇਟਰ ਨੇਹਾ ਚੋਪੜਾ ਨੇ ਕਿਹਾ ਕਿ ਤਾਰਾਂ ਚੋਰੀ ਹੋਣ ਬਾਰੇ ਸਾਨੂੰ ਅੱਜ ਪਤਾ ਲੱਗਾ ਹੈ ਤੇ ਉਹ ਅੱਜ ਰਿਪੋਰਟ ਲਿਖਵਾਉਣ ਜਾਣਗੇ।