ਬਿਜਲੀ ਕੱਟਾਂ ਤੋਂ ਅੱਕੇ ਲੋਕਾਂ ਵੱਲੋਂ ਚੱਕਾ ਜਾਮ
ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਅਗਸਤ
ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੀ ਕਹਿਰ ਦੀ ਗਰਮੀ ਕਾਰਨ ਬਿਜਲੀ ਦੀ ਖਪਤ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਹੁੰਮਸ ਭਰੀ ਗਰਮੀ ਵਿਚ 24 ਘੰਟੇ ਘਰੇਲੂ ਬਿਜਲੀ ਸਪਲਾਈ ’ਚ ਅਣਐਲਾਨੇ ਲੰਬੇ-ਲੰਬੇ ਕੱਟ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਏ ਹਨ।
ਨਿਹਾਲ ਸਿੰਘ ਵਾਲਾ ਵਿੱਚ ਸਾਬਕਾ ਨਗਰ ਕੌਂਸਲ ਪ੍ਰਧਾਨ ਇੰਦਰਜੀਤ ਜੌਲੀ ਦੀ ਅਗਵਾਈ ਹੇਠ ਅਣਐਲਾਨੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਸ਼ਹਿਰੀਆਂ ਵੱਲੋਂ ਚੱਕਾ ਜਾਮ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਧਰਨਾਕਾਰੀਆਂ ਨੇ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ’ਤੇ ਤਨਜ਼ ਕੱਸਦੇ ਆਖਿਆ ‘‘ਮੁੱਖ ਮੰਤਰੀ ਜੀ, ਬਿੱਲ ਲੈ ਲਵੋ ਪਰ ਬਿਜਲੀ ਦੇਦੋ’’। ਉਨ੍ਹਾਂ ਕਿਹਾ ਕਿ ਕਹਿਰ ਦੀ ਗਰਮੀ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਅਜਿਹੇ ’ਚ ਲੋਕਾਂ ਨੂੰ ਸਿਰਫ ਬਿਜਲੀ ਹੀ ਰਾਹਤ ਦਿੰਦੀ ਹੈ ਕਿਉਂਕਿ ਲੋਕ ਗਰਮੀ ਤੋਂ ਬਚਾਅ ਲਈ ਪੱਖੇ, ਕੂਲਰ ਦਾ ਸਹਾਰਾ ਲੈਂਦੇ ਹਨ ਪਰ ਜੇਕਰ ਜਾਨਲੇਵਾ ਗਰਮੀ ਪੈ ਰਹੀ ਹੋਵੇ ਤੇ ਉਪਰੋਂ ਬਿਜਲੀ ਸਪਲਾਈ ਵੀ ਨਾ ਹੋਵੇ ਤਾਂ ਲੋਕਾਂ ’ਤੇ ਕੀ ਬੀਤ ਰਹੀ ਹੋਵੇਗੀ? ਇਹ ਤਕਲੀਫ਼ ਮਹਿਸੂਸ ਕਰਨ ਵਾਲੀ ਗੱਲ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ 36 ਘੰਟੇ ਤੋਂ ਵੱਧ ਬਿਜਲੀ ਬੰਦ ਰਹੀ ਤੇ ਕਈ ਇਲਾਕਿਆਂ ਵਿਚ ਪੂਰਾ ਦਿਨ ਪੱਖੀਆਂ ਝੱਲ ਕੇ ਸਮਾਂ ਲੰਘਾਉਣਾ ਪਿਆ ਹੈ। ਕੁਝ ਘੰਟੇ ਇਨਵਰਟਰ ਚੱਲਦੇ ਰਹੇ ਪਰ ਬਿਜਲੀ ਨਾ ਆਉਣ ਕਰ ਕੇ ਇਹ ਵੀ ਜਵਾਬ ਦੇ ਗਏ। ਗਰਮੀ ਦੇ ਮੌਸਮ ਵਿਚ ਜੇਕਰ ਬਿਜਲੀ ਨਾ ਹੋਵੇ ਤਾਂ ਜਿਊਣਾ ਮੁਹਾਲ ਹੋ ਜਾਂਦਾ ਹੈ। ਸਬਸਿਡੀਆਂ ਦੇ ਬੋਝ ਥੱਲੇ ਦੱਬਿਆ ਪਾਵਰਕੌਮ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ।