ਘੱਗਰ ਦੇ ਕਮਜ਼ੋਰ ਬੰਨ੍ਹ ਮਜ਼ਬੂਤ ਕਰਨ ’ਚ ਜੁਟੇ ਲੋਕ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 23 ਜੁਲਾਈ
ਹਰਿਆਣਾ-ਪੰਜਾਬ ਦੀ ਹੱਦ ’ਤੇ ਸਥਿਤ ਪਿੰਡ ਮੱਤੜ, ਲਹਿੰਗੇਵਾਲਾ, ਰੰਗਾ, ਢਾਣੀ ਦਿਲਬਾਗ ਸਿੰਘ, ਨਾਗੋਕੀ ਅਤੇ ਕਿਰਾੜਕੋਟ ਆਦਿ ਵਿੱਚ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਦਨਿ-ਰਾਤ ਸਖ਼ਤ ਮਿਹਨਤ ਨਾਲ ਚੱਲ ਰਿਹਾ ਹੈ ਜਿਸ ਕਾਰਨ ਇਹ ਬੰਨ੍ਹ ਅਜੇ ਤੱਕ ਨਹੀਂ ਟੁੱਟੇ ਜਦਕਿ ਬੁੱਢਾਭਾਣਾ, ਮੱਲੇਵਾਲਾ ਤੇ ਨੇਜਾਡੇਲਾ ਦੇ ਬੰਨ੍ਹ ਟੁੱਟ ਗਏ ਹਨ, ਜਦੋਂਕਿ ਘੱਗਰ ਦਰਿਆ ਦੇ ਦੱਖਣੀ ਪਾਸੇ ਕਈ ਥਾਵਾਂ ’ਤੇ ਹੜ੍ਹਾਂ ਨੇ ਬੰਨ੍ਹ ਤੋੜ ਕੇ ਤਬਾਹੀ ਮਚਾਈ ਹੈ।
ਪਿੰਡ ਮੁਸਾਹਿਬ ਵਾਲਾ, ਪਨਿਹਾਰੀ, ਬੁਰਜ ਕਰਮਗੜ੍ਹ, ਫਰਵਾਹੀ, ਨੇਜਾਡੇਲਾ ਕਲਾਂ ਵਿੱਚ ਪਿਛਲੇ ਦਨਿਾਂ ਵਿੱਚ ਬੰਨ੍ਹ ਟੁੱਟਣ ਕਾਰਨ ਕਾਫੀ ਨੁਕਸਾਨ ਹੋਇਆ ਸੀ, ਪਰ ਲੋਕਾਂ ਦੀ ਚੌਕਸੀ ਕਾਰਨ ਕਈ ਪਿੰਡਾਂ ਦੇ ਬੰਨ੍ਹ ਹਾਲੇ ਬਚੇ ਹੋਏ ਹਨ। ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਥੋੜ੍ਹਾ ਹੇਠਾਂ ਆ ਗਿਆ ਹੈ, ਜਿਸ ਕਾਰਨ ਪਿਛਲੇ ਕਈ ਦਨਿਾਂ ਤੋਂ ਹੜ੍ਹਾਂ ਤੋਂ ਚਿੰਤਤ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਪਰ ਫੇਰ ਵੀ ਲੋਕ ਅੱਜ ਵੀ ਦਨਿ-ਰਾਤ ਘੱਗਰ ਦਰਿਆ ਦੇ ਬੰਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ। ਇਸ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਤੋਂ ਗੁਰਦੁਆਰਿਆਂ ਦੇ ਸੇਵਾਦਾਰਾਂ ਵੱਲੋਂ ਘੱਗਰ ਦਰਿਆ ਦੇ ਦੋਵੇਂ ਪਾਸੇ ਸਮੇਂ-ਸਮੇਂ ’ਤੇ ਚਾਹ, ਪਾਣੀ ਅਤੇ ਲੰਗਰ ਦਾ ਪ੍ਰਬੰਧ ਲਗਾਤਾਰ ਕੀਤਾ ਜਾ ਰਿਹਾ ਹੈ। ਸਵੇਰੇ-ਸ਼ਾਮ ਲੰਗਰ ਤਿਆਰ ਕਰ ਕੇ ਘੱਗਰ ਨਦੀ ਦੇ ਕੰਢੇ ਪਹੁੰਚ ਰਿਹਾ ਹੈ। ਪਿੰਡਾਂ ਦੇ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।