ਸੜਕ ਬਣਵਾਉਣ ਲਈ ਲੋਕਾਂ ਨੇ ਸੰਘਰਸ਼ ਵਿੱਢਿਆ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 5 ਜੂਨ
ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਸਾਦਿਕ ਇਲਾਕੇ ਦੇ ਲੋੋਕਾਂ ਨੇ ਫਿਰੋਜ਼ਪੁਰ-ਮੁਕਤਸਰ ਰੋਡ ਬਣਵਾਉਣ ਨੂੰ ਲੈ ਕੇ ਚੱਕਾ ਜਾਮ ਕਰਕੇ ਸਰਕਾਰ ਖਿਲਾਫ਼ ਰੋੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਕਿੰਗਰਾ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਵਿੱਤ ਸਕੱਤਰ ਨੌ ਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਫਿਰੋਜ਼ਪੁਰ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਤੱਕ ਜਾਂਦੀ ਸੜਕ ਨੂੰ ਬਣਾਉਣ ਲਈ 6 ਜੂਨ ਨੂੰ ਇਸ ਰੋਡ ਨੂੰ 72 ਘੰਟਿਆਂ ਲਈ ਪੱਕੇ ਤੌਰ ‘ਤੇ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਬਨਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਲੋਕ ਸ਼ੰਘਰਸ਼ ਕਰ ਰਹੇ ਹਨ ਪਰ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ ਅਤੇ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੀ ਲੋਕਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਯੂਨੀਅਨ ਆਗੂਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਰੋਡ ਨੂੰ ਬਣਵਾਉਣ ਲਈ ਵੱਡੀ ਗਿਣਤੀ ਵਿੱਚ 6 ਜੂਨ ਨੂੰ ਸਾਦਿਕ ਦੇ ਨੇੜੇ ਪਿੰਡ ਢਿੱਲਵਾਂ ਖੁਰਦ ਦੀ ਕੱਸੀ ਦੇ ਪੁਲ ਤੇ ਪਹੁੰਚਣ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ, ਹਰਮੇਲ ਸਿੰਘ, ਜਗਦੀਪ ਸਿੰਘ, ਦੁਨੀ ਸਿੰਘ, ਕੇਸ਼ਵ ਅਜ਼ਾਦ , ਸੁਖਵੀਰ ਸਿੰਘ ਆਦਿ ਵੀ ਹਾਜ਼ਰ ਸਨ।