ਪੁਸਤਕ ‘ਕਿੱਥੇ ਹੈ ਰਾਤ ਦਾ ਚੰਨ’ ਲੋਕ ਅਰਪਣ
ਪਾਲ ਸਿੰਘ ਨੌਲੀ
ਜਲੰਧਰ, 27 ਜੁਲਾਈ
ਕਾਮਰੇਡ ਅਮਲੋਕ ਸਿੰਘ ਦੁਆਰਾ ਸੰਪਾਦਤ ਮਹਾਂ ਕਾਵਿ ਸੰਗ੍ਰਹਿ ‘ਕਿੱਥੇ ਹੈ ਰਾਤ ਦਾ ਚੰਨ’ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿੱਚ ਲੋਕ ਅਰਪਣ ਕੀਤੀ ਗਈ। ਇਸ ਮਹਾਂ ਕਾਵਿ-ਸੰਗ੍ਰਹਿ ਵਿਚ ਪੰਜਾਬੀ, ਹਿੰਦੀ, ਉਰਦੂ ਸਮੇਤ ਲਹਿੰਦੇ ਪੰਜਾਬ ਦੀ ਸਿਹਤਮੰਦ, ਅਗਾਂਹਵਧੂ, ਲੋਕ-ਸਰੋਕਾਰਾਂ ਨਾਲ ਜੁੜੀ ਕਵਿਤਾ ਸਮੋਈ ਹੈ। ਇਸ ਵਿੱਚ ਨਾਗਰਿਕਤਾ ਹੱਕਾਂ ਦੀ ਰਾਖੀ ਲਈ ਸੀਏਏ, ਐੱਨਪੀਆਰ ਅਤੇ ਐੱਨਆਰਸੀ ਲਾਗੂ ਕਰਨ ਖ਼ਿਲਾਫ਼ ਕੀਤੇ ਸੰਘਰਸ਼ਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਪੁਸਤਕ ਦੇ ਸੰਪਾਦਕ ਅਮੋਲਕ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੀ ਆੜ ਹੇਠ ਲੋਕਾਂ ਵਿਰੁੱਧ ਵਿੱਢੇ ਗਏ ਚੌਤਰਫ਼ੇ ਹੱਲੇ, ਖ਼ਾਸ ਕਰਕੇ ਕਲਮ, ਕਲਾ, ਸਾਹਿਤ, ਸੱਭਿਆਚਾਰ, ਤਰਕਸ਼ੀਲ ਅਤੇ ਜਮਹੂਰੀ ਖੇਤਰ ਦੇ ਬੁੱਧੀਜੀਵੀਆਂ, ਕਵੀਆਂ, ਲੇਖਕਾਂ, ਜਮਹੂਰੀ ਕਾਮਿਆਂ ਉੱਪਰ ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਤਾੜ ਕੇ ਮੌਤ ਦੇ ਮੂੰਹ ਧੱਕੇ ਜਾਣ ਖ਼ਿਲਾਫ਼ ਸਿਰਜੀ ਗਈ ਵਿਗਿਆਨਕ ਅਤੇ ਲੋਕ-ਪੱਖੀ ਕਵਿਤਾ, ‘ਕਿੱਥੇ ਹੈ ਰਾਤ ਦਾ ਚੰਨ’ ਪੁਸਤਕ ਵਿਚ ਸ਼ਾਮਲ ਕੀਤੀ ਗਈ ਹੈ।
ਇਸ ਸੰਖੇਪ ਸਮਾਗਮ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ, ਕਵੀ ਸੁਰਜੀਤ ਜੱਜ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਮੀਤ ਪ੍ਰਧਾਨ ਹੰਸਾ ਸਿੰਘ ਅਤੇ ਪਲਸ ਮੰਚ ਦੇ ਪ੍ਰਧਾਨ, ਪੁਸਤਕ ਦੇ ਸੰਪਾਦਕ ਅਮੋਲਕ ਸਿੰਘ ਪ੍ਰਧਾਨਗੀ ਮੰਡਲ ’ਚ ਸੁਸ਼ੋਭਿਤ ਸਨ। ਪ੍ਰਧਾਨਗੀ ਮੰਡਲ ਅਤੇ ਪਲਸ ਮੰਚ ਦੇ ਖਜ਼ਾਨਚੀ ਕਸਤੂਰੀ ਲਾਲ, ਸੂਬਾ ਕਮੇਟੀ ਦੇ ਮੈਂਬਰ ਜਸਵਿੰਦਰ ਪੱਪੀ ਨਗਰ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਸਮਾਗਮ ਦਾ ਆਗਾਜ਼ ਮਾਨਵਤਾ ਕਲਾ ਮੰਚ ਨਗਰ (ਪਲਸ ਮੰਚ) ਦੀ ਕਲਾਕਾਰ ਨਰਗਿਸ ਦੁਆਰਾ ਫੈਜ਼ ਅਹਿਮਦ ਫੈਜ਼ ਦੀ ਕਵਿਤਾ ‘ਹਮ ਦੇਖੇਂਗੇ’ ਨਾਲ ਹੋਇਆ। ਸੰਪਾਦਕ ਨੇ ਬਾਬਾ ਬੂਝਾ ਸਿੰਘ, ਸ਼ਹੀਦ ਊਧਮ ਸਿੰਘ, ਸੁਰੇਂਦਰ ਹੇਮ ਜਯੋਤੀ, ਨੌਨਿਹਾਲ ਸਿੰਘ, ਸੰਤੋਖ ਸਿੰਘ ਤੱਗੜ ਅਤੇ ਹਰਮਿੰਦਰ ਪੁਰੇਵਾਲ ਨੂੰ ਯਾਦ ਕਰਦਿਆਂ ਆਪਣੀ ਗੱਲ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੁਸਤਕ ਲੋਕ ਅਰਪਣ ਕਰ ਰਹੇ ਹਾਂ ਤੇ ਦੂਜੇ ਪਾਸੇ ਪੰਜਾਬ ਭਰ ’ਚ ਨਵੇਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਕਿਸਾਨ ਮਾਰਚ ਹੋ ਰਹੇ ਹਨ। ਦੇਸ ਰਾਜ ਕਾਲੀ ਨੇ ਪੁਸਤਕ ਦੇ ਅਨੇਕਾਂ ਪਹਿਲੂਆਂ ’ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਇਹ ਨਾਗਰਿਕਤਾ ਹੱਕਾਂ ਦੀ ਰਾਖੀ ਲਈ ਉੱਠੀ ਆਵਾਜ਼ ਦਾ ਅਤੇ ਕਰੋਨਾ ਦੇ ਆੜ ’ਚ ਵਾਪਰ ਰਹੇ ਵਰਤਾਰਿਆਂ ਦਾ ਅਦਿੱਖ ਅਤੇ ਹਕੀਕੀ ਪੱਖ ਕਾਵਿ-ਕਲਾ ਰਾਹੀਂ ਰੂਪਮਾਨ ਕਰਨ ਵਾਲਾ ਕਾਵਿਕ ਦਸਤਾਵੇਜ਼ ਹੈ। ਸਮਾਗਮ ’ਚ ਹਾਜ਼ਰ ਕਵੀ ਮੱਖਣ ਮਾਨ, ਜਗੀਰ ਜੋਸਣ, ਦੀਪ ਦਿਲਬਰ, ਸ਼ਾਹਿਦ ਹਸਨ ਅਤੇ ਸ਼ਾਇਰ ਸੁਰਜੀਤ ਜੱਜ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀਨ ਨੂੰ ਭਵਿੱਖ ਦੀ ਬੁੱਕਲ ’ਚ ਸਮੋਏ ਗੰਭੀਰ ਖ਼ਤਰਿਆਂ ਬਾਰੇ ਚੌਕੰਨੇ ਕਰਦਿਆਂ ਹੱਕ, ਸੱਚ ਤੇ ਇਨਸਾਫ਼ ਦੀ ਆਵਾਜ਼ ਬਣਨ ਦਾ ਪੈਗ਼ਾਮ ਦਿੱਤਾ।