ਰੰਗਾਈ ਉਦਯੋਗਾਂ ਵਿੱਚੋਂ ਉਡਦੀ ਸੁਆਹ ਕਾਰਨ ਲੋਕ ਪ੍ਰੇਸ਼ਾਨ
ਗਗਨਦੀਪ ਅਰੋੜਾ
ਲੁਧਿਆਣਾ, 24 ਫਰਵਰੀ
ਸਨਅਤੀ ਸ਼ਹਿਰ ਦੇ ਤਾਜਪੁਰ ਰੋਡ ਅਤੇ ਉਸ ਦੇ ਨਾਲ ਲੱਗਦੇ ਕਈ ਇਲਾਕਿਆਂ ਦੇ ਲੋਕ ਰੋਜ਼ਾਨਾਂ ਡਾਇੰਗਾਂ ਤੇ ਰੰਗਾਈ ਉਦਯੋਗਾਂ ਵੱਲੋਂ ਨਿਕਲਣ ਵਾਲੇ ਕਾਲੀ ਸੁਆਹ ਤੋਂ ਪ੍ਰੇਸ਼ਾਨ ਹੋ ਰਹੇ ਹਨ। ਇਸ ਕਾਰਨ ਲੋਕਾਂ ਦੇ ਘਰ ਦਾ ਸਾਮਾਨ ਤੇ ਕੱਪੜੇ ਤਾਂ ਖ਼ਰਾਬ ਹੋ ਹੀ ਰਹੇ ਹਨ, ਨਾਲ ਹੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਰੰਗਾਈ ਉਦਯੋਗਾਂ ਦੀਆਂ ਚਿਮਨੀਆਂ ਤੋਂ ਨਿਕਲਣ ਵਾਲੀ ਸੁਆਹ ਨਾ ਸਿਰਫ਼ ਹਵਾ ਨੂੰ ਦੂਸ਼ਿਤ ਕਰਦੀ ਹੈ, ਸਗੋਂ ਘਰਾਂ ਵਿੱਚ ਵੀ ਦਾਖਲ ਹੋ ਜਾਂਦੀ ਹੈ। ਇਸ ਸੁਆਹ ਕਰ ਕੇ ਤਾਜਪੁਰ ਰੋਡ, ਟਿੱਬਾ ਰੋਡ, ਭਾਮੀਆਂ ਅਤੇ ਨੇੜਲੇ ਇਲਾਕਿਆਂ ਵਿੱਚ ਲੋਕ ਵੱਧ ਪ੍ਰੇਸ਼ਾਨ ਹਨ। ਲੋਕਾਂ ਦਾ ਦੋਸ਼ ਹੈ ਕਿ ਇਸ ਮਾਮਲੇ ਵਿੱਚ ਉਹ ਕਈ ਵਾਰ ਨਗਰ ਨਿਗਮ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪਰ ਉਸ ਦੇ ਬਾਵਜੂਦ ਉਨ੍ਹਾਂ ਦਾ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ। ਜੀਕੇ ਅਸਟੇਟ ਭਾਮੀਆਂ ਖੁਰਦ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਦੱਸਿਆ ਕਿ ਪਿਛਲੇ 4 ਤੋਂ 5 ਸਾਲਾਂ ਤੋਂ ਇਲਾਕੇ ਵਿੱਚ ਗੰਧਲੀ ਹਵਾ ਤੇ ਘਰਾਂ ਵਿੱਚ ਇਕੱਠੀ ਹੁੰਦੀ ਕਾਲੀ ਸੁਆਹ ਕਾਰਨ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਇਲਾਕੇ ਤੋਂ ਕੁੱਝ ਦੂਰੀ ’ਤੇ ਹੀ ਡਾਇੰਗ ਯੂਨਿਟਾਂ ਦੀਆਂ ਚਿਮਨੀਆਂ ਵਿੱਚੋਂ ਪੂਰੀ ਰਾਤ ਕਾਲਾ ਧੂੰਆਂ ਨਿਕਲਦਾ , ਜਿਸ ਦੀ ਸੁਆਹ ਅਸਮਾਨ ਵਿੱਚ ਉਡਦੀ ਹੈ। ਮੁਹੱਲੇ ਵਿੱਚ ਬਾਹਰ ਖੜ੍ਹੀ ਚਿੱਟੀ ਕਾਰ ਵੀ ਕਾਲੀ ਹੋ ਜਾਂਦੀ ਹੈ। ਛੱਤਾਂ ’ਤੇ ਪਾਏ ਕੱਪੜਿਆਂ ’ਤੇ ਸੁਆਹ ਜੰਮ ਜਾਂਦੀ ਹੈ। ਘਰਾਂ ਵਿੱਚ ਦੋ ਤਿੰਨ ਵਾਰ ਸੁਆਹ ਇਕੱਠੀ ਕਰਨੀ ਪੈਂਦੀ ਹੈ। ਇਸ ਤਰ੍ਹਾਂ ਤਾਜਪੁਰ ਰੋਡ ਕੇਂਦਰੀ ਜੇਲ੍ਹ ਨੇੜੇ ਪ੍ਰੀਤ ਨਗਰ ਵਾਸੀ ਜੋਗਿੰਦਪਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਕਾਲੀ ਸੁਆਹ ਦੇ ਕਾਰਨ ਦਮੇ ਦੀ ਬਿਮਾਰੀ ਹੀ ਹੋ ਗਈ ਹੈ। ਅੱਖਾਂ ਦੀ ਬਿਮਾਰੀ ਤੋਂ ਹਰ ਬੰਦਾ ਪ੍ਰੇਸ਼ਾਨ ਹੋ ਰਿਹਾ ਹੈ, ਜਿਸਦਾ ਵੱਡਾ ਕਾਰਨ ਡਾਇੰਗ ਯੂਨਿਟਾਂ ਵਿੱਚੋਂ ਨਿਕਲਣ ਵਾਲਾ ਕਾਲਾ ਧੂੰਆਂ ਤੇ ਕਾਲੀ ਸੁਆਹ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਢਲਦੇ ਹੀ ਇਨ੍ਹਾਂ ਰੰਗਾਈ ਦੇ ਯੂਨਿਟਾਂ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੇ ਇਲਾਕੇ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਖਾਂ ਵਿੱਚ ਹਮੇਸ਼ਾ ਹੀ ਇਸ ਕਰਕੇ ਜਲਨ ਹੁੰਦੀ ਰਹਿੰਦੀ ਹੈ।
ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ਼ ਕਾਰਵਾਈ ਜਾਰੀ
ਪੀਪੀਸੀਬੀ ਦੇ ਇੰਜਨੀਅਰ ਪ੍ਰਦੀਪ ਗੁਪਤਾ ਦਾ ਕਹਿਣਾ ਹੈ ਕਿ ਇਹ ਕਲੋਨੀਆਾਂ ਸਨਅਤੀ ਸ਼ੇਤਰ ਦੇ ਨੇੜੇ ਹਨ ਪਰ ਫਿਰ ਵੀ ਵਿਭਾਗ ਰੰਗਾਈ ਯੂਨਿਟਾਂ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਪ੍ਰਦੂਸ਼ਣ ਫੈਲਾਉਣ ਵਾਲੀਆਂ ਕਈ ਸਨਅਤਾਂ ’ਤੇ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ ਤੇ ਅੱਗੇ ਵੀ ਕੀਤੀ ਜਾਏਗੀ।